ਬੀਬੀ ਰਣਜੀਤ ਕੌਰ “ਪਦਮ ਸ਼੍ਰੀ” ਪੁਰਸਕਾਰ ਦੀ ਹੱਕਦਾਰ— ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾਃ 20 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਅੱਧੀ ਸਦੀ ਤੋਂ ਵੱਧ ਸਮਾਂ ਪੰਜਾਬੀ ਲੋਕ ਸੰਗੀਤ ਨੂੰ ਸਮਰਪਿਤ ਲੋਕ ਗੀਤਾਂ ਤੇ ਲੋਕ ਸੰਗੀਤ ਨੂੰ ਸਮਰਪਿਤ ਯੁੱਗ ਗਾਇਕਾ ਬੀਬੀ ਰਣਜੀਤ ਕੌਰ ਨੂੰ ਅੱਜ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਉਨ੍ਹਾਂ ਦੇ ਇੰਦਰਾ ਨਗਰ ਸਥਿਤ ਘਰ ਪਹੁੰਚ ਤੇ “ਨਰਿੰਦਰ ਬੀਬਾ ਯਾਦਗਾਰੀ ਲੋਕ ਸੰਗੀਤ ਪੁਰਸਕਾਰ”ਨਾਲ ਸਨਮਾਨਿਤ ਕੀਤਾ ਗਿਆ। ਪੁਰਸਕਾਰ ਦੇਣ ਦੀ ਰਸਮ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਜਸਬੀਰ ਸਿੰਘ ਰਾਣਾ ਝਾਂਡੇ, ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ, ਸ. ਪਰਗਟ ਸਿੰਘ ਗਰੇਵਾਲ, ਸਰਪ੍ਰਸਤ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ, ਸੀਨੀਅਰ ਕਾਂਗਰਸੀ ਆਗੂ ਸ. ਗੁਰਦੇਵ ਸਿੰਘ ਲਾਪਰਾਂ, ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਸ. ਸੁਰਜੀਤ ਸਿੰਘ ਲੋਟੇ ਨੇ ਨਿਭਾਈ।
ਬੀਬੀ ਰਣਜੀਤ ਕੌਰ ਬਾਰੇ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਹ ਪੂਰੇ ਪੰਜਾਹ ਸਾਲ ਪਹਿਲਾਂ ਰਣਜੀਤ ਕੌਰ ਤੇ ਮੁਹੰਮਦ ਸਦੀਕ ਜੀ ਨੂੰ ਸੁਣਿਆ ਤੇ ਵੇਖਿਆ ਸੀ। ਇਨ੍ਹਾਂ ਦੇ ਗੀਤ ਸੁਣ ਕੇ ਹੀ ਅਸੀਂ ਲੋਕ ਜਵਾਨ ਹੋਏ ਸੀ।
ਪ੍ਰੋ. ਗਿੱਲ ਨੇ ਕਿਹਾ ਕਿ ਬੀਬੀ ਰਣਜੀਤ ਕੌਰ ਸੰਗੀਤ ਸੇਵਾ ਲਈ ਘੱਟੋ ਘੱਟ “ਪਦਮ ਸ਼੍ਰੀ” ਸਨਮਾਨ ਦੀ ਹੱਕਦਾਰ ਹੈ। ਉਹ ਪੰਜਾਬ ਸਰਕਾਰ ਨੂੰ ਵੀ ਇਹ ਸਿਫ਼ਾਰਸ਼ ਕਰਨ ਦੀ ਬੇਨਤੀ ਕਰਨਗੇ।
ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਰਣਜੀਤ ਕੌਰ ਪੰਜਾਬ ਦੀ ਉਹ ਉੱਘੀ ਪੰਜਾਬੀ ਗਾਇਕਾ ਹੈ ਜਿਸਨੇ ਮੁਹੰਮਦ ਸਦੀਕ ਨਾਲ ਇਕੱਠਿਆਂ ਲਗਪਗ 35 ਸਾਲ ਗਾਇਆ। ਇਸ ਜੋੜੀ ਦੇ ਗਾਏ ਦੋਗਾਣੇ ਬਹੁਤ ਪ੍ਰਸਿੱਧ ਹੋਏ। ਰਣਜੀਤ ਕੌਰ ਨੇ ਬਤੌਰ ਅਦਾਕਾਰਾ ਵਜੋਂ ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿੱਚੋਂ ਰਾਣੋ (1982), ਗੁੱਡੋ (1985), ਪਟੋਲਾ (1987) ਤੇ ਪੁੰਨਿਆ ਦੀ ਰਾਤ (2009) ਪ੍ਰਮੁੱਖ ਹਨ।
ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਰਣਜੀਤ ਕੌਰ ਜੀ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਰੋਪੜ ਵਿੱਚ ਪਿਤਾ ਗਿਆਨੀ ਆਤਮਾ ਸਿੰਘ ਦੇ ਘਰ ਹੋਇਆ ਸੀ ਪਰ ਬਾਅਦ ਵਿੱਚ ਗਿਆਨੀ ਆਤਮਾ ਸਿੰਘ ਪਰਿਵਾਰ ਲੁਧਿਆਣਾ ਆ ਕੇ ਵੱਸ ਗਿਆ ਜਿੰਥੇ 1966 ਵਿੱਚ ਰਣਜੀਤ ਕੌਰ ਦੀ ਦਸਵੀਂ ਵਿੱਚ ਪੜ੍ਹਦਿਆਂ ਦੀ ਪਹਿਲੀ ਰੀਕਾਰਡਿੰਗ ਅਮਰ ਸਿੰਘ ਸ਼ੇਰਪੁਰੀ ਨਾਲ ਦੋ ਗੀਤਾਂ ਦੀ ਹੋਈ। ਉਹ ਦੋ ਗੀਤ ਸਨ ‘ਮਾਹੀ ਵੇ ਮਾਹੀ ਮੈਨੂੰ ਭੰਗ ਚੜ ਗਈ’ ਦੂਸਰਾ ‘ਗਾਲ ਬਿਨਾ ਨਾ ਬੋਲੇ ਨੀ ਜੱਟ ਮੱਘਾ ਜਿਹਾ’। ਇਹ ਦੋਵੇਂ ਗੀਤ ਉਸ ਸਮੇ ਬਹੁਤ ਮਸ਼ਹੂਰ ਹੋਏ।
1967 ਵਿਚ ਇਨ੍ਹਾਂ ਦੀ ਜੋੜੀ ਮੁਹੰਮਦ ਸਦੀਕ ਨਾਲ ਬਣ ਗਈ ਤੇ ਲਗਪਗ 35 ਸਾਲ ਇਕੱਠਿਆਂ ਗਾਇਆ। ਰਣਜੀਤ ਕੌਰ ਨੇ ਉਸਤਾਦ ਜਨਾਬ ਬਾਕਿਰ ਹੁਸੈਨ ਨੂੰ ਉਸਤਾਦ ਧਾਰਿਆ
ਰਣਜੀਤ ਕੌਰ ਨੇ ਮੁਹੰਮਦ ਸਦੀਕ ਜੀ ਨਾਲ਼ ਕਰੀਬ 250 ਦੋਗਾਣੇ ਅਤੇ 39 ਸੋਲੋ ਗੀਤ ਰਿਕਾਰਡ ਕਰਵਾਏ।ਇਹਨਾਂ ਨੇ ਜ਼ਿਆਦਾਤਰ ਗੀਤ ਬਾਬੂ ਸਿੰਘ ਮਾਨ ਮਰਾੜਾਂ ਵਾਲ਼ਾ ਨੇ ਲਿਖੇ। ਗੀਤ ਗਾਏ।
ਸ. ਪਰਗਟ ਸਿੰਘ ਗਰੇਵਾਲ ਨੇ ਕਿਹਾ ਕਿ ਮੋਹਨ ਸਿੰਘ ਮੇਲਾ ਸ਼ੁਰੂ ਕਰਨ ਤੇ ਪੱਕੇ ਪੈਰੀਂ ਕਰਨ ਵਿੱਚ ਬੀਬੀ ਰਣਜੀਤ ਕੌਰ ਤੇ ਮੁਹੰਮਦ ਸਦੀਕ ਜੀ ਦਾ ਬਹੁਤ ਵੱਡਾ ਹਿੱਸਾ ਹੈ।
ਸ. ਗੁਰਦੇਵ ਸਿੰਘ ਲਾਪਰਾਂ ਨੇ ਦੱਸਿਆ ਕਿ ਮੈਂ ਬਚਪਨ ਤੋਂ ਹੀ ਇਨ੍ਹਾਂ ਦੇ ਗੀਤਾਂ ਦਾ ਪ੍ਰਸ਼ੰਸਕ ਹਾਂ। ਇਨ੍ਹਾਂ ਦੇ ਇਕੱਲਿਆਂ ਗਾਏ ਗੀਤ ਅੱਜ ਤੈਂ ਮੈਨੂੰ ਮਾਰ ਪੁਆਈ ਨਣਦੇ,ਤੇਰਾ ਸੋਨੇ ਦੀ ਜ਼ੰਜੀਰੀ ਵਾਲਾ ਕੁੜਤਾ ਮੈਂ ਕਿਹੜੀ ਕਿੱਲੀ ਟੰਗਾਂ ਵੀਰਨਾ
ਖ਼ਾਲੀ ਘੋੜੀ ਹਿਣਕਦੀ ਉੱਤੇ ਨ੍ਹੀਂ ਦੀਂਹਦਾ ਵੀਰ,ਲੈ ਖ਼ਬਰ ਨਿਆਣੀ ਦੀ ਬਾਬਲਾ ਦਰਦ ਵੰਡਾ ਲੈ ਧੀ ਦੇ (ਗੀਤਕਾਰ ਬਾਬੂ ਰਜਬ ਅਲੀ) ਮਾਏ ਨੀ ਮਾਏ ਮੇਰੇ ਦਿਲਾਂ ਦੀਏ ਮਹਿਰਮੇ, ਬੁੱਝ ਮੇਰੀ ਮੁੱਠੀ ਵਿੱਚ ਕੀ, ਲਾਹ ਲਈ ਮੁੰਦਰੀ ਮੇਰੀ, ਚਾਲਾਂ ਦੇ ਨਾਲ ਵਈ ਵਈ,ਘੜਿਆ ਝਨਾਂ ਤੋਂ ਮੈਨੂੰ ਲਾ ਦੇ ਪਾਰ ਵੇ, ਡੂੰਘੇ ਡੁੱਬ ਗੇ ਜਿਗਰੀਆ ਯਾਰਾ ,ਮੈਂ ਪੱਤਣਾਂ ਤੇ ਭਾਲਦੀ ਫਿਰਾਂ
ਗੁੱਡੀ ਵਾਂਗੂੰ ਅੱਜ ਮੈਨੂੰ ਸੱਜਣਾ , ਉਡਾਈ ਜਾ ਉਡਾਈ ਜਾ ,ਗੱਲਾਂ ਮੁੱਕੀ ਨਾ ਮਾਹੀ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ, ਗੁਰੂ ਨਾਨਕ ਵੀਰ ਦੀ ਘੋੜੀ ਪ੍ਰਮੁੱਖ ਹਨ।
ਬੀਬੀ ਰਣਜੀਤ ਕੌਰ ਨੇ ਮਾਲਵਾ ਸੱਭਿਆਚਾਰ ਮੰਚ ਦਾ ਘਰ ਪੁੱਜ ਕੇ ਸਨਮਾਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਵੱਧਦੀ ਉਮਰ ਦਾ ਵੀ ਅਸਰ ਹੈ ਪਰ ਮੈਂ ਅੱਜ ਵੀ ਪੰਜਾਬੀਆਂ ਦੇ ਸਭ ਤਰਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੀ ਹਾਂ ਤੇ ਰਹਿੰਦੀ ਉਮਰ ਵੀ ਸਰਗਰਮ ਰਹਾਂਗੀ।
ਮੰਚ ਦੇ ਪ੍ਰਧਾਨ ਜਸਬੀਰ ਸਿੰਘ ਰਾਣਾ ਝਾਂਡੇ ਤੇ ਸੁਰਜੀਤ ਸਿੰਘ ਲੋਟੇ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।