ਫਰੀਦਕੋਟ, 24 ਮਾਰਚ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼ੈਪੀ ਚੌਧਰੀ ਦੀ ਅਦਾਲਤ ਨੇ ਕਰੀਬ ਸਾਢੇ ਪੰਜ ਸਾਲ ਪਹਿਲਾਂ ਥਾਣਾ ਸਿਟੀ ਫਰੀਦਕੋਟ ਦੀ ਪੁਲਸ ਵਲੋਂ ਭਾਰਤੀ ਫੌਜ ਦੇ ਹਥਿਆਰਾਂ ਬਾਰੇ ਜਾਣਕਾਰੀ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੂੰ ਦੇਣ ਦੇ ਮਾਮਲੇ ’ਚ ਨਾਮਜ਼ਦ ਕੀਤੇ ਇਕ ਵਿਅਕਤੀ ਖਿਲਾਫ ਪੁਖਤਾ ਸਬੂਤ ਨਾ ਮਿਲਣ ’ਤੇ ਕਥਿਤ ਦੋਸ਼ਾਂ ’ਚੋਂ ਬਰੀ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਸਫਾਈਕਰਤਾ ਦੇ ਵਕੀਲ ਅਜੀਤ ਸਿੰਘ ਸੇਖੋਂ ਨੇ ਕਰਦਿਆਂ ਦੱਸਿਆ ਕਿ ਥਾਣਾ ਸਿਟੀ ਫਰੀਦਕੋਟ ਦੀ ਪੁਲਸ ਨੇ ਦੋਸ਼ ਲਾਇਆ ਸੀ ਕਿ ਜਦ ਪੁਲਸ ਪਾਰਟੀ ਮਿਤੀ 29 ਜੂਨ 2019 ਨੂੰ ਨਾਕਾਬੰਦੀ ਦੌਰਾਨ ਸਾਦਿਕ ਚੌਕ ਫਰੀਦਕੋਟ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਖਵਿੰਦਰ ਸਿੰਘ ਸਿੱਧੂ ਉਰਫ ਸੁੱਖਾ ਪੁੱਤਰ ਮੁਖਤਿਆਰ ਸਿੰਘ ਵਾਸੀ ਜੀਦੜਾ, ਜ਼ਿਲਾ ਮੋਗਾ ਹਾਲ ਵਾਸੀ ਨਿਊ ਕੈਂਟ ਰੋਡ ਫਰੀਦਕੋਟ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਭਾਰਤੀ ਫੌਜ ਦੇ ਦਸਤਾਵੇਜ਼ਾਂ ਬਾਰੇ, ਹੋਰ ਰਾਜ ਯੂਨਿਟਾਂ ਦੀ ਲੋਕੇਸ਼ਨ ਤੇ ਭਾਰਤੀ ਫੌਜ ਦੇ ਹਥਿਆਰਾਂ ਬਾਰੇ ਜਾਣਕਾਰੀ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ ਅਫਸਰਾਂ ਨੂੰ ਦਿੰਦਾ ਹੈ। ਇਤਲਾਹ ’ਤੇ ਸੁਖਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜਿਸ ’ਤੇ ਸਫਾਈਕਰਤਾ ਨੇ ਆਪਣੇ ਵਕੀਲ ਅਜੀਤ ਸਿੰਘ ਸੇਖੋਂ ਰਾਹੀਂ ਪੈਰਵਾਈ ਕਰਦੇ ਹੋਏ ਆਪਣੀ ਬੇਗੁਨਾਹੀ ਦਾ ਪੁਖਤਾ ਸਬੂਤ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ’ਤੇ ਮਾਣਯੋਗ ਅਦਾਲਤ ਨੇ ਦੋਵੇਂ ਧਿਰਾਂ ਦੇ ਵਕੀਲਾਂ ਦੀ ਬਹਿਸ ਸੁਣਨ ਉਪਰੰਤ ਸੁਖਵਿੰਦਰ ਸਿੰਘ ਖਿਲਾਫ ਪੁਖਤਾ ਸਬੂਤ ਪੇਸ਼ ਨਾ ਹੋਣ ’ਤੇ ਅਦਾਲਤ ਨੇ ਬਰੀ ਕਰਨ ਦਾ ਹੁਕਮ ਕੀਤਾ ਹੈ।
