ਫਰੀਦਕੋਟ, 28 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਾਬਾ ਫਰੀਦ ਲਾਅ ਕਾਲਜ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦਿਆਂ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬੀ.ਏ.ਐਲਐਲ.ਬੀ. ਅਤੇ ਐਲ.ਐਲ.ਬੀ. ਕਲਾਸ ਦੇ ਵਿਦਿਆਰਥੀਆਂ ਨੇ ਜਿਲ੍ਹਾ ਕੋਰਟ ਫਰੀਦਕੋਟ ਵਿੱਚ ਲਾਈ ਗਈ ਨੈਸ਼ਨਲ ਲੋਕ ਅਦਾਲਤ ਵਿੱਚ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਮਿਸ ਦੀਪਿਕਾ ਕੰਵਰ (ਫਰੀ ਲੀਗਲ ਏਡ ਸਰਵਿਸਿਜ ਕਲੀਨਿਕ, ਇੰਚਾਰਜ) ਦੀ ਨਿਗਰਾਨੀ ਹੇਠ ਲੋਕ ਅਦਾਲਤ ਦੀ ਕਾਰਵਾਈ ਦੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਮਾਨਯੋਗ ਜੱਜ ਸਾਹਿਬਾਨ ਗੁਰਪ੍ਰੀਤ ਕੌਰ (ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਿਟੀ-ਕਮ-ਸੈਸ਼ਨ ਜੱਜ), ਮਿਸ ਪਰਵੀਨ ਬਾਲੀ (ਪ੍ਰਿੰਸੀਪਲ ਜੱਜ ਫੈਮਲੀ ਕੋਰਟ), ਮਿਸ ਨਵਜੋਤ ਕੌਰ (ਮਾਨਯੋਗ ਜਿਲਾ ਅਤੇ ਸੈਸ਼ਨ ਜੱਜ), ਮਿਸ ਸ਼ੈਂਪੀ ਚੌਧਰੀ (ਸੀ.ਜੇ.ਐਮ) ਅਤੇ ਲਵਦੀਪ ਹੂੰਦਲ (ਸਿਵਲ ਸੀਨੀਅਰ ਡਵੀਜਨ ਮੈਜਿਸਟ੍ਰੇਟ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ) ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਲੋਕ ਅਦਾਲਤ ਵਿੱਚ ਕਿਵੇਂ ਸਿਵਲ ਕੇਸਾਂ, ਫੈਮਿਲੀ ਕੇਸਾਂ ਅਤੇ ਚੈੱਕ ਡਿਸਆਨਰ ਕੇਸਾਂ, ਐਮ.ਏ.ਸੀ.ਟੀ. ਅਤੇ ਛੋਟੇ ਅਪਰਾਧਿਕ ਕੇਸਾਂ ਵਿੱਚ ਰਾਜੀਨਾਮਾ ਕਰਵਾ ਕੇ ਜਲਦੀ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਵਿਦਿਆਰਥੀਆਂ ਦੇ ਕਾਲਜ ਵਿਖੇ ਪੁੱਜਣ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਜਿਲਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਿਟੀ ਦਾ ਧੰਨਵਾਦ ਕੀਤਾ, ਜਿੰਨ੍ਹਾਂ ਨੇ ਵਿਦਿਆਰਥੀਆਂ ਨੂੰ ਅਦਾਲਤੀ ਸਿਸਟਮ ਬਾਰੇ ਜਾਣੂ ਕਰਵਾਇਆ।

