ਭਾਰੀ ਗਿਣਤੀ ’ਚ ਜੁੜੇ ਮਰਦ/ਔਰਤਾਂ ਨੇ ਕਬਜੇ ਸਬੰਧੀ ਦਿੱਤਾ ਅਲਟੀਮੇਟਮ
ਕੋਟਕਪੂਰਾ, 7 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵੱਖ ਵੱਖ ਸੋਚ ਦੇ ਵਿਅਕਤੀਆਂ ਦੀ ਸਾਂਝੀ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਸ਼ਹਿਰ ਦੇ ਬੱਤੀਆਂ ਵਾਲਾ ਚੌਂਕ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਗਈ ਕਿ ਫਰੀਦਕੋਟ ਰਿਆਸਤ ਦੀ ਹਜਾਰਾਂ ਏਕੜ ਬੇਆਬਾਦ ਜਮੀਨ ਨੂੰ ਜਰੂਰਤਮੰਦ ਅਤੇ ਭੂਮੀਹੀਣ ਲੋਕਾਂ ਵਿੱਚ ਵੰਡਿਆ ਜਾਵੇ। ਸੰਘਰਸ਼ ਕਮੇਟੀ ਨੇ ਪਿਛਲੇ ਦਿਨੀਂ ਪਿੰਡ ਬੀੜ ਸਿੱਖਾਂਵਾਲਾ ਵਿੱਚ ਸਥਿੱਤ ਫਰੀਦਕੋਟ ਦੇ ਮਹਾਂਰਾਜੇ ਦੀ ਬੇਆਬਾਦ ਜਮੀਨ ’ਤੇ ਕਬਜਾ ਕਰਨ ਦਾ ਐਲਾਨ ਕੀਤਾ ਸੀ। ਉਕਤ ਫੈਸਲੇ ਮੁਤਾਬਿਕ 14 ਅਪੈ੍ਰਲ ਅਰਥਾਤ ਡਾ. ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਉਸ ਜਮੀਨ ਉਪਰ ਦੀਪਮਾਲਾ ਕਰਨ ਦਾ ਪੋ੍ਰਗਰਾਮ ਉਲੀਕਿਆ ਗਿਆ ਸੀ ਪਰ ਅੱਜ ਸਥਾਨਕ ਮਿਉਪਸਲ ਪਾਰਕ ਵਿੱਚ ਸਥਿੱਤ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੰਚ ’ਤੇ ਸੰਘਰਸ਼ ਕਮੇਟੀ ਦੇ ਭਾਰੀ ਗਿਣਤੀ ਵਿੱਚ ਜੁੜੇ ਮਰਦ-ਔਰਤਾਂ ਨੇ ਆਖਿਆ ਕਿ ਉਹ ਸਰਕਾਰੀ ਜਮੀਨ ਉਪਰ ਕਬਜਾ ਕਰਨ ਦੇ ਹੱਕਦਾਰ ਹਨ। ਪੁਲਿਸ ਪ੍ਰਸ਼ਾਸਨ ਨੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਰੋਕਣ ਲਈ ਬਕਾਇਦਾ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਜਦ ਪੁਲਿਸ ਪ੍ਰਸ਼ਾਸਨ ਨੇ ਇਸ ਮੁੱਦੇ ’ਤੇ ਸੰਘਰਸ਼ ਕਮੇਟੀ ਦੀ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ 7 ਅਪੈ੍ਰਲ ਨੂੰ ਮੀਟਿੰਗ ਨਿਸ਼ਚਿਤ ਕਰਵਾ ਦਿੱਤੀ ਤਾਂ ਕਮੇਟੀ ਨੇ ਆਪਣੇ ਪ੍ਰੋਗਰਾਮ ਨੂੰ ਰੋਸ ਮਾਰਚ ਤੱਕ ਹੀ ਸੀਮਤ ਕਰ ਲਿਆ। ਸੰਘਰਸ਼ ਕਮੇਟੀ ਦੇ ਸੂਬਾਈ ਆਗੂਆਂ ਅਵਤਾਰ ਸਿੰਘ ਸਹੋਤਾ, ਅੰਗਰੇਜ ਸਿੰਘ ਹਰੀਨੌ ਸਮੇਤ ਹੋਰਨਾਂ ਨੇ ਆਖਿਆ ਕਿ ਜੇਕਰ ਸੂਬੇ ਵਿੱਚ ਪਈਆਂ ਬੰਜਰ ਜਮੀਨਾ ਭੂਮੀਹੀਣ ਅਤੇ ਜਰੂਰਤਮੰਦ ਲੋਕਾਂ ’ਚ ਨਾ ਵੰਡੀਆਂ ਗਈਆਂ ਤਾਂ ਉਹ ਖੁਦ ਉਕਤ ਜਮੀਨਾ ’ਤੇ ਕਬਜਾ ਕਰਨ ਲਈ ਮਜਬੂਰ ਹੋਣਗੇ।