ਟੈ੍ਰਫਿਕ ਵਿੱਚ ਅੜਿੱਕਾ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਵਕੀਲ ਸਿੰਘ ਬਰਾੜ
ਫਰੀਦਕੋਟ, 7 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਵਿੱਚ ਹਰ ਸੜਕ ਦੇ ਕਿਨਾਰੇ ਅਤੇ ਫੁੱਟਪਾਥ ’ਤੇ ਦਿਨੋਂ-ਦਿਨ ਵੱਧ ਰਹੇ ਕਬਜ਼ਿਆਂ ਨੂੰ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਟ੍ਰੈਫ਼ਿਕ ਪੁਲੀਸ ਦੀ ਮੱਦਦ ਨਾਲ ਹਟਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਟਰੈਫਿਕ ਇੰਚਾਰਜ ਵਕੀਲ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਵੱਲੋਂ ਕੀਤੇ ਗਏ ਕਬਜ਼ਿਆਂ ਦੇ ਨਾਲ-ਨਾਲ ਸੜਕਾਂ ਦੇ ਕਿਨਾਰਿਆਂ ’ਤੇ ਆਏ ਦਿਨ ਨਵੇਂ-ਨਵੇਂ ਕਬਜੇ ਨਜ਼ਰ ਆਉਣ ਲੱਗੇ ਹਨ। ਇੰਨਾ ਹੀ ਨਹੀਂ ਪੈਦਲ ਚੱਲਣ ਵਾਲਿਆਂ ਲਈ ਬਣੇ ਫੁੱਟਪਾਥਾਂ ’ਤੇ ਵੀ ਕਾਫੀ ਕਬਜ਼ੇ ਹਨ ਅਤੇ ਇਨ੍ਹਾਂ ਪੈਦਲ ਚੱਲਣ ਵਾਲਿਆਂ ਨੂੰ ਸੜਕਾਂ ’ਤੇ ਹੀ ਚੱਲਣਾ ਪੈਂਦਾ ਹੈ। ਜਿਸ ਕਾਰਨ ਸੜਕ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕਬਜ਼ਿਆਂ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਜਾਮ ਰਹਿੰਦਾ ਹੈ। ਜਿਸ ਦੇ ਚੱਲਦਿਆਂ ਨਗਰ ਕੌਂਸਲ ਨੇ ਵੀਰਵਾਰ ਨੂੰ ਸ਼ਹਿਰ ਵਿੱਚ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ। ਵਰਨਣਯੋਗ ਹੈ ਕਿ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਟਰੈਫਿਕ ਪੁਲੀਸ ਦੀ ਮਦਦ ਨਾਲ ਐਸਬੀਆਈ ਬੈਂਕ ਤੋਂ ਭਾਈ ਕਨ੍ਹਈਆ ਚੌਕ, ਘੰਟਾ ਘਰ ਚੌਕ ਤੋਂ ਹੁੱਕੀ ਚੌਕ, ਨਹਿਰੂ ਸ਼ਾਪਿੰਗ ਸੈਂਟਰ ਅਤੇ ਹੋਰ ਇਲਾਕਿਆਂ ਵਿੱਚ ਕੀਤੇ ਕਬਜ਼ੇ ਹਟਾਏ। ਇਸ ਦੌਰਾਨ ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰਾਂ ਨੇ ਸਾਮਾਨ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਉਹ ਕਬਜ਼ੇ ਹਟਾ ਕੇ ਦੁਕਾਨ ਵਿੱਚ ਹੀ ਆਪਣਾ ਸਾਮਾਨ ਰੱਖਣਗੇ। ਜਿਸ ਤੋਂ ਬਾਅਦ ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਟਰੈਫਿਕ ਪੁਲਿਸ ਦੁਆਰਾ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਇਸ ਤੋਂ ਬਾਅਦ ਜੇਕਰ ਉਹਨਾਂ ਦਾ ਸਮਾਨ ਦੁਕਾਨ ਤੋਂ ਬਾਹਰ ਦਿਸਿਆ ਤਾਂ ਉਹ ਚੁੱਕ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਵਕੀਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਹੋਏ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਜਾਮ ਦੀ ਸਥਿਤੀ ਨੂੰ ਦੂਰ ਕਰਨ ਲਈ ਜਲਦੀ ਹੀ ਸ਼ਹਿਰ ਨੂੰ ਕਬਜ਼ੇ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਸੜਕਾਂ ’ਤੇ ਨਾ ਸਟੋਰ ਕਰਨ ਤਾਂ ਜੋ ਆਵਾਜਾਈ ’ਚ ਵਿਘਨ ਨਾ ਪਵੇ।
