ਕੋਟਕਪੂਰਾ, 7 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਪਰ ਖਰੀਦ ਦੇ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਮੰਡੀਆਂ ਵਿੱਚ ਕਣਕ ਦੀ ਆਮਦ ਨਹੀਂ ਹੋਈ, ਕਿਉਂਕਿ ਇਸ ਵਾਰ ਮੌਸਮ ’ਚ ਕਈ ਬਦਲਾਅ ਆਏ ਹਨ, ਜਿਸ ਕਾਰਨ ਕਣਕ ਦੀ ਫਸਲ ਪੱਕਣ ’ਚ ਸਮਾਂ ਲੈ ਰਹੀ ਹੈ। ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਅਪ੍ਰੈਲ ਦੇ ਦੂਜੇ ਹਫ਼ਤੇ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। “ਫ਼ਸਲ ਦੀ ਵਾਢੀ ਹਾਲੇ ਸ਼ੁਰੂ ਨਹੀਂ ਹੋਈ, ਕਿਉਂਕਿ ਹਵਾ ਵਿੱਚ ਨਮੀ ਸੀ। ਫ਼ਸਲ ਵਿਸਾਖੀ ਤੱਕ ਤਿਆਰ ਹੋ ਜਾਵੇਗੀ, ਇਸ ਲਈ 15 ਅਪ੍ਰੈਲ ਦੇ ਆਸ-ਪਾਸ ਵਾਢੀ ਵਿੱਚ ਤੇਜ਼ੀ ਆਵੇਗੀ। ਇਕ ਕਿਸਾਨ ਚੈਨ ਸਿੰਘ ਨੇ ਦੱਸਿਆ ਕਿ ਕਣਕ ਦੀ ਖੜ੍ਹੀ ਫਸਲ ਅਜੇ ਪੂਰੀ ਤਰ੍ਹਾਂ ਸੁੱਕੀ ਨਹੀਂ ਹੈ ਅਤੇ ਵਾਢੀ ਵਿੱਚ ਦੇਰੀ ਹੋ ਰਹੀ ਹੈ। ਕਣਕ ਦੀ ਫ਼ਸਲ 10 ਅਪ੍ਰੈਲ ਤੋਂ ਬਾਅਦ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ। ਪਿੰਡ ਢੁੱਡੀ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਮੌਸਮ ਵਿੱਚ ਕਾਫੀ ਬਦਲਾਅ ਆਇਆ ਹੈ। ਕਦੇ ਗਰਮੀ ਜ਼ਿਆਦਾ ਤੇ ਕਦੇ ਠੰਡ ਪੈ ਰਹੀ ਸੀ, ਜਿਸ ਕਾਰਨ ਕਣਕ ਦੀ ਫ਼ਸਲ ਲੇਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਲਗਾਤਾਰ ਗਰਮੀ ਵੱਧ ਰਹੀ ਹੈ ਅਤੇ ਕਣਕਾਂ ਨੇ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਅਤੇ ਪੀਲੇ ਸੋਨੇ ਵਾਂਗ ਚਮਕਦੀਆਂ ਨਜ਼ਰ ਆ ਰਹੀਆਂ ਹਨ। ਉਹਨਾਂ ਕਿਹਾ ਕਿ ਉਮੀਦ ਹੈ ਕਿ 10 ਅਪ੍ਰੈਲ ਤੱਕ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਫ਼ਸਲ ਮੰਡੀਆਂ ਵਿੱਚ ਪੁੱਜਣ ਦੀ ਸੰਭਾਵਨਾ ਹੈ।