ਰਾਜਨੀਤਿਕ, ਕਿਸਾਨ ਅਤੇ ਮਜਦੂਰ ਜਥੇਬੰਦੀਆਂ ਦੇ ਆਗੂਆਂ ਦੀ ਭਰਵੀਂ ਸ਼ਮੂਲੀਅਤ
ਕੋਟਕਪੂਰਾ, 3 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਉਪਰ ਦਰਜ ਹੋਏ ਝੂਠੇ ਮਾਮਲੇ ਦੇ ਵਿਰੋਧ ਵਿੱਚ ਜਿਲਾ ਫਰੀਦਕੋਟ ਦੇ ਵੱਖ ਵੱਖ ਕਸਬਿਆਂ ਅਤੇ ਸ਼ਹਿਰਾਂ ਤੋਂ ਆਏ ਪੱਤਰਕਾਰਾਂ ਨੇ ਸਥਾਨਕ ਬੱਤੀਆਂ ਵਾਲੇ ਚੌਂਕ ਵਿੱਚ ‘ਆਪ’ ਵਿਧਾਇਕ ਬਲਕਾਰ ਸਿੱਧੂ ਦਾ ਪੁਤਲਾ ਫੂਕ ਕੇ ਜੰਮ ਕੇ ਨਾਹਰੇਬਾਜੀ ਕਰਦਿਆਂ ਪਿੱਟ ਸਿਆਪਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਜੁੜੀਆਂ ਕਈ ਸੰਸਥਾਵਾਂ ਅਤੇ ਕਲੱਬਾਂ ਤੋਂ ਇਲਾਵਾ ਕਿਸਾਨਾ ਅਤੇ ਮਜਦੂਰਾਂ ਸਮੇਤ ਹੋਰ ਵੀ ਅਨੇਕਾਂ ਜਥੇਬੰਦੀਆਂ ਦੇ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪੱਤਰਕਾਰਾਂ ਸਮੇਤ ਕਿਸਾਨ ਮਜਦੂਰ ਆਗੂਆਂ ਨੇ ਦੋਸ਼ ਲਾਇਆ ਕਿ ਸਮੇਂ ਦੀਆਂ ਸਰਕਾਰਾਂ ਪੈ੍ਰਸ ਨੂੰ ਆਪਣੀ ਮੁੱਠੀ ਵਿੱਚ ਲੈਣ ਲਈ ਤਤਪਰ ਰਹਿੰਦੀਆਂ ਹਨ, ਭਾਵੇਂ ਕੇਂਦਰ ਜਾਂ ਸੂਬਾ ਸਰਕਾਰਾਂ ਦਾ ਕੋਈ ਵੀ ਹਾਕਮ ਹੋਵੇ, ਪਿਛਲੇ ਸਮੇਂ ਵਿੱਚ ਸੱਤਾ ਦਾ ਆਨੰਦ ਮਾਣਨ ਵਾਲੀਆਂ ਵੱਖ-ਵੱਖ ਸੂਬਾ ਅਤੇ ਕੇਂਦਰ ਸਰਕਾਰਾਂ ਦੀਆਂ ਪੱਤਰਕਾਰਾਂ ਪ੍ਰਤੀ ਬਦਨੀਤੀਆਂ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕਰਦਿਆਂ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਲੋਕਤੰਤਰ ਦੇ ਚੌਥੇ ਥੰਮ ਨੂੰ ਡਰਾਉਣ, ਧਮਕਾਉਣ ਜਾਂ ਜਲੀਲ ਕਰਨ ਦਾ ਖਮਿਆਜਾ ਹਾਕਮਾ ਨੂੰ ਲੋਕ ਕਚਹਿਰੀ ਵਿੱਚ ਭੁਗਤਣਾ ਪਵੇਗਾ। ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ, ਮਜਦੂਰ ਆਗੂ ਅੰਗਰੇਜ ਸਿੰਘ ਗੋਰਾ ਮੱਤਾ ਸਮੇਤ ਕਿਸਾਨ ਆਗੂਆਂ ਹਰਜਿੰਦਰ ਸਿੰਘ ਹਰੀਨੌ, ਜਸਪ੍ਰੀਤ ਸਿੰਘ ਜੱਸਾ ਕੋਹਾਰਵਾਲਾ ਅਤੇ ਹੋਰਨਾ ਨੇ ਆਖਿਆ ਕਿ ‘ਆਪ’ ਵਿਧਾਇਕ ਬਲਕਾਰ ਸਿੱਧੂ ਦੀ ਆਪਣੀ ਹੀ ਪਾਰਟੀ ਦੇ ਆਗੂਆਂ ਅਤੇ ਔਰਤਾਂ ਪ੍ਰਤੀ ਅਪਮਾਨਜਨਕ ਅਤੇ ਇਤਰਾਜਯੋਗ ਸ਼ਬਦਾਵਲੀ ਵਾਲੀ ਗੱਲਬਾਤ ਵਾਇਰਲ ਹੋਣ ਤੋਂ ਬਾਅਦ ਸਰਕਾਰ ਵਲੋਂ ਬਲਕਾਰ ਸਿੱਧੂ ਖਿਲਾਫ ਕਾਰਵਾਈ ਕਰਕੇ ਮਨਿੰਦਰਜੀਤ ਸਿੰਘ ਸਿੱਧੂ ਦਾ ਬਕਾਇਦਾ ਸਨਮਾਨ ਹੋਣਾ ਚਾਹੀਦਾ ਸੀ ਪਰ ਹਾਕਮਾ ਨੇ ਬਲਕਾਰ ਸਿੱਧੂ ਖਿਲਾਫ ਕਾਰਵਾਈ ਕਰਨ ਦੀ ਬਜਾਇ ਉਲਟਾ ਪੱਤਰਕਾਰਤਾ ਦਾ ਇਮਾਨਦਾਰੀ ਨਾਲ ਧਰਮ ਨਿਭਾਉਣ ਵਾਲੇ ਮਨਿੰਦਰਜੀਤ ਸਿੰਘ ਸਿੱਧੂ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਬਦਲਾਲਊ ਰਾਜਨੀਤੀ ਨਾਲ ਆਪਣਾ ਦੀਵਾਲੀਆਪਣ ਜੱਗ ਜਾਹਰ ਕਰ ਦਿੱਤਾ ਹੈ।

