ਐੱਸ.ਐੱਸ.ਪੀ. ਨੇ ਸਿਵਲ ਹਸਪਤਾਲ ’ਚ ਦਾਖਲ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦਾ ਹਾਲ ਪੁੱਛਿਆ
ਕੋਟਕਪੂਰਾ, 9 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੈਤੋ ਹਲਕੇ ਅਧੀਨ ਆਉਂਦੇ ਪਿੰਡ ਚੰਦਭਾਨ ਵਿੱਚ ਪੁਲੀਸ ਅਤੇ ਲੋਕਾਂ ਵਿੱਚ ਹੋਏ ਟਕਰਾਅ ਕਾਰਨ ਜ਼ਖ਼ਮੀ ਹੋਏ ਪੁਲੀਸ ਮੁਲਾਜ਼ਮਾਂ ਦਾ ਹਾਲ ਜਾਣਨ ਲਈ ਡਾ. ਪ੍ਰੱਗਿਆ ਜੈਨ ਐੱਸਐੱਸਪੀ ਫਰੀਦਕੋਟ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਪਹੁੰਚੇ। ਇੱਥੇ ਦੋ ਮਹਿਲਾ ਪੁਲੀਸ ਮੁਲਾਜ਼ਮਾਂ ਸਮੇਤ 6 ਮੁਲਾਜ਼ਮ ਦਾਖ਼ਲ ਹਨ, ਜਿੰਨ੍ਹਾਂ ਦਾ ਪਿਛਲੇ 3 ਦਿਨਾਂ ਤੋਂ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨਾਲ ਡੀ.ਐੱਸ.ਪੀ. ਕੋਟਕਪੂਰਾ ਜਤਿੰਦਰ ਸਿੰਘ ਚੋਪੜਾ, ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਅਤੇ ਇੰਸਪੈਕਟਰ ਰਾਜੇਸ਼ ਕੁਮਾਰ ਵੀ ਮੌਜੂਦ ਸਨ। ਡਾ. ਪ੍ਰਗਿਆ ਜੈਨ ਐੱਸਐੱਸਪੀ ਫਰੀਦਕੋਟ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਦੀ ਹਿੰਮਤ ਅਤੇ ਦਲੇਰੀ ਕਾਰਨ ਵੀ ਚੰਦਭਾਨ ਵਿੱਚ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਉਨ੍ਹਾਂ ਜ਼ਖਮੀ ਮੁਲਾਜ਼ਮਾਂ ਦੀ ਹੌਸਲ ਅਫ਼ਜ਼ਾਈ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਸਾਰਾ ਇਲਾਜ ਜ਼ਿਲ੍ਹਾ ਪੁਲੀਸ ਵੱਲੋਂ ਕਰਵਾਇਆ ਜਾਵੇਗਾ ਅਤੇ ਹੋਰ ਵੀ ਕੋਈ ਆਰਥਿਕ ਮੱਦਦ ਦੀ ਜ਼ਰੂਰਤ ਪਈ ਤਾਂ ਉਹ ਜ਼ਿਲ੍ਹਾ ਪੁਲੀਸ ਪੂਰੀ ਕਰੇਗੀ। ਜ਼ਖ਼ਮੀ ਮੁਲਾਜ਼ਮਾਂ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਰਕਾਰੀ ਪੱਧਰ ਨੂੰ ਸਨਮਾਨ ਦੇਣ ਲਈ ਉੱਚ ਅਧਿਕਾਰੀਆਂ ਨੂੰ ਵੀ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿ ਚੰਦਭਾਨ ਕਲੇਸ਼ ਦੌਰਾਨ ਇੱਕ ਡੀਐਸਪੀ ਸਮੇਤ 13 ਮੁਲਾਜ਼ਮ ਜ਼ਖਮੀ ਹੋਏ ਸਨ। ਜ਼ਿਕਰਯੋਗ ਹੈ ਕਿ ਨਿਕਾਸੀ ਨਾਲੀ ਬਣਾਉਣ ਨੂੰ ਲੈ ਕੇ ਚੰਦਭਾਨ ਪਿੰਡ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਵਿੱਚ ਤਕਰਾਰ ਹੋਇਆ ਸੀ, ਉਸ ਤੋਂ ਬਾਅਦ ਮੌਜੂਦਾ ਸਰਪੰਚ ਨੇ ਆਪਣੇ ਸਮਰਥਕਾਂ ਸਮੇਤ ਕੋਟਕਪੂਰਾ ਬਠਿੰਡਾ ਸੜਕ ਜਾਮ ਕਰ ਦਿੱਤੀ ਸੀ। ਇਸੇ ਦੌਰਾਨ ਪੁਲੀਸ ਨਾਲ ਤਕਰਾਰ ਹੋ ਗਈ ਅਤੇ ਪਿੰਡ ਵਾਲਿਆਂ ਨੇ ਪੁਲੀਸ ’ਤੇ ਇੱਟਾਂ/ਰੋੜੇ ਚਲਾ ਦਿੱਤੇ ਸਨ, ਜਿਸ ਨਾਲ ਇਹ ਸਾਰੇ ਮੁਲਾਜ਼ਮ ਜ਼ਖ਼ਮੀ ਹੋਏ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਮੌਜੂਦਾ ਸਰਪੰਚ, ਉਸਦੇ ਪਤੀ ਅਤੇ 89 ਹੋਰ ਲੋਕਾਂ ’ਤੇ ਕੇਸ ਦਰਜ ਕਰਕੇ ਇਨ੍ਹਾਂ ਵਿਚੋਂ 40 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ।