ਫ਼ਗਵਾੜਾ 10 ਮਾਰਚ (ਅਸ਼ੋਕ ਸ਼ਰਮਾ/ ਮੋਨਿਕਾ ਬੇਦੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਲਈ ਵਚਨਬੱਧ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਕਰਵਾਇਆ ਜਾਂਦਾ ਲਾਈਵ ਪੰਜਾਬੀ ਕਵੀ ਦਰਬਾਰ ਸਰੋਤਿਆਂ ਦੇ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਹੈ।ਮਾਨਸਰੋਵਰ ਸਾਹਿਤਕ ਅਕਾਦਮੀ ਵੱਲੋਂ ਮਿਤੀ 09 ਮਾਰਚ ਦਿਨ ਐਤਵਾਰ 2025 ਨੂੰ ਸ਼ਾਮ 5 ਵਜੇ ਲਾਈਵ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਜਗਦੇਵ ਸਿੰਘ ਜੀ ਰਾਮਪੁਰਾ ਫੂਲ, ਜਗਜੀਤ ਸਿੰਘ ਜੀ ਝੱਤਰਾ, ਗੁਰੀ ਆਦੀਵਾਲ ਜੀ,ਹਰਪਾਲ ਸਿੰਘ ਜੀ, ਕੁਲਵਿੰਦਰ ਸਿੰਘ ਜੀ ਕੋਟਕਪੂਰਾ ਅਤੇ ਵਿਪਨ ਗੁਪਤਾ ਜੀ ਨੇ ਹਾਜ਼ਰੀ ਭਰੀ। ਕਵੀ ਦਰਬਾਰ ਦਾ ਆਗਾਜ਼ ਪ੍ਰੋਗਰਾਮ ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਮਾਂ ਬੋਲੀ ਪੰਜਾਬੀ ਦੇ ਮਿਠਾਸ ਭਰਪੂਰ ਬੋਲਾਂ ਦੇ ਨਾਲ ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕਰਕੇ ਕੀਤਾ। ਜਗਦੇਵ ਸਿੰਘ ਜੀ ਰਾਮਪੁਰਾ ਫੂਲ ਨੇ ਬਾ-ਕਮਾਲ ਕਵਿਤਾਵਾਂ ਪੇਸ਼ ਕੀਤੀਆਂ ਅਤੇ ਜਗਜੀਤ ਸਿੰਘ ਜੀ ਝੱਤਰਾ ਨੇ ਦਿਲ ਨੂੰ ਛੂਹਣ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਗੁਰੀ ਆਦੀਵਾਲ ਜੀ ਨੇ ਵੀ ਭਾਵੁਕ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਹਰਪਾਲ ਸਿੰਘ ਜੀ ਨੇ ਵੀ ਸਕੂਨ ਭਰਪੂਰ ਕਵਿਤਾਵਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਕੁਲਵਿੰਦਰ ਸਿੰਘ ਜੀ ਕੋਟਕਪੂਰਾ ਨੇ ਵੀ ਸੇਧ ਵਰਧਕ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਵਿਪਨ ਗੁਪਤਾ ਜੀ ਨੇ ਵੀ ਇੱਕ ਕਵਿਤਾ ਪੇਸ਼ ਕੀਤੀ। ਪ੍ਰੋਗਰਾਮ ਦੇ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਸੰਸਥਾ ਦੀ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਸਾਰੇ ਕਵੀਆਂ ਨੇ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਦੇ ਇਸ ਉਪਰਾਲੇ ਦਾ ਦਿਲੋਂ ਸੁਆਗਤ ਕੀਤਾ। ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਖ਼ੂਨ ਦਾਨ, ਅੱਖਾਂ ਦਾਨ ਵਰਗੇ ਮਹਾਨ ਦਾਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸਭ ਕਲਮਕਾਰਾਂ ਅਤੇ ਸਰੋਤਿਆਂ ਨੂੰ ਸੁਨੇਹਾ ਦਿੱਤਾ।

