ਅਣ-ਅਧਿਕਾਰਿਤ ਤੌਰ ’ਤੇ ਚੱਲ ਰਿਹਾ ਨਸ਼ਾ ਛੁਡਾਊ ਸੈਂਟਰ ਕੀਤਾ ਸੀਲ
ਸੈਂਟਰ ਵਿੱਚ ਨਸ਼ਾ ਛੱਡਣ ਲਈ ਦਾਖਲ ਵਿਅਕਤੀਆਂ ਨਾਲ ਕੀਤਾ ਜਾਂਦਾ ਸੀ ਅਣ-ਮਨੁੱਖੀ ਵਿਵਹਾਰ : ਬਰਾੜ
ਫਰੀਦਕੋਟ, 18 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਵੱਲੋਂ ਡਰੱਗ ਹੋਟ ਸਪਾਟ ਇਲਾਕਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਜਿਲ੍ਹੇ ਦੇ ਅਣ-ਅਧਿਕਾਰਿਤ ਤੌਰ ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਛੱਡਣ ਲਈ ਦਾਖਿਲ ਹੋਏ ਵਿਅਕਤੀਆਂ ਦਾ ਸਹੀ ਇਲਾਜ ਹੋ ਸਕੇ ਅਤੇ ਉਹ ਨਸ਼ੇ ਦੀ ਦਲਦਲ ਵਿੱਚੋ ਬਾਹਰ ਆ ਸਕਣ। ਇਸੇ ਤਹਿਤ ਕਾਰਵਾਈ ਕਰਦੇ ਹੋਏ ਸੂਚਨਾ ਮਿਲੀ ਕਿ ਅਰਾਈਆਂਵਾਲਾ ਰੋਡ ਫਰੀਦਕੋਟ ਵਿਖੇ ਇੱਕ ਅਣ-ਅਧਿਕਾਰਿਤ ਨਸ਼ਾ ਛੁਡਾਊ ਸੈਟਰ ਚਲਾਇਆ ਜਾ ਰਿਹਾ ਹੈ। ਜਿਸ ’ਤੇ ਰਾਜ ਕੁਮਾਰ ਡੀ.ਐਸ.ਪੀ. (ਐਫ ਐਡ ਐਫ) ਫਰੀਦਕੋਟ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਮੌਕਾ ਪਰ ਪੁਜੀਆਂ। ਇਸ ਮੌਕੇ ਅਣਅਧਿਕਾਰਿਤ ਤੌਰ ਤੇ ਚੱਲ ਰਹੇ ਨਸ਼ਾ ਛੁਡਾਊ ਸੈਟਰਾਂ ਦੀ ਚੈਕਿੰਗ ਲਈ ਗਠਿਤ ਟੀਮ ਦੇ ਮੈਬਰ ਡਾ. ਪਰਮਜੀਤ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਫ਼ਰੀਦਕੋਟ, ਡਾ. ਅਕਰਮਬੀਰ ਸਿੰਘ ਬਰਾੜ ਸਾਇਕੈਟਰਿਸਟ, ਸਿਵਲ ਹਸਪਤਾਲ ਫ਼ਰੀਦਕੋਟ, ਡਾ. ਕਪਿਲ ਸ਼ਰਮਾਂ ਸਾਇਕੈਟਰਿਸਟ, ਸਿਵਲ ਹਸਪਤਾਲ ਫ਼ਰੀਦਕੋਟ ਸਮੇਤ ਹੋਰ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ ਪਰ ਪੁੱਜੇ। ਜਿੱਥੇ ਪਹੁੰਚ ਕੇ ਹੈਲਥ ਡਿਪਾਰਟਮੈਂਟ ਦੀਆਂ ਟੀਮਾਂ ਨਾਲ ਮਿਲ ਕੇ ਇਸ ਸੈਟਰ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਸੈਟਰ ਬਿਨਾਂ ਕਿਸੇ ਲਾਇਸੰਸ ਦੇ ਚਲਾਇਆ ਜਾ ਰਿਹਾ ਸੀ। ਜਿਸ ਨੂੰ ਡਿਊਟੀ ਮੈਜਿਸਟਰੇਟ ਅਮਿਤੋਜ ਤਿਵਾੜੀ ਨਾਇਬ ਤਹਿਸੀਲਦਾਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਸੈਟਰ ਨੂੰ ਸੀਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ, ਡਾ. ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਨਜਾਇਜ ਤਰੀਕੇ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਬਾਰੇ ਸੂਚਨਾ ਮਿਲੀ ਕਿ ਜਿਸ ਵਿੱਚ ਨਸ਼ਾ ਛੱਡਣ ਲਈ ਭਰਤੀ ਵਿਅਕਤੀਆਂ ਨਾਲ ਅਣ-ਮਨੁੱਖੀ ਤਛੱਦਦ ਕੀਤਾ ਜਾਂਦਾ ਹੈ। ਜਦੋਂ ਉਹਨਾਂ ਵੱਲੋਂ ਪੁਲਿਸ ਪਾਰਟੀ ਸਮੇਤ ਰੇਡ ਕੀਤੀ ਤਾਂ ਉਹ ਪਹਿਲਾਂ ਹੀ ਇੱਥੇ ਭੱਜ ਚੁੱਕੇ ਸਨ। ਹੁਣ ਇਸ ਕੇਦਰ ਦੇ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਸਬੰਧੀ ਰਾਜ ਕੁਮਾਰ ਡੀ.ਐਸ.ਪੀ. (ਐਫ ਐਡ ਐਫ) ਫਰੀਦਕੋਟ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਅਣਅਧਿਕਾਰਿਤ ਤੌਰ ਤੇ ਚੱਲ ਰਹੇ ਨਸ਼ਾ ਛੁਡਾਊ ਸੈਂਟਰਾਂ ਦੀ ਚੈਕਿੰਗ ਲਈ ਸਿਹਤ ਵਿਭਾਗ ਨਾਲ ਮਿਲ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣ ਦਾ ਚਾਹਵਾਨ ਹੈ ਤਾਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੋਣ।