ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰਕੇ ਇੱਕ ਕਿੱਲੋ ਹੈਰੋਇਨ ਕੀਤੀ ਬਰਾਮਦ
ਕੋਟਕਪੂਰਾ, 11 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੀ.ਆਈ.ਏ. ਸਟਾਫ਼ ਨੇ ਫ਼ਿਰੋਜ਼ਪੁਰ ਦੇ ਮਖੂ ਸ਼ਹਿਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ 1 ਕਿਲੋ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਵੱਡੀ ਤੇ ਅਹਿਮ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਐਸ.ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ. ਟੀਮ ਵੱਲੋਂ ਗਸ਼ਤ ਦੌਰਾਨ ਪਿੰਡ ਘੁਮਿਆਰਾ ਤੋਂ ਚੰਦਬਾਜਾ ਰਾਹੀਂ ਫਰੀਦਕੋਟ ਵੱਲ ਨੂੰ ਆ ਰਹੇ ਸਨ। ਇਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਪਿੰਡ ਮੰਡਵਾਲਾ ਲਿੰਕ ਰੋਡ ਤੋਂ ਹਾਈਵੇਅ ’ਤੇ ਚੜ੍ਹਨ ਲੱਗਾ ਪਰ ਪੁਲਿਸ ਨੂੰ ਸਾਹਮਣੇ ਦੇਖ ਕੇ ਉਹ ਡਰ ਗਿਆ ਅਤੇ ਪਿੱਛੇ ਮੁੜਨ ਲੱਗਾ। ਜਿਸ ਕਾਰਨ ਪੁਲਿਸ ਨੇ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ। ਉਸ ਕੋਲੋਂ ਪੁੱਛਗਿੱਛ ਕਰਨ ’ਤੇ ਉਸ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਚਿੱਟੀ ਵਾਸੀ ਮਖੂ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਕਤ ਵਿਅਕਤੀ ਕੋਲ ਕਿੱਟ ਵਿੱਚ ਕੋਈ ਸ਼ੱਕੀ ਵਸਤੂ ਹੈ, ਜਿਸ ਕਾਰਨ ਜਦੋਂ ਉਨ੍ਹਾਂ ਡੀ.ਐਸ.ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ ਨੂੰ ਬੁਲਾ ਕੇ ਉਨ੍ਹਾਂ ਦੀ ਹਾਜ਼ਰੀ ਵਿੱਚ ਕਿੱਟ ਦੀ ਤਲਾਸ਼ੀ ਲਈ ਤਾਂ ਕੱਪੜਿਆਂ ਹੇਠੋਂ ਇੱਕ ਪੈਕਟ ਮਿਲਿਆ, ਜਿਸ ’ਤੇ ਟੇਪ ਲਾਈ ਗਈ ਸੀ। ਦੋਂ ਇਸ ਨੂੰ ਖੋਲਿ੍ਹਆ ਗਿਆ ਤਾਂ ਉਸ ’ਚੋਂ ਪਲਾਸਟਿਕ ਵਿੱਚ ਪੈਕ 1 ਕਿਲੋ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸਥਾਨਕ ਥਾਣਾ ਸਦਰ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ।