ਆਪਾਂ ਫਿਰ ਤੋਂ ਰਲ ਕੇ ਇੱਕ ਹੱਸਦੇ-ਖੇਡਦੇ ਅਤੇ ਚੰਗੇ ਸੰਸਕਾਰਾਂ ਵਾਲੇ ਪੰਜਾਬ ਦਾ ਮੁੱਢ ਬੰਨੀਏ
ਕੋਟਕਪੂਰਾ, 11 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਹਰਦੀਪ ਸ਼ਰਮਾ ਕੋਆਰਡੀਨੇਟਰ ਕੋਆਪਰੇਟਿਵ ਟੀਮ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਆਪਾਂ ਵੀ ਸੂਝ ਅਤੇ ਸਿਆਣਪ ਤੋਂ ਕੰਮ ਲਈਏ ਅਤੇ ਪੰਜਾਬ ਵਿੱਚ ਵੀ ਕੇਂਦਰ ਨਾਲ ਮਿਲਦੀ ਜੁਲਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆਈਏ। ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ, ਜਿਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਲੋਕ ਇਸ ਸਰਕਾਰ ਤੋਂ ਬਹੁਤ ਖੁਸ਼ ਹਨ। ਦੇਸ਼ ਵਿੱਚ ਤੀਜੀ ਵਾਰ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਬਣਨਾ ਇਸ ਗੱਲ ਦੀ ਵੱਡੀ ਗਵਾਹੀ ਭਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਭਾਰਤ ਦੇਸ਼ ਵਿੱਚ ਸੁਰੱਖਿਆ ਅਤੇ ਅਮਨਸ਼ਾਂਤੀ ਬਹਾਲ ਕਰ ਸਕਦੀ ਹੈ ਅਤੇ ਨਾਲ ਹੀ ਗਰੀਬੀ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਇਹ ਸਭ ਕੁਝ ਦੇਖਦੇ ਹੋਏ ਭਾਰਤ ਦੇਸ਼ ਦੀ ਅਵਾਮ ਨੇ ਭਾਜਪਾ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਪਰ ਸਾਡਾ ਰਾਜ ਇੱਕ ਅਜਿਹਾ ਰਾਜ ਹੈ ਜੋ ਕਿ ਸੀਮਾਵਰਤੀ ਰਾਜ ਹੈ ਅਤੇ ਸਾਡੇ ਰਾਜ ਵਿੱਚ ਕੇਂਦਰ ਨਾਲ ਮਿਲਦੀ ਜੁਲਦੀ ਸਰਕਾਰ ਦਾ ਹੋਣਾ ਬਹੁਤ ਜਰੂਰੀ ਹੈ ਤਾਂ ਕਿ ਪੰਜਾਬ ਦੀ ਵੀ ਹੋਰ ਨਾ ਰਾਜਾ ਵਾਂਗ ਸਹੀ ਤਰੱਕੀ ਹੋ ਸਕੇ ਪਰ ਸ਼ਾਇਦ ਸਾਡੀ ਬਦਕਿਸਮਤੀ ਹੈ ਕਿ ਹਰ ਵਾਰ ਅਸੀਂ ਕੇਂਦਰ ਸਰਕਾਰ ਤੋਂ ਉਲਟ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਾ ਲੈਂਦੇ ਹਾਂ, ਜਿਸ ਨਾਲ ਕਿ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਆਪਸੀ ਸਮ ਤੋਲ ਨਾ ਬੈਠਣ ਕਾਰਨ ਹਮੇਸ਼ਾ ਹੀ ਸਾਡਾ ਰਾਜ ਬਹੁਤੀਆਂ ਸਹੂਲਤਾਂ ਤੋਂ ਵਾਂਝਾ ਰਹਿ ਜਾਂਦਾ ਹੈ। ਸ਼੍ਰੀ ਹਰਦੀਪ ਸ਼ਰਮਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅੜੀਆਂ ਅਤੇ ਰੁਸਵਾਈਆਂ ਛੱਡ ਦੇਣੀਆਂ ਚਾਹੀਦੀਆਂ ਹਨ, ਜਿੰਨਾਂ ਨਾਲ ਕਿ ਹਮੇਸ਼ਾ ਨੁਕਸਾਨ ਹੀ ਹੋਇਆ ਹੈ। ਹਾਲਾਂਕਿ ਅਣਖ ਤੇ ਰੋਬ ਸਾਡੇ ਸੁਭਾਅ ਦਾ ਹਿੱਸਾ ਹਨ ਪਰ ਫਿਰ ਵੀ ਬੱਚਿਆਂ ਅਤੇ ਆਉਣ ਵਾਲੀਆਂ ਪੀੜੀਆਂ ਦੇ ਉਜਵਲ ਭਵਿੱਖ ਵਾਸਤੇ ਸਾਨੂੰ ਨਿਮਰਤਾ ਤੋਂ ਕੰਮ ਲੈਂਦੇ ਹੋਏ ਕੇਂਦਰ ਵਿੱਚ ਬਣੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਸਰਕਾਰ ਤੋਂ ਨਿਮਰਤਾ ਨਾਲ ਸਹਿਯੋਗ ਮੰਗਣਾ ਚਾਹੀਦਾ ਹੈ। ਪੰਜਾਬ ਦੇ ਸਿਰ ਇੱਕ ਬਹੁਤ ਵੱਡਾ ਭਾਰ ਕਰਜੇ ਦਾ ਚੜਿਆ ਹੋਇਆ ਹੈ। ਜਿਸ ਤੋਂ ਕਿ ਅਸੀਂ ਸਿਰਫ ਅਤੇ ਸਿਰਫ ਕੇਂਦਰ ਸਰਕਾਰ ਦੀ ਮੱਦਦ ਨਾਲ ਹੀ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਤੇ ਤਰੱਕੀ ਦੀ ਰਾਹ ’ਤੇ ਅੱਗੇ ਵੱਧ ਸਕਦੇ ਹਾਂ। ਪਿਛਲੇ ਕੁਝ ਸਾਲਾਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਸਾਡਾ ਰਾਜ ਕਈ ਰਾਜਾਂ ਨਾਲੋਂ ਕਈ ਖੇਤਰਾਂ ਵਿੱਚ ਪੱਛੜ ਚੁੱਕਿਆ ਹੈ, ਜਦਕਿ ਸਾਡਾ ਗੁਆਂਢੀ ਰਾਜ ਹਰਿਆਣਾ ਖੇਤੀਬਾੜੀ ਵਿਦਿਆ ਖੇਡਾਂ ਅਤੇ ਸਨਅਤ ਦੇ ਖੇਤਰਾਂ ਵਿੱਚ ਮੱਲਾਂ ਮਾਰ ਰਿਹਾ ਹੈ। ਇਸ ਦੇ ਉਲਟ ਸਾਡੇ ਰਾਜ ਵਿੱਚ ਰੋਜ ਕਤਲੇਆਮ, ਲੁੱਟਾਂ ਖੋਹਾਂ, ਨਸ਼ੇ ਦੀ ਵਿਕਰੀ, ਨਸ਼ੇ ਨਾਲ ਮੌਤਾਂ, ਠੱਗੀਆਂ, ਫਰੇਬ, ਡਕੈਤੀਆਂ, ਫਿਰੌਤੀਆਂ ਆਦਿ ਦੀਆਂ ਖਬਰਾਂ ਵੱਧ ਰਹੀਆਂ ਹਨ। ਬੇਰੁਜ਼ਗਾਰੀ ਐਨੀ ਕੁ ਵੱਧ ਚੁੱਕੀ ਹੈ ਕਿ ਸਰਕਾਰੀ ਨੌਕਰੀਆਂ ਦੀ ਗਿਣਤੀ ਨਾ ਮਾਤਰ ਹੈ। ਸਾਡਾ ਪੰਜਾਬ ਜੋ ਕਦੇ ਸਪਤ ਸਿੰਧੂ ਕਹਿਲਾਉਂਦਾ ਸੀ ਸੱਤ ਸਿੰਧੂਆਂ ਦਾ ਇਹ ਦੇਸ਼ ਫਿਰ ਪੰਜ ਆਬਾ ਦੀ ਧਰਤੀ ਕਹਿਲਾਇਆ ਪਰ ਪੰਜ ਦਰਿਆਵਾਂ ਤੋਂ ਘੱਟਦਾ ਘੱਟਦਾ ਰਾਜਨੀਤਿਕ ਉਲਝਾਵਾਂ ਦੀ ਬਲੀ ਚੜਦਾ ਸਿਰਫ ਢਾਈ ਕੁ ਦਰਿਆਵਾਂ ਦਾ ਰਾਜ ਰਹਿ ਗਿਆ ਹੈ, ਸਾਡੇ ਇਸ ਰਾਜ ਵਿੱਚ ਅਣਖੀਲੇ ਅਤੇ ਮਿਹਨਤੀ ਗੱਭਰੂਆਂ ਦਾ ਬੋਲਬਾਲਾ ਹੁੰਦਾ ਸੀ, ਜਿੱਥੇ ਕਦੇ ਮੇਲੇ, ਛਿੰਜਾਂ, ਕਬੱਡੀਆਂ, ਕੁਸ਼ਤੀਆਂ ਦੇ ਰੰਗਲੇ ਰੰਗ ਮਾਣੇ ਜਾਂਦੇ ਸਨ, ਅੱਜ ਉਥੇ ਉਦਾਸੀਆਂ, ਵੈਣ, ਨਫਰਤਾਂ, ਦੁੱਖਾਂ ਤਕਲੀਫਾਂ ਦਾ ਪਸਾਰਾ ਹੋ ਚੁੱਕਿਆ ਹੈ। ਸ਼ਰਮਾ ਜੀ ਨੇ ਅੱਗੇ ਬੇਨਤੀ ਕਰਦੇ ਹਾਂ ਪੰਜਾਬ ਦੇ ਵਸਨੀਕਾਂ ਨੂੰ ਕਿਹਾ ਕਿ ਉਹ ਆਪਾਂ ਫਿਰ ਤੋਂ ਰਲ ਕੇ ਇੱਕ ਹੱਸਦੇ ਖੇਡਦੇ ਅਤੇ ਚੰਗੇ ਸੰਸਕਾਰਾਂ ਵਾਲੇ ਪੰਜਾਬ ਦਾ ਮੁੱਢ ਬੰਨੀਏ। ਆਓ ਆਪਾਂ ਵੀ ਨਫਰਤ ਭੁਲਾ ਕੇ ਆਪਣੇ ਗੁਆਂਢੀ ਰਾਜਾਂ ਵਾਂਗੂ ਇੱਕ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਲੈ ਕੇ ਆਈਏ। ਕਿਸਾਨਾਂ ਨੂੰ ਸੰਬੋਧਿਤ ਹੁੰਦੇ ਹੋਏ ਉਹਨਾਂ ਕਿਹਾ ਕਿ ਆਓ ਸਾਥੀਓ ਇੱਕ ਵਾਰ ਸੁਚੱਜੇ ਢੰਗ ਨਾਲ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਪੜੀਏ ਸੁਣੀਏ, ਪਰਖੀਏ ਅਤੇ ਅਪਣਾਈਏ ਤਾਂ ਕਿ ਅਸੀਂ ਵੀ ਹਰਿਆਣੇ ਵਾਂਗ 13 ਦੀ ਜਗਾ ’ਤੇ 24 ਫਸਲਾਂ ਦੇ ਉੱਪਰ ਐਮਐਸ ਪੀ ਲੈ ਸਕੀਏ। ਉਹਨਾਂ ਕਿਹਾ ਕਿ ਮੈਂ ਵੀ ਇੱਕ ਕਿਸਾਨ ਦਾ ਪੁੱਤਰ ਹਾਂ ਅਤੇ ਬਦਲਾਅ ਵਿੱਚ ਵਿਸ਼ਵਾਸ ਰੱਖਦਾ ਹਾਂ। ਬਦਲਵੀਆਂ ਫਸਲਾਂ ਜਿਵੇਂ ਕਿ ਸਬਜ਼ੀਆਂ, ਦਾਲਾਂ ਆਦਿ ਦੀ ਬਜਾਈ ਕਰਕੇ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣ ਤੋਂ ਬਚਾਈਏ ਤਾਂ ਕਿ ਅਸੀਂ ਆਪਣੇ ਆਉਣ ਵਾਲੀਆਂ ਪੀੜੀਆਂ ਨੂੰ ਪੀਣਯੋਗ ਪਾਣੀ ਛੱਡ ਸਕੀਏ। ਆਪਣੇ ਬੱਚਿਆਂ ਨੂੰ ਮੋਟੇ ਪੈਸੇ ਲਾ ਕੇ ਗਲਤ ਤਰੀਕਿਆਂ ਨਾਲ ਵਿਦੇਸ਼ਾਂ ਵਿੱਚ ਭੇਜਣ ਦੀ ਜਗਾ ਆਪਣੇ ਕੋਲ ਰੱਖ ਕੇ ਚੰਗੇ ਕੰਮ ਕਾਜ ਸ਼ੁਰੂ ਕਰੀਏ। ਕੇਂਦਰ ਸਰਕਾਰ ਦੀਆਂ ਅਨੇਕਾਂ ਹੀ ਸਬਸਿਡੀ ਵਾਲੀਆਂ ਯੋਜਨਾਵਾਂ ਦਾ ਪੂਰਾ ਲਾਭ ਉਠਾਈਏ। ਇਸ ਮੌਕੇ ਉਹਨਾਂ ਨਾਲ ਸਬਕਾ ਸਰਪੰਚ ਅੰਮ੍ਰਿਤ ਲਾਲ ਸ਼ਰਮਾ, ਦਰਸ਼ਨ ਕੁਮਾਰ ਸ਼ਰਮਾ, ਗੁਲਜਾਰ ਸਿੰਘ, ਚਮਕੌਰ ਸਿੰਘ ਬਰਾੜ, ਹਰਵਿੰਦਰ ਕੁਮਾਰ ਅਤੇ ਅਨੇਕਾਂ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।