ਕਨਵੀਨਰ ਡਾ.ਗੁਰਚਰਨ ਕੌਰ ਕੋਚਰ ਅਤੇ ਤ੍ਰੈਲੋਚਨ ਲੋਚੀ
ਲੁਧਿਆਣਾ 10 ਫਰਵਰੀ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ 21 ਫਰਵਰੀ ਦਿਨ ਸ਼ੁੱਕਰਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਮਾਤ ਭਾਸ਼ਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਅਕਾਡਮੀ ਦੇ ਮੀਤ ਪ੍ਰਧਾਨ ਤੇ ਪ੍ਰੋਗਰਾਮ ਦੇ ਕਨਵੀਨਰ ਡਾ.ਗੁਰਚਰਨ ਕੌਰ ਕੋਚਰ ਅਤੇ ਕਨਵੀਨਰ ਤ੍ਰੈਲੋਚਨ ਲੋਚੀ ਨੇ ਸਾਂਝੇ ਤੌਰ ‘ਤੇ ਦਿੱਤੀ । ਉਹਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਸਾਹਿਤ ਤੇ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਤਹਿਤ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਾਲਜਾਂ ਨੂੰ ਇਸ ਸਬੰਧੀ ਸੱਦੇ ਪੱਤਰ ਭੇਜ ਦਿੱਤੇ ਗਏ ਹਨ। ਇਸ ਸਮਾਗਮ ਵਿੱਚ ਪੰਜਾਬੀ ਕਹਾਣੀ ਅਤੇ ਕਾਵਿ ਸਿਰਜਣਾ ਮੁਕਾਬਲੇ (ਮੌਕੇ ‘ਤੇ ਦਿੱਤੇ ਗਏ ਵਿਸ਼ੇ ਉੱਤੇ),ਲੋਕ ਗੀਤ ਮੁਕਾਬਲਾ, ਸਭਿਆਚਾਰਕ ਪ੍ਰਸ਼ਨੋਤਰੀ (ਕੁਇਜ਼), ਪੰਜਾਬੀ ਕਾਵਿ -ਪੋਸਟਰ ਮੁਕਾਬਲਾ, ਪੰਜਾਬੀ ਕਾਵਿ-ਉਚਾਰਣ ਮੁਕਾਬਲਾ, ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ(ਸਮਾਜਿਕ ਕੁਰੀਤੀਆਂ ਬਾਰੇ) ਮੁਕਾਬਲਾ ਅਤੇ ਕੈਲੀਗ੍ਰਾਫ਼ੀ ਮੁਕਾਬਲੇ ਸਮੇਤ ਅੱਠ ਮੁਕਾਬਲੇ ਕਰਵਾਏ ਜਾਣਗੇ।ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ.ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਹੋਰ ਅਹੁਦੇਦਾਰ, ਪ੍ਰਬੰਧਕੀ ਬੋਰਡ ਅਤੇ ਦਫ਼ਤਰ ਇੰਚਾਰਜ ਸੁਰਿੰਦਰਦੀਪ ਵੱਲੋ ਸਾਰਿਆਂ ਨੂੰ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੱਤਾ ਗਿਆ ਹੈ।