ਕੰਪਲੈਕਸ ਦੀ ਇਮਾਰਤ ਖਸਤਾ, ਕਈ ਵਾਰ ਵਾਪਰ ਚੁੱਕੀਆਂ ਨੇ ਚੋਰੀ ਦੀਆਂ ਘਟਨਾਵਾਂ
ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਦਾ ਤਹਿਸੀਲ ਕੰਪਲੈਕਸ ਆਪਣੀ ਦਸ਼ਾ ’ਤੇ ਹੰਝੂ ਵਹਾਅ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਾ ਪ੍ਰਿਯਾਦਰਸ਼ਨੀ ਹਾਲ ਦੀ ਇਮਾਰਤ ਵਿੱਚ ਇਸ ਕੰਪਲੈਕਸ ਅੰਦਰ ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ ਦਫ਼ਤਰ, ਸੇਵਾ ਕੇਂਦਰ ਤੇ ਫਰਦ ਕੇਂਦਰ ਚੱਲ ਰਹੇ ਹਨ। ਪਿਛਲੇ ਕਈ ਦਹਾਕਿਆਂ ਤੋਂ ਕੰਪਲੈਕਸ ਦੀ ਮੁਰੰਮਤ ਨਾ ਹੋਣ ਕਾਰਨ ਖਸਤਾ ਇਮਾਰਤ ’ਚ ਇਨ੍ਹਾਂ ਦਫ਼ਤਰਾਂ ਦੇ ਮੁਲਾਜ਼ਮ ਆਪਣੀ ਜਾਨ ਜੋਖਮ ਵਿੱਚ ਪਾ ਕੇ ਸੇਵਾਵਾਂ ਨਿਭਾਅ ਰਹੇ ਹਨ। ਕੰਪਲੈਕਸ ਵਿੱਚ ਆਮ ਲੋਕਾਂ ਦੀ ਵਰਤੋਂ ਲਈ ਇੱਕ ਇੱਕੋ ਪਿਸ਼ਾਬ ਘਰ ਬਣਿਆ ਹੈ, ਜਿਸ ਵਿੱਚ ਸਫਾਈ ਨਾ ਹੋਣ ਕਾਰਨ ਲੋਕ ਮੂੰਹ ’ਤੇ ਰੁਮਾਲ ਰੱਖ ਕੇ ਲੰਘਦੇ ਹਨ। ਕੰਪਲੈਕਸ ਅੰਦਰ ਤਿੰਨ ਵਾਰ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ਤੇ ਕੰਪਲੈਕਸ ਵਿੱਚ ਕੰਮ ਕਰ ਰਹੇ ਨੋਟਰੀ, ਟਾਈਪਿਸਟ ਅਤੇ ਵਕੀਲਾਂ ਵੱਲੋਂ ਵਾਰ-ਵਾਰ ਅਪੀਲ ਕਰਨ ’ਤੇ ਸਥਾਨਕ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇ ਗਏ। ਕੰਪਲੈਕਸ ਦੀ ਸਫਾਈ ਨਾ ਹੋਣ ਕਰਕੇ ਚਾਰੋਂ ਪਾਸੇ ਗੰਦਗੀ ਦੇ ਢੇਰ ਲੱਗੇ ਆਮ ਵੇਖੇ ਸਕਦੇ ਹਨ। ਇਸ ਤੋਂ ਇਲਾਵਾ ਇੱਥੇ ਸਰਕਾਰੀ ਕੰਟੀਨ ਖਾਲੀ ਪਈ ਹੈ। ਤਹਿਸੀਲ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤਹਿਸੀਲ ਕੰਪਲੈਕਸ ਅਤੇ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ ਦਫਤਰਾਂ ਵਿੱਚ ਸਮੱਸਿਆਵਾਂ ਵੱਲ ਧਿਆਨ ਦੇਵੇੇ। ਤਹਿਸੀਲਦਾਰ ਕੋਟਕਪੂਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਹਿਸੀਲ ਕੰਪਲੈਕਸ ਨੂੰ ਹੋਰ ਥਾਂ ’ਤੇ ਤਬਦੀਲ ਕਰਨ ਦੀ ਯੋਜਨਾ, ਜਿਸ ਲਈ ਜਗਾ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਲੋਕ ਮੰਚ ਦੇ ਪ੍ਰਧਾਨ ਸਾਧੂ ਰਾਮ ਦਿਓੜਾ ਨੇ ਆਖਿਆ ਕਿ ਇਸ ਕੰਪਲੈਕਸ ਵਿੱਚ ਹਰ ਦਿਨ ਲਗਭਗ ਦੋ ਹਜ਼ਾਰ ਲੋਕ ਆਪੋ-ਆਪਣੇ ਸਰਕਾਰੀ ਕੰਮਕਾਜ ਕਰਵਾਉਣ ਆਉਂਦੇ ਹਨ। ਸਰਕਾਰ ਨੂੰ ਇਸ ਕੰਪਲੈਕਸ ਦੀ ਹਾਲਤ ਸੁਧਾਰਨੀ ਚਾਹੀਦੀ ਹੈ।

