ਗੁਰਦਵਾਰੇ ’ਚ ਇਕ ਪਾਸੇ ਹੋ ਰਹੀ ਸੀ ਅੰਤਿਮ ਅਰਦਾਸ ਤੇ ਦੂਜੇ ਪਾਸੇ ਸਰੋਵਰ ’ਚ ਰੁੜੇ ਦੋ ਮਾਸੂਮ ਬੱਚੇ
ਪਿੰਡ ਖਾਰਾ ਦੇ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਵਿੱਚ ਹੋਇਆ ਦੋਵਾਂ ਬੱਚਿਆਂ ਦਾ ਅੰਤਿਮ ਸਸਕਾਰ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪਾਉਂਚ ਕੇ ਪਰਿਵਾਰ ਨਾਲ਼ ਦੁੱਖ ਕੀਤਾ ਸਾਂਝਾ

ਕੋਟਕਪੂਰਾ, 10 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੀ ਦੇਰ ਰਾਤ ਨੇੜਲੇ ਪਿੰਡ ਖਾਰਾ ਦੇ ਸ਼ਮਸ਼ਾਨਘਾਟ ਵਿਖੇ ਜਦ ਦੋ ਚਚੇਰੇ ਭਰਾਵਾਂ ਦੇ ਸਿਵੇ ਬਲੇ ਤਾਂ ਹਰ ਅੱਖ ਨਮ ਹੋ ਗਈ, ਮਿ੍ਰਤਕ ਲੜਕਿਆਂ ਦੇ ਮਾਪਿਆਂ, ਭੈਣਾ ਅਤੇ ਰਿਸ਼ਤੇਦਾਰਾਂ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ, ਜਿਸ ਕਰਕੇ ਸ਼ਮਸ਼ਾਨਘਾਟ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਸਮੇਤ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਪਿੰਡ ਵਾਸੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਬੜੀ ਮੁਸ਼ਕਿਲ ਨਾਲ ਸੰਭਾਲਿਆ। ਪਿੰਡ ਵਿੱਚ ਐਨਾ ਮਾਤਮ ਦਾ ਮਾਹੌਲ ਸੀ ਕਿ ਕਈ ਘਰਾਂ ਵਿੱਚ ਚੁੱਲੇ ਵੀ ਨਹੀਂ ਬਲੇ ਅਤੇ ਕਈ ਪਿੰਡ ਵਾਸੀਆਂ ਨੇ ਦੋਨੋਂ ਲੜਕਿਆਂ ਨਾਲ ਵਾਪਰੀ ਅਣਸੁਖਾਵੀਂ ਘਟਨਾ ਕਰਕੇ ਭੁੱਖੇ ਪੇਟ ਸੋਣਾ ਹੀ ਮੁਨਾਸਿਬ ਸਮਝਿਆ। ਜਿਕਰਯੋਗ ਹੈ ਕਿ ਬੀਤੇ ਕੱਲ ਗੁਰਦਵਾਰਾ ਰਾਮਸਰ ਸਾਹਿਬ ਖਾਰਾ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਸੀ। ਮਿ੍ਰਤਕ ਲੜਕਿਆਂ ਦੀ ਪਛਾਣ ਲਵਪ੍ਰੀਤ ਸਿੰਘ ਲੱਭੀ ਪੁੱਤਰ ਬਲਵਿੰਦਰ ਸਿੰਘ ਅਤੇ ਹਰਮਨ ਸਿੰਘ ਪੁੱਤਰ ਚੜਤ ਸਿੰਘ ਵਜੋਂ ਹੋਈ, ਦੋਨੋਂ ਹਮਉਮਰ ਅਰਥਾਤ 14-14 ਸਾਲ ਦੇ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਦਵਾਰਾ ਸਾਹਿਬ ਵਿੱਚ ਇਕ ਮਿ੍ਰਤਕ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਦੇ ਸ਼ਰਧਾਂਜ਼ਲੀ ਸਮਾਗਮ ਮੌਕੇ ਉਕਤ ਲੜਕੇ ਗਰਮੀ ਜਿਆਦਾ ਹੋਣ ਕਰਕੇ ਸਰੋਵਰ ਵਾਲੇ ਪਾਸੇ ਚਲੇ ਗਏ, ਅਜੇ ਉਹ ਸਰੋਵਰ ਵਿੱਚ ਉਤਰਨ ਬਾਰੇ ਸਲਾਹ-ਮਸ਼ਵਰਾ ਕਰ ਰਹੇ ਸਨ ਕਿ ਇਕ ਲੜਕੇ ਦਾ ਪੈਰ ਤਿਲਕਣ ਕਾਰਨ ਉਹ ਸਰੋਵਰ ਵਿੱਚ ਡਿੱਗ ਪਿਆ ਤੇ ਦੂਜੇ ਨੇ ਵੀ ਉਸਨੂੰ ਬਚਾਉਣ ਲਈ ਕੌਸ਼ਿਸ਼ ਕੀਤੀ ਪਰ ਉਹ ਵੀ ਨਾਲ ਹੀ ਡੁੱਬ ਗਿਆ। ਰੋਲਾ ਪੈਣ ’ਤੇ ਪਿੰਡ ਵਾਸੀਆਂ ਨੇ ਦੋਨਾਂ ਨੂੰ ਸਰੋਵਰ ਵਿੱਚੋਂ ਬਾਹਰ ਕੱਢਿਆ, ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲਿਆਂਦਾ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮਿ੍ਰਤਕ ਕਰਾਰ ਦੇ ਦਿੱਤਾ। ਪਿੰਡ ਦੇ ਸਰਪੰਚ ਜਗਤਾਰ ਸਿੰਘ ਜੱਗਾ ਬਰਾੜ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂ ਨਰਿੰਦਰ ਸਿੰਘ ਨੇ ਦੱਸਿਆ ਕਿ ਦੋਨੋਂ ਲੜਕੇ ਕਬੱਡੀ ਦੇ ਖਿਡਾਰੀ ਸਨ ਪਰ ਉਹਨਾ ਦਾ ਸਬੰਧ ਬਹੁਤ ਹੀ ਗਰੀਬ ਪਰਿਵਾਰ ਨਾਲ ਹੋਣ ਕਰਕੇ ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਪੀੜਤ ਪਰਿਵਾਰਾਂ ਦੀ ਮਾਲੀ ਮੱਦਦ ਲਈ ਬੇਨਤੀ ਕੀਤੀ ਗਈ ਹੈ।