ਸੀਬਾ ਸਕੂਲ ‘ਚ ਕੀਤਾ ਸੈਮੀਨਾਰ ਦਾ ਆਯੋਜਨ

ਲਹਿਰਾਗਾਗਾ, 20 ਫਰਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਤਰਕਸ਼ੀਲ ਸੁਸਾਇਟੀ, ਪੰਜਾਬ ਵੱਲੋਂ ਵਿਦਿਆਰਥੀ ਚੇਤਨਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਸੰਗਰੂਰ-ਬਰਨਾਲਾ ਜ਼ੋਨ ਦੇ ਜਥੇਬੰਦਕ ਮੁਖੀ ਮਾਸਟਰ ਪਰਮਵੇਦ, ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ, ਲਛਮਣ ਅਲੀਸ਼ੇਰ, ਬਿਹਾਰੀ ਮੰਡੇਰ, ਬਲਦੇਵ ਸਿੰਘ ਚੀਮਾ ‘ਤੇ ਆਧਾਰਿਤ ਟੀਮ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਅਤੇ ਤਰਕਸ਼ੀਲ ਸੋਚ ਅਪਨਾਉਣ ਦਾ ਸੁਨੇਹਾ ਦੇਣ ਪਹੁੰਚੀ।ਰਣਦੀਪ ਸੰਗਤਪੁਰਾ ਨੇ ਟੀਮ ਦਾ ਸਵਾਗਤ ਕਰਦਿਆਂ ਸਮਾਜ ਨੂੰ ਨਵੀਆਂ ਲੀਹਾਂ ‘ਤੇ ਲੈ ਕੇ ਜਾਣ ਬਾਰੇ ਸੁਸਾਇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮਾਸਟਰ ਪਰਮਵੇਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਲਾਈਲਗਤਾ ਅਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿੱਚ ਆਉਣ ਦਾ ਭਾਵਪੂਰਤ ਸੁਨੇਹਾ ਦਿੱਤਾ। ਉਨ੍ਹਾਂ ਰਹੱਸਮਈ ਜਾਪਦੀਆਂ ਘਟਨਾਵਾਂ ਦੇ ਕਈ ਕੇਸਾਂ ਦੀ ਰਿਪੋਰਟਿੰਗ ਕੀਤੀ। ਉਨ੍ਹਾਂ ਕਿਹਾ ਕੋਈ ਵੀ ਦਿਨ, ਤਰੀਕ, ਮਹੀਨਾ, ਸਾਲ ਸ਼ੁਭ-ਅਸ਼ੁਭ ਨਹੀਂ ਹੁੰਦਾ, ਇਹ ਸਮੇਂ ਦੀ ਵੰਡ ਹੈ। ਘਟਨਾਵਾਂ ਚੰਗੀਆਂ ਮਾੜੀਆਂ ਵਾਪਰਦੀਆਂ ਹਨ, ਉਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲ ਸੋਚ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਹਿੰਮਤ, ਲਗਨ ਦੇ ਨਾਲ ਕੀ, ਕਿਉਂ ਕਿਵੇਂ ਆਦਿ ਗੁਣ ਜਿਹੜੇ ਹਰ ਵਰਤਾਰੇ ਦੀ ਸੱਚਾਈ ਦੀ ਤਹਿ ਤੱਕ ਜਾਣ ਲਈ ਜਰੂਰੀ ਹੁੰਦੇ ਹਨ, ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿਹਾ ਵਿਗਿਆਨਕ ਸੋਚ ਅਪਨਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਕੋਲ ਕੋਈ ਗ਼ੈਬੀ ਸ਼ਕਤੀ ਨਹੀਂ, ਨਾ ਹੀ ਕੋਈ ਜਿੰਨ, ਭੂਤ, ਪਰੇਤ ਹਨ। ਉਨ੍ਹਾਂ ਸਕੂਲ ਦੇ ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਵਿੱਚ ਮੈਰਿਟ ਵਿੱਚ ਆਏ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਸੱਤਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਆ। ਵਰਨਣਯੋਗ ਹੈ ਕਿ ਇਕਾਈ ਸੰਗਰੂਰ ਵੱਲੋਂ ਕਰਵਾਈ ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਵਾਲੇ 40 ਸਕੂਲਾਂ ਦੇ 1903 ਵਿਦਿਆਰਥੀਆਂ ਵਿੱਚੋ ਮੋਹਰੀ ਰਹੇ 110 ਵਿਦਿਆਰਥੀਆਂ ਨੂੰ ਮੈਰਿਟ ਸੂਚੀ ਸ਼ਾਮਲ ਕੀਤਾ ਗਿਆ ਸੀ। ਉਸ ਵਿੱਚ 22 ਵਿਦਿਆਰਥੀ ਸੀਬਾ ਸਕੂਲ ਦੇ ਸ਼ਾਮਲ ਸਨ। ਇਸ ਸਮੇਂ ਸਾਹਿਤਕਾਰ ਬੀਰਇੰਦਰ ਸਿੰਘ ਬਨਭੌਰੀ ਨੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ। ਅਧਿਆਪਕ ਹਰਮੇਸ਼ ਸਿੰਘ ਨੇ ਗੁਰੂ ਰਵਿਦਾਸ ਜੀ ਦੀ ਬਰਾਬਰੀ ਅਤੇ ਸਮਾਜਿਕ ਨਿਆਂ ਸੰਬੰਧੀ ਸਿਖਿਆਵਾਂ ਅਤੇ ਚਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਧਰਮ ਅਤੇ ਜਾਤ ਪਾਤ ਦੇ ਵਿਤਕਰੇ ਨੂੰ ਖ਼ਤਮ ਕਰਨ ਤੇ ਸਮਾਜ ਵਿਚ ਏਕਤਾ ਲਿਆਉਣ ਦੇ ਯਤਨ ਕੀਤੇ।ਪ੍ਰਬੰਧਕ ਸਕੂਲ ਕੰਵਲਜੀਤ ਸਿੰਘ ਢੀਂਡਸਾ ਨੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਬਾ ਦਾ ਉਦੇਸ਼ ਹੀ ਵਿਦਿਆਰਥੀਆਂ ਨੂੰ ਉਸਾਰੂ ਜੀਵਨ ਜਾਚ ਸਿਖਾਉਣਾ ਹੈ।
