ਬਰਗਾੜੀ/ਕੋਟਕਪੂਰਾ, 15 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ‘ਬਾਣੀ ਗੁਰੂ, ਗੁਰੂ ਹੈ ਬਾਣੀ’ ਦੇ ਮਹਾਂਵਾਕ ਅਨੁਸਾਰ ਅਥਾਹ ਸ਼ਰਧਾ ਰੱਖਦੇ ਹੋਏ ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਵੱਲੋਂ ਸਕੂਲ ਦੇ ਵਿਹੜੇ ਵਿੱਚ ਬੜੀ ਸ਼ਰਧਾ ਨਾਲ ਜੁਗੋ-ਜੁਗ ਅਟੱਲ ਗੁਰੁ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਹ ਧਾਰਮਿਕ ਕਾਰਜ ਅਸਲ ਵਿੱਚ ਵਿੱਦਿਅਕ ਸੈਸ਼ਨ 2024-25 ਦੀ ਸ਼ਾਨਦਾਰ ਸਮਾਪਤੀ ਲਈ ਅਤੇ ਸੈਸ਼ਨ 2025-26 ਦੀ ਸੁੱਖਮਈ ਸ਼ੁਰੂਆਤ ਅਤੇ ਚੜ੍ਹਦੀ ਕਲਾ ਲਈ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਸੀ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ 13 ਮਾਰਚ 2025 ਦਿਨ ਵੀਰਵਾਰ ਨੂੰ ਪ੍ਰਕਾਸ਼ ਹੋਏ ਅਤੇ ਇਨ੍ਹਾਂ ਦੇ ਭੋਗ 15 ਮਾਰਚ 2025 ਦਿਨ ਸ਼ਨੀਵਾਰ ਨੂੰ ਪਾਏ ਗਏ। ਇਸ ਸਮੇਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ, ਕੋਆਰਡੀਨੇਟਰਜ਼, ਸਮੂਹ ਸਕੂਲ ਸਟਾਫ਼ੳਮਪ; ਮੈਂਬਰ, ਇਸ ਅਦਾਰੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜੇ ਮੈਂਬਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੀ ਹਾਜ਼ਰੀ ਲਗਵਾਈ। ਜ਼ਿਕਰਯੋਗ ਹੈ ਕਿ ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਭਗਤਾ ਭਾਈਕਾ’ ਹਰ ਸਾਲ ਆਪਣੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਕਰਦਾ ਹੈ ਤਾਂ ਕਿ ਆਉਣ ਵਾਲਾ ਸੈਸ਼ਨ ਬਿਨਾਂ ਕਿਸੇ ਰੁਕਾਵਟ ਜਾਂ ਅੜਚਨ ਦੇ ਛਾਲਾਂ ਮਾਰਦਾ ਅੱਗੇ ਵੱਧਦਾ ਹੋਇਆ ਨ੍ਹੇਪਰੇ ਚੜ੍ਹੇ। ਇਸ ਕਾਰਜ ਵਿੱਚ ਇਸ ਸੰਸਥਾ ਦੀ ਤਰੱਕੀ, ਸਫਲਤਾ, ਇਸ ਨਾਲ ਜੁੜੇ ਹਰ ਮੈਂਬਰ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਹੋਈ। ਇਸ ਸ਼ੁੱਭ ਅਵਸਰ ’ਤੇ ਵਿਦਿਆਰਥੀਆਂ ਨੇ ਸ਼ਬਦ, ਬਹੱਤਰ ਕਲਾ ਛੰਦ ਅਤੇ ਕਵੀਸ਼ਰੀ ਪੇਸ਼ ਕਰਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ਼੍ਰੀ ਰੂਪ ਲਾਲ ਬਾਂਸਲ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਾਨ ਰੂਹਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਇਹ ਸੰਸਥਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ ਅਤੇ ਅੱਜ ਅਸੀਂ ਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਆਪਣਾ ਮਿਹਰ ਭਰਿਆ ਹੱਥ ਇਸ ਸੰਸਥਾ ਉੱਪਰ ਅਤੇ ਇਸਦੇ ਹਰੇਕ ਮੈਂਬਰ ਉੱਪਰ ਸਦਾ ਰੱਖਣ। ਵਿਦਿਆਰਥੀਆਂ ਨੂੰ ਨਵੀਂ ਚੇਤਨਾ ਅਤੇ ਉਤਸ਼ਾਹ ਨਾਲ ਗੁਰੂ ਜੀ ਦਾ ਓਟ ਆਸਰਾ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਨ ਲਈ ਕਿਹਾ।ਭੋਗ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਆਈ ਹੋਈ ਸਮੂਹ ਸੰਗਤ ਨੇ ਪੰਗਤ ਪ੍ਰਥਾ ਨੂੰ ਜਾਰੀ ਰੱਖਦੇ ਹੋਏ ਪੰਗਤਾਂ ਵਿੱਚ ਬੈਠ ਕੇ ਸ਼ਰਧਾ ਨਾਲ ਲੰਗਰ ਛਕਿਆ। ਇਸ ਕਾਰਜ ਵਿੱਚ ਸੰਸਥਾ ਦੇ ਡਰਾਈਵਰ ਵੀਰਾਂ ਅਤੇ ਸਹਾਇਕ ਕਰਮਚਾਰੀਆਂ ਨੇ ਆਪਣੀ ਅਣਥੱਕ ਸੇਵਾ ਨਿਭਾਈ। ਇਸ ਤਰ੍ਹਾਂ ਸਮੂਹ ਪ੍ਰਬੰਧਕ ਕਮੇਟੀ ਦੇ ਮੈਬਰ ਸਾਹਿਬਾਨ, ਪ੍ਰਿੰਸੀਪਲ ਸਾਹਿਬ, ਕੋਆਰਡੀਨੇਟਰਜ਼, ਸਮੂਹ ਸਕੂਲ ਸਟਾਫ਼ ਮੈਂਬਰ ਅਤੇ ਇਸ ਸੰਸਥਾ ਦੇ ਨਾਲ ਜੁੜੇ ਹਰੇਕ ਮੈਂਬਰ ਦੇ ਅਥੱਕ ਸਹਿਯੋਗ ਨਾਲ ਇਹ ਧਾਰਮਿਕ ਕਾਰਜ ਸਫਲਤਾ ਪੂਰਵਕ ਨ੍ਹੇਪਰੇ ਚੜ੍ਹਿਆ।
