ਸਰਕਾਰ ਲੋਕ ਪੱਖੀ ਆਵਾਜ਼ ਨੂੰ ਦਬਾਉਣ ਤੇ ਉੱਤਰੀ – ਗੁਰਜੀਤ ਚੌਹਾਨ
ਕਿਸੇ ਵੀ ਪੱਤਰਕਾਰ ਨਾਲ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਗੁਰਪ੍ਰੀਤ ਚਹਿਲ
ਬਠਿੰਡਾ,2 ਮਾਰਚ (ਚਹਿਲ/ਵਰਲਡ ਪੰਜਾਬੀ ਟਾਈਮਜ਼ )
ਇੱਕ ਭੂਤਰੇ ਵਿਧਾਇਕ ਵੱਲੋਂ ਸੱਤਾ ਦੇ ਨਸ਼ੇ ਚ ਚੂਰ ਹੋ ਕੇ ਲੋਕ ਪੱਖ ਚ ਬੋਲਣ ਵਾਲੇ ਪੱਤਰਕਾਰ ਮਨਿੰਦਰਜੀਤ ਸਿੱਧੂ ਦੀ ਆਵਾਜ਼ ਨੂੰ ਦੱਬਣ ਲਈ ਗਾਇਕ ਤੋਂ ਵਿਧਾਇਕ ਬਣੇ ਇੱਕ ਵਿਧਾਇਕ ਦੀ ਕਥਿਤ ਸ਼ਹਿ ਤੇ ਉਸਦੇ ਇੱਕ ਨਜ਼ਦੀਕੀ ਵੱਲੋਂ ਉਕਤ ਪੱਤਰਕਾਰ ਖਿਲਾਫ ਥਾਣਾ ਰਾਮਪੁਰਾ ਵਿੱਚ ਇੱਕ ਨਿਰ ਆਧਾਰ ਮੁਕੱਦਮਾ ਦਰਜ ਕਰਨ ਦੇ ਮਾਮਲੇ ਚ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਨੇ ਉਕਤ ਪੱਤਰਕਾਰ ਦੇ ਹੱਕ ਚ ਬੋਲਦਿਆਂ ਇਸਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਬਾਰੇ ਬੋਲਦਿਆਂ ਕਲੱਬ ਪ੍ਰਧਾਨ ਗੁਰਜੀਤ ਚੌਹਾਨ ਨੇ ਕਿਹਾ ਕਿ ਬਦਲਾ ਦੇ ਨਾਂ ਤੇ ਪੰਜਾਬ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਪੱਤਰਕਾਰਾਂ ਦੇ ਹੱਕ ਚ ਸੱਚ ਦੀ ਆਵਾਜ਼ ਨੂੰ ਦੱਬਦੇ ਹੋਏ ਪਿਛਲੀਆਂ ਸਰਕਾਰਾਂ ਤੋਂ ਵੀ ਦੋ ਕਦਮ ਅਗਾਹ ਪੁੱਟ ਕੇ ਉਹਨਾ ਨੂੰ ਵੀ ਪਛਾੜਦੀ ਜਾ ਰਹੀ ਹੈ। ਪਰ ਲੋਕਤੰਤਰ ਦੇ ਚੌਥੇ ਸਤੰਭ ਦੀ ਆਵਾਜ਼ ਨੂੰ ਕਿਸੇ ਵੀ ਕੀਮਤ ਤੇ ਦਬਾਉਣ ਨਹੀਂ ਦਿੱਤਾ ਜਾਵੇਗਾ। ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ ਨੇ ਇਸ ਮਾਮਲੇ ਤੇ ਬੋਲਦਿਆਂ ਕਿਹਾ ਕਿ ਸੱਤਾ ਦੇ ਨਸ਼ੇ ਅਤੇ ਹੰਕਾਰ ਚ ਚੂਰ ਉਕਤ ਵਿਧਾਇਕ ਨੂੰ ਕਿਸੇ ਵੀ ਤਰਾ ਦਾ ਭੁਲੇਖਾ ਨਹੀਂ ਪਾਲਣਾ ਚਾਹੀਦਾ । ਕਿਉਂਕਿ ਦੂਸਰੀਆਂ ਦੋਨੋਂ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਬਦਲਾਅ ਦੇ ਭੁਲੇਖੇ ਵਿੱਚ ਕੁਝ ਅਜਿਹੇ ਲੋਕਾਂ ਨੂੰ ਵੀ ਵਿਧਾਇਕ ਬਣਾ ਦਿੱਤਾ ਜਿਹੜੇ ਸ਼ਾਇਦ ਪਿੰਡ ਦੀ ਪੰਚੀ ਦੇ ਵੀ ਲਾਇਕ ਨਹੀਂ ਸੀ। ਪਰ ਹੁਣ ਕੁੱਝ ਵਿਧਾਇਕ ਆਪਣੇ ਆਪ ਨੂੰ ਧਰਤੀ ਦਾ ਰੱਬ ਮੰਨਣ ਦਾ ਭੁਲੇਖਾ ਪਾਲੀ ਬੈਠੇ ਹਨ ਅਤੇ ਲੋਕਤੰਤਰ ਦੇ ਚੌਥੇ ਸਤੰਭ ਸਮਝੇ ਜਾਂਦੇ ਮੀਡੀਆ ਦੀ ਸੱਚੀ ਆਵਾਜ਼ ਨੂੰ ਤਾਕਤ ਦੇ ਬਲ ਨਾਲ ਬੰਦ ਕਰਨ ਦੀ ਕੋਸ਼ਿਸ਼ ਚ ਲੱਗੇ ਹਨ। ਪਰ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਹਰ ਪੱਤਰਕਾਰ ਨਾਲ ਚੱਟਾਨ ਵਾਂਗ ਖੜਾ ਹੈ ਅਤੇ ਕਿਸੇ ਵੀ ਪੱਤਰਕਾਰ ਨਾਲ ਹੁੰਦੀ ਵਧੀਕੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਲੋਕ ਆਵਾਜ਼ ਟੀਵੀ ਦੇ ਸੰਚਾਲਕ ਪੱਤਰਕਾਰ ਮਨਿੰਦਰਜੀਤ ਸਿੱਧੂ ਵੱਲੋਂ ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਆਈ ਹੋਈ ਇੱਕ ਕਥਿਤ ਆਡੀਓ ਨੂੰ ਆਪਣੇ ਚੈਨਲ ਤੇ ਟੈਲੀਕਾਸਟ ਕੀਤਾ ਸੀ। ਜਿਸ ਬਾਰੇ ਉਕਤ ਪੱਤਰਕਾਰ ਵੱਲੋਂ ਆਪਣੇ ਚੈਨਲ ਤੇ ਇਹ ਲਿਖਿਆ ਗਿਆ ਸੀ ਕਿ ਇਸ ਆਡੀਓ ਵਿਚਲੀ ਆਵਾਜ਼ ਦੀ ਇਹ ਚੈਨਲ ਕਿਸੇ ਵੀ ਤਰ੍ਹਾਂ ਪੁਸ਼ਟੀ ਨਹੀਂ ਕਰਦਾ। ਪਰ ਬਾਵਜੂਦ ਇਸਦੇ ਉਕਤ ਵਿਧਾਇਕ ਦੇ ਇੱਕ ਨਿੱਜੀ ਸਹਾਇਕ ਵੱਲੋਂ ਮਨਿੰਦਰਜੀਤ ਸਿੱਧੂ ਖਿਲਾਫ ਥਾਣਾ ਰਾਮਪੁਰਾ ਵਿਖੇ ਇੱਕ ਨਿਰਾਧਾਰ ਮੁਕਦਮਾ ਦਰਜ ਕਰਵਾਇਆ ਗਿਆ ਸੀ ਜਿਸਦੀ ਕਿ ਪੱਤਰਕਾਰ ਸਮਾਜ ਦੇ ਨਾਲ ਨਾਲ ਬਹੁ ਗਿਣਤੀ ਜਥੇਬੰਦੀਆਂ ਅਤੇ ਸਮਾਜ ਦੇ ਸੁਹਿਰਦ ਲੋਕਾਂ ਵੱਲੋਂ ਵੀ ਸਖਤ ਨਿਖੇਧੀ ਕੀਤੀ ਜਾ ਰਹੀ ਹੈ।
