ਫਰੀਦਕੋਟ, 11 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਤਿੰਨ ਸਾਲ ਪਹਿਲਾਂ ਕਾਂਗਰਸ ਸਰਕਾਰ ਵੇਲੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਲੱਖਾਂ ਰੁਪਏ ਲਾ ਕੇ ਸ਼ਹਿਰ ਵਿੱਚ ਲੋਕਾਂ ਦੀ ਸਹੂਲਤ ਲਈ ਓਪਨ ਜਿੰਮ ਅਤੇ ਪਾਰਕ ਬਣਾਏ ਸਨ, ਜੋ ਕਿ ਸੰਭਾਲ ਨਾ ਹੋਣ ਕਾਰਨ ਖਸਤਾਹਾਲ ਹੋ ਰਹੇ ਹਨ। ਨਵੀਂ ਦਾਣਾ ਮੰਡੀ ਵਿੱਚ ਲੱਖਾਂ ਰੁਪਏ ਲਾ ਕੇ ਬਣਾਇਆ ਓਪਨ ਜਿੰਮ ਸਾਂਭ-ਸੰਭਾਲ ਨਾ ਹੋਣ ਕਾਰਨ ਆਪਣੀ ਪਛਾਣ ਗੁਆ ਰਿਹਾ ਹੈ। ਜਿਮ ਵਿੱਚ ਕਸਰਤ ਦੇ ਹਰ ਤਰ੍ਹਾਂ ਦੇ ਸਾਧਨ ਟੁੱਟੇ ਹੋਏ ਹਨ। ਜਿੰਮ ਵਿੱਚ ਬੱਚਿਆਂ ਲਈ ਝੂਲੇ ਵੀ ਲਾਏ ਗਏ ਸਨ, ਜੋ ਟੁੱਟ ਚੁੱਕੇ ਹਨ ਅਤੇ ਜਿੰਮ ਦੇ ਆਲੇ-ਦੁਆਲੇ ਬਣੀ ਲੋਹੇ ਦੀ ਗੈਲਰੀ ਵੀ ਟੁੱਟ ਚੁੱਕੀ ਹੈ। ਜੋ ਉੁਥੇ ਮੌਜੂਦ ਵੀ ਨਹੀਂ ਹੈ। ਸਫ਼ਾਈ ਨਾ ਹੋਣ ਕਾਰਨ ਜਿੰਮ ਦੇ ਅੰਦਰ ਕੂੜੇ ਦੇ ਢੇਰ ਲੱਗੇ ਹੋਏ ਹਨ। ਫ਼ਿਰੋਜ਼ਪੁਰ ਰੋਡ ’ਤੇ ਬਣੀ ਨਵੀਂ ਅਨਾਜ ਮੰਡੀ ਵਿੱਚ ਸਵੇਰ-ਸ਼ਾਮ ਸੈਰ ਕਰਨ ਲਈ ਲੋਕ ਆਉਂਦੇ ਹਨ, ਜਿਸ ਦੇ ਮੱਦੇਨਜ਼ਰ 3 ਸਾਲ ਪਹਿਲਾਂ ਮੰਡੀ ਦੇ ਗੇਟ ਨੇੜੇ ਓਪਨ ਜਿੰਮ ਬਣਾਇਆ ਗਿਆ ਸੀ, ਜਿਸ ਵਿੱਚ ਲੋਕ ਕਸਰਤ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਨ ਪਰ ਪ੍ਰਸ਼ਾਸਨ ਦਾ ਧਿਆਨ ਨਾ ਹੋਣ ਕਾਰਨ ਜਿੰਮ ਦੀ ਹਾਲਤ ਖਸਤਾ ਹੋ ਗਈ ਹੈ ਅਤੇ ਜਿੰਮ ਦੇ ਆਲੇ-ਦੁਆਲੇ ਦੀਆਂ ਗੈਲਰੀਆਂ ਵੀ ਚੋਰਾਂ ਅਤੇ ਨਸ਼ੇੜੀਆਂ ਨੇ ਗਾਇਬ ਕਰ ਦਿੱਤੀਆਂ ਹਨ। ਇਸ ਨੂੰ ਲੈ ਕੇ ਸਮਾਜਸੇਵੀਆਂ ਮੁਤਾਬਿਕ ਦਾਣਾ ਮੰਡੀ ਵਿੱਚ ਸਥਾਪਤ ਓਪਨ ਜਿੰਮ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ।