ਕੋਟਕਪੂਰਾ, 11 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਨੌਜਵਾਨ ਪੀੜੀ ਦਾ ਸਾਹਿਤ ਅਤੇ ਖਾਸ ਕਰਕੇ ਕਵਿਤਾ ਵੱਲ ਰੁਚਿਤ ਹੋਣਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸ਼ੁਭ ਆਮਦ ਦਾ ਸੂਚਕ ਹੈ। ਇਸ ਨਾਲ ਨਵੀਂ ਪੀੜ੍ਹੀ ਅੰਦਰ ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਨੂੰ ਨਵੇਂ ਨਜ਼ਰੀਏ ਨਾਲ ਵੇਖਣ ਦੀ ਸ਼ਕਤੀ ਪੈਦਾ ਹੁੰਦੀ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਦੀਪ ਅਰਸ਼ ਬੰਬੀਹਾ ਦੀ ਪਲੇਠੀ ਕਾਵਿ-ਪੁਸਤਕ ‘ਪ੍ਰੇਸ਼ਾਨ ਹਾਂ ਕਿਉਂਕਿ’ ਲੋਕ-ਅਰਪਿਤ ਕਰਨ ਮੌਕੇ ਕੀਤਾ। ਇਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਵਿਖੇ ਕਰਵਾਏ ਗਏ ਇਸ ਪ੍ਰਭਾਵਸ਼ਾਲੀ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸ਼ਬਦ-ਸਾਂਝ ਮੰਚ, ਕੋਟਕਪੂਰਾ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਅਤੇ ਜਨਰਲ ਸਕੱਤਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਦੀਪ ਅਰਸ਼ ਬੰਬੀਹਾ ਦਾ ਕਵਿਤਾ ਦੇ ਖੇਤਰ ਵਿੱਚ ਨਵਾਂ ਨਾਂਅ ਹੈ। ਉਸਦੀ ਕਵਿਤਾ ਸਮਾਜਿਕ ਕੁਰੀਤੀਆਂ ਉੱਪਰ ਚੋਟ ਕਰਕੇ ਔਰਤ ਦਾ ਸਤਿਕਾਰ ਕਾਇਮ ਰੱਖਣ ਦਾ ਸੁਨੇਹਾ ਦਿੰਦੀ ਹੈ। ਉਸਦੀ ਇਹ ਪਲੇਠੀ ਕਾਵਿ-ਪੁਸਤਕ ‘ਪ੍ਰੇਸ਼ਾਨ ਹਾਂ ਕਿਉਂਕਿ’ ਦੇ ਲੋਕ ਅਰਪ ਸਮਾਗਮ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਦੀਪ ਅਰਸ਼ ਬੰਬੀਹਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਉਹਨਾਂ ਦੀ ਪਹਿਲੀ ਕਾਵਿ-ਪੁਸਤਕ ਹੈ। ਇਸ ਪੁਸਤਕ ਦੇਸ਼ ਅਪਣ ਲਈ ਜਿੱਥੇ ਉਹ ਪੰਜਾਬੀ ਕਵੀ ਪਬਲੀਕੇਸ਼ਨ ਅਤੇ ਪ੍ਰਸਿੱਧ ਕਵੀ ਪ੍ਰੋ. ਤਰਸੇਮ ਸਿੰਘ ਨਰੂਲਾ ਦਾ ਧੰਨਵਾਦ ਕਰਦੀ ਹੈ, ਉਥੇ ਹੀ ਉਹ ਆਪਣੇ ਜੀਵਨ-ਸਾਥੀ ਜਗਜੀਤ ਸਿੰਘ ਖ਼ਾਲਸਾ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੀ ਹੈ, ਜਿੰਨ੍ਹਾਂ ਦੀ ਹੱਲਾਸ਼ੇਰੀ ਸਦਕਾ ਉਸ ਦੀ ਕਵਿਤਾ ਦੇ ਖੇਤਰ ਵਿੱਚ ਆਮਦ ਹੋਈ ਹੈ। ਮੰਚ ਦੇ ਸਰਪ੍ਰਸਤ, ਉੱਘੇ ਸਮਾਜ ਸੇਵੀ ਅਤੇ ਪੱਤਰਕਾਰ ਗੁਰਿੰਦਰ ਸਿੰਘ ਕੋਟਕਪੂਰਾ ਨੇ ਵੀ ਇਸ ਮੌਕੇ ਦੀਪ ਅਰਸ਼ ਬੰਬੀਹਾ ਨੂੰ ਮੁਬਾਰਕਬਾਦ ਦਿੰਦਿਆਂ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਡਿੰਪਾ, ਬਲਜੀਤ ਸਿੰਘ ਖੀਵਾ, ਬਲਵਿੰਦਰ ਸਿੰਘ, ਅਰਤਿੰਦਰ ਪਾਲ ਸਿੰਘ ਆਦਿ ਨਾਮਵਰ ਸ਼ਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲਾ, ਸਾਹਿਤ ਪ੍ਰੇਮੀ ਅਤੇ ਸਮਾਜ-ਸੇਵੀ ਹਾਜ਼ਰ ਸਨ।