ਬਸੰਤ ਪੰਚਮੀ ਦਾ ਤਿਉਹਾਰ ਗਿਆਨ ਦੀ ਰੌਸ਼ਨੀ ਫੈਲਾਉਣ ਅਤੇ ਜੀਵਨ ’ਚ ਸਿੱਖਿਆ ਨੂੰ ਪਹਿਲ ਦੇਣ ਲਈ ਪ੍ਰੇਰਿਤ ਕਰਦੈ : ਡਾ. ਧਵਨ ਕੁਮਾਰ
ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿੱਦਿਅਕ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਵਿਸ਼ੇਸ਼ ਉਤਸ਼ਾਹ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਰਸਵਤੀ ਮਾਤਾ ਦੀ ਪੂਜਾ ਨਾਲ ਹੋਈ, ਜਿਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗਿਆਨ ਅਤੇ ਬੁੱਧੀ ਦੀ ਦੇਵੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਆਸ਼ੀਰਵਾਦ ਲਿਆ। ਇਸ ਪੂਜਾ ਵਿੱਚ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਦੇ ਨਾਲ-ਨਾਲ ਅਧਿਆਪਕ ਸਾਹਿਬਾਨ ਵਿਦਿਆਰਥੀਆਂ ਅਤੇ ਬਾਕੀ ਸਾਰੇ ਕਰਮਚਾਰੀਆਂ ਨੇ ਸ਼ਰਾਧਾ ਦਿਖਾਈ। ਸਕੂਲ ਦੇ ਬੱਚਿਆਂ ਨੇ ਸਰਸਵਤੀ ਵੰਦਨਾ ਗਾਈ ਅਤੇ ਬਸੰਤ ਪੰਚਮੀ ਦੀ ਮਹੱਤਤਾ ਬਿਆਨ ਕਰਦਿਆਂ ਭਾਸ਼ਣ ਦਿੱਤੇ। ਵੱਖ-ਵੱਖ ਕਲਾਤਮਕ ਪ੍ਰਦਰਸ਼ਨਾਂ ਨਾਲ ਇਸ ਸਮਾਰੋਹ ਨੂੰ ਰੰਗੀਨ ਬਣਾਇਆ ਗਿਆ। ਇਸ ਤਿਉਹਾਰ ਦੀ ਖੁਸ਼ੀ ਨੂੰ ਦੁੱਗਣਾ ਕਰਨ ਲਈ ਮਾਪਿਆਂ ਦੁਆਰਾ ਬੱਚਿਆਂ ਦੇ ਪੀਲੇ ਰੰਗ ਦੇ ਵਸਤਰ ਪਹਿਣਾ ਕੇ ਭੇਜਿਆ ਗਿਆ। ਵਿਦਿਆਰਥੀਆਂ ਨੇ ਇਕੱਠੇ ਬੈਠ ਕੇ ਤਿਉਹਾਰ ਨਾਲ ਸਬੰਧਤ ਪੀਲੇ ਭੋਜਨ ਦਾ ਆਨੰਦ ਲਿਆ, ਜੋ ਕਿ ਇਸ ਤਿਉਹਾਰ ਦੀ ਵਿਸ਼ੇਸ਼ਤਾ ਹੈ। ਇਸ ਤੋਂ ਇਲਾਵਾ ਸਕੂਲ ਦੇ ਹਰੇ ਭਰੇ ਗਰਾਊਂਡ ਵਿੱਚ ਵਿਦਿਆਰਥੀਆਂ ਨੇ ਪਤੰਗਬਾਜ਼ੀ ਦਾ ਆਨੰਦ ਵੀ ਮਾਣਿਆ। ਪ੍ਰਿੰਸੀਪਲ ਡਾ. ਧਵਨ ਕੁਮਾਰ ਨੇ ਬਸੰਤ ਪੰਚਮੀ ਦੇ ਧਾਰਮਿਕ ਅਤੇ ਸਿੱਖਿਆਤਮਕ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਭ ਨੂੰ ਗਿਆਨ ਦੀ ਰੌਸ਼ਨੀ ਫੈਲਾਉਣ ਅਤੇ ਆਪਣੇ ਜੀਵਨ ਵਿੱਚ ਸਿੱਖਿਆ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ। ਇਸ ਤਰੀਕੇ ਨਾਲ, ਬਸੰਤ ਪੰਚਮੀ ਦਾ ਇਹ ਤਿਉਹਾਰ ਬਹੁਤ ਧਾਰਮਿਕਤਾ, ਉਤਸ਼ਾਹ ਅਤੇ ਖੁਸ਼ਹਾਲੀ ਨਾਲ ਮਨਾਇਆ ਗਿਆ।