ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਪੰਜਾਬ ਕਿਸਾਨ ਮੋਰਚਾ ਦੀ ਕੋਆਪਰੇਟਿਵ ਟੀਮ ਦੀ ਸੂਬਾ ਇਕਾਈ ਦੇ ਸੰਯੋਜਕ ਅਤੇ ਮੈਂਬਰ ਟੈਲੀਕਾਮ ਅਡਵਾਇਜਰੀ ਕਮੇਟੀ ਫਿਰੋਜ਼ਪੁਰ ਸ੍ਰੀ ਹਰਦੀਪ ਸ਼ਰਮਾ ਜੀ ਨੇ ਕਿਹਾ ਭਾਜਪਾ ਦੀ ਕੇਂਦਰੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਲੋਕਪੱਖੀ ਹੈ। ਇਸ ਬਜਟ ਨਾਲ ਸਰਕਾਰ ਨੇ ਹਰ ਵਰਗ ਦਾ ਦਿਲ ਜਿੱਤ ਲਿਆ ਹੈ। ਉਹਨਾਂ ਕਿਹਾ ਕਿ ਹਰ ਵਰਗ ਅੱਜ ਭਾਜਪਾ ਦੀਆਂ ਨੀਤੀਆਂ ਨੂੰ ਸਮਝ ਚੁੱਕਾ ਹੈ। ਬਜਟ ਵਿੱਚ ਆਮਦਨ ਕਰ ਸੰਬੰਧੀ ਵੱਡੀ ਰਾਹਤ ਦਿੱਤੀ ਗਈ ਹੈ। ਨਵੀਂ ਨੀਤੀ ਤਹਿਤ ਹੁਣ 12 ਲੱਖ ਤੱਕ ਦੀ ਆਮਦਨ ‘ਤੇ ਕੋਈ ਕਰ ਨਹੀਂ ਲੱਗੇਗਾ। ਉਹਨਾਂ ਕਿਹਾ ਕਿ ਇਹ ਬਜਟ ਕਿਸਾਨ ਹਿਤੈਸ਼ੀ ਵੀ ਹੈ। ਕਿਸਾਨ ਕਰੈਡਿਟ ਕਾਰਡ ਦੀ ਹੱਦ 3 ਲੱਖ ਤੋਂ ਵਧਾ ਕੇ ਹੁਣ 5 ਲੱਖ ਕਰ ਦਿੱਤੀ ਗਈ ਹੈ, ਜਿਸ ਨਾਲ ਸਮੂਹ ਕਿਸਾਨ ਵਰਗ ਲਈ ਵੱਡਾ ਫ਼ਾਇਦਾ ਹੋਵੇਗਾ। ਸੀਨੀਅਰ ਸਿਟੀਜਨ ਲਈ ਕਰ ਤੋਂ ਛੋਟ ਦੇਣ ਨਾਲ ਜਿੱਥੇ ਬਜ਼ੁਰਗਾਂ ਦਾ ਮਾਣ ਵਧਿਆ ਹੈ, ਉੱਥੇ ਹੀ ਉਹ ਆਪਣੀ ਬਚਤ ਵੀ ਆਸਾਨੀ ਨਾਲ ਕਰ ਸਕਦੇ ਹਨ, ਹੁਣ ਰਿਟਰਨ ਵੀ ਪਿਛਲੇ ਚਾਰ ਸਾਲਾਂ ਤੋਂ ਭਰੀ ਜਾ ਸਕੇਗੀ। ਹਰਦੀਪ ਸ਼ਰਮਾ ਨੇ ਅੱਗੇ ਦੱਸਿਆ ਕਿ ਪੜਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ 10 ਲੱਖ ਤੱਕ ਕੋਈ ਕਰ ਨਹੀਂ ਲੱਗੇਗਾ। ਹਰਦੀਪ ਸ਼ਰਮਾਂ ਨੇ ਮੌਜੂਦਾ ਕੇਂਦਰੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਪੰਜਾਬ ਵਿੱਚ ਵੀ ਅਜਿਹੀ ਮਜ਼ਬੂਤ ਸਰਕਾਰ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਪਣੇ ਸੂਬੇ ਨੂੰ ਫਿਰ ਤੋਂ ਮਜ਼ਬੂਤ ਬਣਾ ਸਕੀਏ।