ਭਗਵੰਤ ਮਾਨ ਸਰਕਾਰ ਖਿਲਾਫ ਕੀਤੀ ਤਿੱਖੀ ਨਾਹਰੇਬਾਜੀ, ਵਾਅਦੇ ਕਰਕੇ ਮੁੱਕਰਨ ਦਾ ਲਾਇਆ ਦੋਸ਼
ਕੋਟਕਪੂਰਾ, 27 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਭਗਵੰਤ ਮਾਨ ਸਰਕਾਰ ਦੇ ਚੌਥੇ ਬਜਟ ਨੇ ਸਮਾਜ ਦੇ ਹੋਰ ਵਰਗਾਂ ਵਾਂਗ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੂੰ ਵੀ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ, ਜਿਸ ਕਾਰਨ ਇਹਨਾਂ ਸਾਰਿਆਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਸਥਾਨਕ ਮਿਊਂਸਪਲ ਪਾਰਕ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਕੋਟਕਪੂਰਾ ਤਹਿਸੀਲ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਆਸ਼ਾ ਵਰਕਰਾਂ ਨੇ ਰੈਲੀ ਕਰਨ ਤੋਂ ਬਾਅਦ ਗੋਲ ਚੌਂਕ ਤੱਕ ਰੋਸ ਮਾਰਚ ਕਰਕੇ ਅਤੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਹਰੇਬਾਜ਼ੀ ਕਰਕੇ ਇਸ ਬਜਟ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਪੈਨਸ਼ਨਰ ਯੂਨੀਅਨ ਏਟਕ ਦੇ ਸੂਬਾ ਜਨਰਲ ਸਕੱਤਰ ਪ੍ਰੇਮ ਚਾਵਲਾ, ਪੰਜਾਬ ਮੰਡੀ ਬੋਰਡ ਦੇ ਸੂਬਾ ਪ੍ਰਧਾਨ ਵੀਰ ਇੰਦਰਜੀਤ ਸਿੰਘ ਪੁਰੀ, ਪੈਨਸ਼ਨਰ ਆਗੂ ਸੁਭਾਸ਼ ਸ਼ਰਮਾ, ਕੁਲਵਿੰਦਰ ਮੌੜ, ਕੁਲਵੰਤ ਸਿੰਘ ਚਾਨੀ, ਖਰਾਇਤੀ ਲਾਲ ਸ਼ਰਮਾ, ਕੁਲਜੀਤ ਸਿੰਘ ਬੰਬੀਹਾ, ਅਮਰਜੀਤ ਕੌਰ ਰਣ ਸਿੰਘ ਵਾਲਾ ਸੂਬਾ ਪ੍ਰਧਾਨ, ਹਰਦੀਪ ਸਿੰਘ ਕਟਾਰੀਆ, ਇਕਬਾਲ ਸਿੰਘ ਢੁੱਡੀ, ਬਲਕਾਰ ਸਿੰਘ ਸਹੋਤਾ, ਸੋਮਨਾਥ ਅਰੋੜਾ, ਬਲਵਿੰਦਰ ਸਿੰਘ ਗੋਸਵਾਮੀ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ ਅਤੇ ਰਾਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਹਰ ਗੱਲ ਵਿੱਚ ਰਵਾਇਤੀ ਪਾਰਟੀਆਂ ਨੂੰ ਭੰਡਣ ਵਾਲੀ ਭਗਵੰਤ ਮਾਨ ਸਰਕਾਰ ਮੁਲਾਜ਼ਮ ਵਰਗ ਲਈ ਹੁਣ ਤੱਕ ਦੀ ਸਭ ਤੋਂ ਨਖਿੱਧ ਸਰਕਾਰ ਸਾਬਿਤ ਹੋਈ ਹੈ। ਇਕ ਪਾਸੇ ਬਜਟ ਦੇ ਪੈਰਾ ਨੰਬਰ 112 ਵਿੱਚ ਵਿੱਤ ਮੰਤਰੀ ਲਿਖਦੇ ਹਨ ਕਿ ‘ਕਰਮਚਾਰੀਆਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ।’ ਜੇ ਇਸ ਵਿੱਚ ਭੋਰਾ ਜਿੰਨੀ ਵੀ ਸਚਾਈ ਹੁੰਦੀ ਤਾਂ ਅੱਜ ਪੰਜਾਬ ਦੇ 6 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪੰਜਾਬ ਦੇ ਹਰ ਕੋਨੇ ਕੋਨੇ ਵਿੱਚ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜਣ ਲਈ ਮਜਬੂਰ ਨਾ ਹੋਣਾ ਪੈਂਦਾ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇਹ ਰਕਮ ਤੁਰਤ ਦੇਣ ਦੀ ਬਜਾਏ ’ਢਾਂਚਾਗਤ ਲਿਕਵੀਡੇਸ਼ਨ ਯੋਜਨਾ’ ਦੀਆਂ ਬੁਝਾਰਤਾਂ ਪਾ ਰਹੀ ਹੈ ਜਦੋਂ ਕਿ ਜਨਵਰੀ 2016 ਤੋਂ ਜੂਨ 2021 ਤੱਕ ਬਣਦੇ ਇਸ ਬਕਾਏ ਨੂੰ ਉਡੀਕਦੇ ਹਜਾਰਾਂ ਪੈਨਸ਼ਨਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਹੁਣ ਵੀ ਸਰਕਾਰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਖ਼ਤ ਝਾੜ-ਝੰਬ ਕਰਵਾਉਣ ਤੋਂ ਬਾਅਦ ਹੀ ਇਸ ਬਾਰੇ ਗੱਲ ਕਰਨ ਤੇ ਮਜਬੂਰ ਹੋਈ ਹੈ। ਆਗੂਆਂ ਨੇ ਅੱਗੇ ਕਿਹਾ ਕਿ ਇਸ ਬਕਾਏ ਦੇ ਇਲਾਵਾ ਮਹਿੰਗਾਈ ਭੱਤੇ ਦੀਆਂ 11 ਫੀਸਦੀ ਦੀ ਦਰ ਨਾਲ ਤਿੰਨ ਕਿਸ਼ਤਾਂ ਅਤੇ 250 ਮਹੀਨਿਆਂ ਦਾ ਬਕਾਇਆ ਵੀ ਮਾਨ ਸਰਕਾਰ ਵੱਲ ਖੜ੍ਹਾ ਹੈ, ਜਿਸ ਦੀ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਜਿਕਰ ਕਰਨ ਦੀ ਲੋੜ ਵੀ ਨਹੀਂ ਸਮਝੀ ਗਈ। ਇਸ ਦੇ ਇਲਾਵਾ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਸਰਕਾਰ ਦਾ ਕੋਈ ਖਜਾਨਾ ਖਰਚ ਨਹੀਂ ਹੁੰਦਾ। ਔਰਤਂ ਦੀ ਭਲਾਈ ਦੇ ਵੱਡੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਵੱਲੋਂ ਕੰਮ ਕਾਜੀ ਔਰਤਾਂ-ਆਸ਼ਾ ਵਰਕਰ, ਆਂਗਣਵਾੜੀ ਅਤੇ ਮਿਡ-ਡੇ-ਮੀਲ ਵਰਕਰ ਦੀਆਂ ਉਜਰਤਾਂ/ਮਾਣਭੱਤੇ ਵਿੱਚ ਭੋਰਾ ਵੀ ਵਾਧਾ ਨਾ ਕਰਕੇ ਬਾਕੀ ਠੇਕਾ ਮੁਲਾਜ਼ਮਾਂ ਵਾਂਗ ਹੀ ਅਤਿ ਦਰਜੇ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਮਦਨ ਲਾਲ ਸ਼ਰਮਾ ਸੰਧਵਾਂ, ਜਗਵੰਤ ਸਿੰਘ ਬਰਾੜ ਮੁੱਖ ਅਧਿਆਪਕ, ਪ੍ਰਿੰਸੀਪਲ ਜੁਗਰਾਜ ਸਿੰਘ, ਪ੍ਰਿੰਸੀਪਲ ਦਰਸ਼ਨ ਸਿੰਘ, ਹਾਕਮ ਸਿੰਘ, ਹਰਦੇਵ ਸਿੰਘ ਗਿੱਲ, ਜਸਪਾਲ ਸਿੰਘ, ਹਰਨੇਕ ਸਿੰਘ ਸਾਹੋਕੇ, ਜਗਸੀਰ ਸਿੰਘ ਖਾਰਾ, ਬਿਲਵਾ ਮੰਗਲ ਗੁਪਤਾ, ਸੁਰਿੰਦਰ ਕੁਮਾਰ ਮੁੰਜਾਲ, ਗੁਰਦੀਪ ਭੋਲਾ ਪੀ ਆਰ ਟੀ ਸੀ, ਮੰਦਰ ਸਿੰਘ ਲੈਕਚਰਾਰ, ਤਾਰਾ ਸਿੰਘ ਪ੍ਰੇਮੀ, ਰਾਜਿੰਦਰ ਸਿੰਘ ਬਾਵਾ, ਹਰਜਿੰਦਰ ਸਿੰਘ, ਕਸ਼ਮੀਰ ਸਿੰਘ, ਵਿਨੋਦ ਕੁਮਾਰ, ਹਰਦੀਪ ਸਿੰਘ ਫਿੱਡੂ ਭਲਵਾਨ, ਬਲਵਿੰਦਰ ਸਿੰਘ ਮਲਕੀਤ ਸਿੰਘ ਢਿਲਵਾਂ ਕਲਾਂ, ਜਗਰੂਪ ਸਿੰਘ, ਸ਼ਵਿੰਦਰ ਸਿੰਘ ਭੱਟੀ, ਜਗਦੇਵ ਸਿੰਘ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਬਾਜ ਸਿੰਘ ਵਿਰਦੀ, ਜਸਵਿੰਦਰ ਸਿੰਘ ਬਰਾੜ ਪੇਂਡੂ ਵਿਕਾਸ ਅਧਿਕਾਰੀ, ਜਗਜੀਤ ਸਿੰਘ ਸੁਪਰਡੈਂਟ, ਗੇਜ ਰਾਮ ਭੌਰਾ, ਗੁਰਦੀਪ ਸਿੰਘ, ਅਸ਼ਵਨੀ ਮਹਿਤਾ, ਕੁਲਵੰਤ ਸਿੰਘ ਭੁੱਲਰ, ਆਸ਼ਾ ਵਰਕਰ ਆਗੂ ਸ਼ੀਨਾ ਬਲਾਕ ਸਕਤੱਰ ਜੈਤੋ, ਮੀਨਾ ਕੁਮਾਰੀ ਹਰੀ ਨੌ ਸੁਖਮੰਦਰ ਕੌਰ ਮੱਤਾ, ਲਖਵਿੰਦਰ ਕੌਰ ਸਿਵੀਆ, ਯਾਦਵਿੰਦਰ ਕੌਰ ਵਾਂਦਰ ਜਟਾਨਾ, ਰਚਨਾ ਕੁਮਾਰੀ ਮੌੜ ਤੇ ਕੰਵਲਜੀਤ ਕੌਰ ਵਾੜਾ ਭਾਈਕਾ ਆਦਿ ਹਾਜ਼ਰ ਸਨ।
