ਪੰਜਾਬ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ : ਹਰਦੀਪ ਸ਼ਰਮਾ
ਕੋਟਕਪੂਰਾ, 10 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਕੋਆਰਡੀਨੇਟਰ ਪੰਜਾਬ ਸ੍ਰੀ ਹਰਦੀਪ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋਏ ਸ੍ਰੀ ਮਨੋਰੰਜਨ ਕਾਲੀਆ ਜੀ ਦੇ ਘਰ ‘ਤੇ ਹੋਏ ਗਰਨੇਡ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਬਿਨਾਂ ਕੁਝ ਸੋਚਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਇੱਕ ਮਜ਼ਾਕ ਬਣਾਇਆ ਹੋਇਆ ਹੈ। ਪੰਜਾਬ ਜੋ ਕਿ ਇੱਕ ਬਾਰਡਰ ਸਟੇਟ ਹੈ, ਇਥੋਂ ਦੀ ਸਰਕਾਰ ਨੂੰ ਹਰ ਵਕਤ ਚੁਸਤ ਰਹਿਣਾ ਚਾਹੀਦਾ ਹੈ ਅਤੇ ਅਮਨ ਕਾਨੂੰਨ ਦਾ ਸਭ ਤੋਂ ਵੱਧ ਖਿਆਲ ਰੱਖਣਾ ਚਾਹੀਦਾ ਹੈ, ਜਦੋਂ ਕਿ ਪੰਜਾਬ ਦੇ ਵਿੱਚ ਆਏ ਦਿਨ ਥਾਣਿਆਂ ਦੇ ਉੱਪਰ ਹਮਲੇ ਹੋ ਰਹੇ ਹਨ, ਹੁਣ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਘਰਾਂ ‘ਤੇ ਵੀ ਗਰਨੇਡ ਹਮਲੇ ਹੋਣ ਲੱਗੇ ਹਨ। ਜਿੱਥੇ ਨਸ਼ਿਆਂ ਦਾ ਪੰਜਾਬ ਦੇ ਵਿੱਚ ਬੜਾ ਮੰਦਾ ਹਾਲ ਹੈ, ਉਥੇ ਹੀ ਪੰਜਾਬ ਦੀ ਨੌਜਵਾਨੀ ਗਲਤ ਪਾਸਿਆਂ ਵੱਲ ਗਰਕ ਦੀ ਜਾ ਰਹੀ ਹੈ। ਬੇਰੋਜ਼ਗਾਰੀ ਅਤੇ ਪੰਜਾਬ ਸਿਰ ਕਰਜ਼ਾ ਹੋਰ ਵਧ ਰਿਹਾ ਹੈ ਪਰ ਸਰਕਾਰ ਨੂੰ ਕੋਈ ਸੰਗ ਸ਼ਰਮ ਨਹੀਂ ਹੈ। ਅਜਿਹੇ ਬੇਈਮਾਨ ਲੀਡਰ ਇਕੱਠੇ ਕੀਤੇ ਹਨ, ਜਿਨਾਂ ਦੀ ਸ਼ਬਦਾਵਲੀ, ਸੋਚ ਅਤੇ ਉਹਨਾਂ ਦਾ ਕਾਰ ਵਿਹਾਰ ਬੇਸ਼ਰਮੀ ਭਰਿਆ ਹੈ। ਪੰਜਾਬ ਦੇ ਲੋਕਾਂ ਵਿੱਚ ਦਿਨੋ ਦਿਨ ਡਰ ਭੈ ਦਾ ਮਾਹੌਲ ਪੈਦਾ ਹੋ ਰਿਹਾ ਹੈ। ਨਸ਼ਿਆਂ ਦੇ ਨਾਲ ਮਾਵਾਂ ਦੇ ਪੁੱਤ ਮਰ ਰਹੇ ਹਨ ਅਤੇ ਸਰਕਾਰ ਵੱਲੋਂ ਘਰਾਂ ਦੀਆਂ ਬਾਹਰਲੀਆਂ ਕੰਧਾਂ ਢਾਹ ਕੇ ਡਰਾਮੇਬਾਜੀ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਕੁਝ ਕਰਮਚਾਰੀਆਂ ਦਾ ਨਾਮ ਪਿਛਲੇ ਦਿਨੀ ਨਸ਼ਿਆਂ ਦੇ ਵਿੱਚ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਬਠਿੰਡਾ ਜਿਲੇ ਤੋਂ ਇੱਕ ਲੇਡੀ ਪੁਲਿਸ ਕਾਂਸਟੇਬਲ ਦੀ ਗੱਡੀ ਵਿੱਚੋਂ 17 ਗ੍ਰਾਮ ਚਿੱਟਾ ਬਰਾਮਦ ਵੀ ਹੋਇਆ ਹੈ ਜੇਕਰ ਅਜਿਹੇ ਹਾਲਾਤ ਪ੍ਰਸ਼ਾਸਨ ਅਤੇ ਸਰਕਾਰ ਦੇ ਹਨ ਤਾਂ ਆਮ ਜਨਤਾ ਦਾ ਹਾਲ ਚੰਗਾ ਨਹੀਂ ਹੋ ਸਕਦਾ। ਭਗਵੰਤ ਮਾਨ ਦੀ ਸਰਕਾਰ ਦਿੱਲੀ ਵਾਲਿਆਂ ਦੇ ਕੰਟਰੋਲ ਵਿੱਚ ਚੱਲ ਰਹੀ ਹੈ ਜੋ ਕਿ ਪੰਜਾਬ ਦੀ ਜਨਤਾ ਕਦੇ ਵੀ ਕਬੂਲ ਨਹੀਂ ਕਰੇਗੀ, ਪੰਜਾਬ ਦੇ ਉੱਪਰ ਕੇਜਰੀਵਾਲ ਮਨੀਸ਼ ਸਿਸੋਦੀਆ, ਰਾਘਵ ਚੱਡਾ, ਵਰਗੇ ਲੀਡਰ ਰਾਜ ਕਰਨਾ ਚਾਹੁੰਦੇ ਹਨ ਜੋ ਕਿ ਅਸੀਂ ਕਦੇ ਵੀ ਨਹੀਂ ਹੋਣ ਦੇਵਾਂਗੇ ਭਾਰਤੀ ਜਨਤਾ ਪਾਰਟੀ ਆਪਣੇ ਦੇਸ਼ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਪੰਜਾਬ ਦੀ ਬਿਹਤਰੀ ਲਈ ਹਰ ਕਦਮ ਚੱਕਣ ਲਈ ਹਮੇਸ਼ਾ ਤਿਆਰ ਹੈ। ਹੁਣ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਲਾ ਅਸਲੀ ਫਰਕ ਸਮਝ ਚੁੱਕੇ ਹਨ ਅਤੇ ਲੋਕ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਪਸੰਦ ਕਰਨ ਲੱਗੇ ਹਨ। ਸ਼੍ਰੀ ਸ਼ਰਮਾ ਨੇ ਬੋਲਦੇ ਹੋਏ ਕਿਹਾ ਕਿ ਅੱਜ 1980 ਦੇ ਦਹਾਕੇ ਵਾਲੇ ਹਾਲਾਤ ਪੰਜਾਬ ਵਿੱਚ ਬਣਦੇ ਜਾ ਰਹੇ ਹਨ, ਥਾਣਿਆਂ ਦੇ ਦੀਵਾਰਾਂ 15-20 ਫੁੱਟ ਉੱਚੀਆਂ ਕਰਨੀਆਂ ਪੈ ਗਈਆਂ ਹਨ, ਥਾਣਿਆਂ ਦੇ ਗੇਟਾਂ ‘ਤੇ ਚੌਕਸੀ ਵਧਾਉਣੀ ਪਈ ਹੈ, ਭਗਵੰਤ ਮਾਨ ਨੂੰ ਇਸ ਗੱਲ ‘ਤੇ ਜਵਾਬ ਦੇਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਵਾਪਰ ਰਿਹਾ ਹੈ, ਉਪਰੋਂ ਇਹਨਾਂ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਉੱਪਰ ਰਾਜ ਕਰਨ ਦੇ ਸਪਨੇ ਦੇਖ ਰਿਹਾ ਹੈ, ਉਸ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਕੀ ਅਰਵਿੰਦ ਕੇਜਰੀਵਾਲ ਗਰਨੇਡ ਹਮਲਿਆਂ ਬਾਰੇ ਕੋਈ ਜਵਾਬ ਦੇਣਗੇ? ਕੀ ਪੰਜਾਬੀਆਂ ਨੂੰ ਜਿਉਣ ਦਾ ਕੋਈ ਹੱਕ ਨਹੀਂ? ਉਹਨਾਂ ਆਖਿਆ ਕਿ ਪੰਜਾਬ ਵਿੱਚ ਆਏ ਦਿਨ ਗੋਲੀਆਂ ਮਾਰ ਕੇ ਕਤਲੋਗਾਰਤ ਹੋ ਰਹੀ ਹੈ। ਪੰਜਾਬੀਆਂ ਨੂੰ ਸਮਝਣਾ ਪਏਗਾ ਕਿ ਹੁਣ ਸਾਡਾ ਪੰਜਾਬ ਕਿਸ ਪਾਸੇ ਤੁਰ ਪਿਆ ਹੈ ਤੇ ਇਸ ਨੂੰ ਬਚਾਉਣ ਲਈ ਭਾਜਪਾ ਦੀ ਸਰਕਾਰ ਕਿਉਂ ਜਰੂਰੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬੁਲਡੋਜ਼ਰ ਚਲਾ ਕੇ ਨਸ਼ਾ ਖਤਮ ਕਰਨ ਦਾ ਜੋ ਵਿਖਾਵਾ ਕਰ ਰਹੀ ਹੈ, ਉਹ ਬਿਲਕੁਲ ਝੂਠ ਹੈ ਅਤੇ ਇਹ ਬਲਡੋਜ਼ਰ ਸਿਰਫ ਗਰੀਬਾਂ ਦੇ ਘਰਾਂ ‘ਤੇ ਹੀ ਚੱਲ ਰਹੇ ਹਨ, ਵੱਡੇ ਮਗਰਮੱਛਾਂ ਦੇ ਉੱਪਰ ਹਾਲੇ ਤੱਕ ਕੋਈ ਵੀ ਐਕਸ਼ਨ ਸਾਹਮਣੇ ਨਹੀਂ ਆਇਆ। ਅਜਿਹੇ ਡਰਮਿਆਂ ਨਾਲ ਇਹ ਸਰਕਾਰ ਕੁਰਸੀ ‘ਤੇ ਕਾਬਜ ਰਹਿਣਾ ਚਾਹੁੰਦੀ ਹੈ ਜੋ ਕਿ ਪੰਜਾਬ ਦੇ ਜਨਤਾ ਨੂੰ ਹੁਣ ਮਨਜ਼ੂਰ ਨਹੀਂ ਹੈ। ਅੱਜ ਪੰਜਾਬ ਦੇ ਹਾਲਾਤ ਇੱਕ ਵਿਸਫੋਟਕ ਸਥਿਤੀ ਵਿੱਚ ਪਹੁੰਚ ਚੁੱਕੇ ਹਨ ਜੋ ਕਿ ਬਹੁਤ ਹੀ ਵੱਡਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲਦ ਤੋਂ ਜਲਦ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਅਤੇ ‘ਗੁੰਡਾਗਰਦੀ ਨਹੀਂ ਚਲੇਗੀ’, ਦੇ ਨਾਅਰੇ ਲਾਏ। ਆਪਣੇ ਸਾਥੀਆਂ ਅਹੁਦੇਦਾਰਾਂ ਤੇ ਵਰਕਰਾਂ ਨਾਲ ਉਹਨਾਂ ਨੇ ਸ਼ਹਿਰ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ। ਇਸ ਸਮੇਂ ਹਰਦੀਪ ਸ਼ਰਮਾ ਨਾਲ ਸਰਦਾਰ ਜਸਪਾਲ ਸਿੰਘ ਪੰਜਗਰਾਈ, ਅੰਮ੍ਰਿਤ ਲਾਲ ਸ਼ਰਮਾ ਜ਼ਿਲ੍ਹਾ ਕਨਵੀਨਰ ਬੁੱਧੀਜੀਵੀ ਸੈੱਲ ਭਾਜਪਾ, ਸਰਦਾਰ ਕਰਤਾਰ ਸਿੰਘ ਸਿੱਖਾਂ ਵਾਲਾ ਸੀਨੀਅਰ ਆਗੂ, ਜਸਪਾਲ ਸ਼ਰਮਾ ਅਤੇ ਅਨੇਕਾਂ ਹੋਰ ਸਾਥੀ ਵੀ ਹਾਜ਼ਰ ਸਨ।