ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਪੰਜਗਰਾਈਂ ਕਲਾਂ ਦੀ ਕੇਂਦਰੀ ਸਹਿਕਾਰੀ ਬੈਂਕ ਵਿੱਚੋਂ ਸਟਰਾਂਗ ਰੂਮ ਦੇ ਜਿੰਦਰੇ ਤੋੜ ਕੇ ਤਿੰਨ ਅਣਪਛਾਤੇ ਵਿਅਕਤੀ ਬੈਂਕ ਦੇ ਸੁਰੱਖਿਆ ਕਰਮਚਾਰੀ ਦੀ ਬੰਦੂਕ ਅਤੇ 10 ਕਾਰਤੂਸ ਚੋਰੀ ਕਰਕੇ ਲੈ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਥਾਣਾ ਸਦਰ ਕੋਟਕਪੂਰਾ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੈਂਕ ਮੈਨੇਜਰ ਬਿਨੀ ਕਟਾਰੀਆ ਵਲੋਂ ਥਾਣਾ ਸਦਰ ਨੂੰ ਦਿੱਤੀ ਗਈ ਸੂਚਨਾ ਅਨੁਸਾਰ ਬੀਤੀ ਰਾਤ 3:30 ਵਜੇ ਦੇ ਕਰੀਬ ਇੱਕ ਮੋਟਰ ਸਾਈਕਲ ’ਤੇ ਤਿੰਨ ਨੌਜਵਾਨ ਆਏ। ਇਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਤੇ ਉਹ ਬੈਂਕ ਦੇ ਸ਼ਟਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ। ਮਗਰੋਂ ਉਨ੍ਹਾਂ ਨੇ ਅੰਦਰਲੇ ਸਟਰਾਂਗ ਰੂਮ ਦੇ ਦੋਵੇਂ ਜਿੰਦਰੇ ਤੋੜੇ ਤੇ ਉਥੋਂ ਸੁਰੱਖਿਆ ਕਰਮਚਾਰੀ ਦੀ ਲਾਇਸੈਂਸੀ ਦੋਨਾਲੀ ਬੰਦੂਕ ਅਤੇ 10 ਕਾਰਤੂਸ ਚੋਰੀ ਕਰਕੇ ਲੈ ਗਏ। ਬੈਂਕ ਮੈਨੇਜਰ ਨੇ ਦੱਸਿਆ ਕਿ ਅਣਪਛਾਤਿਆਂ ਨੇ ਇਸ ਵਾਰਦਾਤ ਨੂੰ ਚਾਰ ਤੋਂ ਪੰਜ ਮਿੰਟਾਂ ਵਿੱਚ ਹੀ ਅੰਜਾਮ ਦੇ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਂਏ ਸੰਹਿਤਾ (ਬੀ.ਐਨ.ਐਸ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।