ਕੋਟਕਪੂਰਾ, 30 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਪਣੀ ਪਤਨੀ ਨੂੰ ਕਥਿਤ ਤੌਰ ’ਤੇ ਗਲਾ ਘੁੱਟ ਕੇ ਮਾਰਨ ਵਾਲੇ ਸਾਬਕਾ ਕਬੱਡੀ ਖਿਡਾਰੀ ਜਸਪ੍ਰੀਤ ਸਿੰਘ ਸ਼ਕਤੀਮਾਨ ਨੂੰ ਕੋਟਕਪੂਰਾ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਕੇਸ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਸ਼ਕਤੀਮਾਨ ਦੇ ਪਿਤਾ ਮਹਿੰਦਰ ਸਿੰਘ, ਮਾਤਾ ਚਰਨਜੀਤ ਕੌਰ ਅਤੇ ਭਰਾ ਸੁਖਵੰਤ ਸਿੰਘ ਨੂੰ ਵੀ ਨਾਮਜ਼ਦ ਕਰ ਕਰਦਿਆਂ ਉਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ। ਜਤਿੰਦਰ ਸਿੰਘ ਡੀਐਸਪੀ ਕੋਟਕਪੂਰਾ ਨੇ ਦੱਸਿਆ ਕਿ ਪਿੰਡ ਬ੍ਰਾਹਮਣਵਾਲਾ ਦੀ ਗਗਨਦੀਪ ਕੌਰ ਦਾ ਵਿਆਹ ਜਸਪ੍ਰੀਤ ਸਿੰਘ ਸ਼ਕਤੀਮਾਨ ਦੇ ਨਾਲ ਕਰੀਬ 15 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਗਗਨਦੀਪ ਦੇ ਭਰਾ ਬਲਤੇਜ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਭੈਣ ਨਾਲ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਅਕਸਰ ਲੜਾਈ ਝਗੜਾ ਕਰਦੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਪੰਚਾਇਤ ਵਿੱਚ ਫੈਸਲਾ ਹੋਇਆ ਸੀ ਕਿ ਕੁਝ ਜ਼ਮੀਨ ਉਸਦੀ ਭੈਣ ਵਾਹੇਗੀ ਜੋ 25 ਅਪ੍ਰੈਲ ਤੋਂ ਸ਼ੁਰੂ ਕਰਨੀ ਸੀ। ਡੀਐਸਪੀ ਨੇ ਦੱਸਿਆ ਕਿ ਗਗਨਦੀਪ ਕੌਰ ਨੇ ਘਟਨਾ ਵਾਲੇ ਦਿਨ ਸਵੇੇਰੇ ਆਪਣੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਜ਼ਮੀਨ ਵਿੱਚੋਂ ਜਸਪ੍ਰੀਤ ਸਿੰਘ ਸ਼ਕਤੀਮਾਨ, ਉੁਸ ਦਾ ਪਿਤਾ, ਮਾਤਾ ਅਤੇ ਭਰਾ ਮਿਲ ਕੇ ਮਿੱਟੀ ਚੁੱਕਣ ਦੀ ਤਿਆਰੀ ਵਿੱਚ ਹਨ, ਇਸ ਲਈ ਉਹ ਖੇਤ ਜਾ ਰਹੀ ਹੈ। ਦਰਜ ਸ਼ਿਕਾਇਤ ਅਨੁਸਾਨ ਜਦੋਂ ਬਲਤੇਜ ਸਿੰਘ ਪਿੰਡ ਪਹੁੰਚਿਆ ਤਾਂ ਉਸ ਦੀ ਭੈਣ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਡੀਐਸਪੀ ਜਤਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਚਾਰਾਂ ਖਿਲਾਫ ਕੇਸ ਦਰਜ ਕਰਕੇ ਕਤਲ ਪਿੱਛੋਂ ਫ਼ਰਾਰ ਹੋਏ ਸ਼ਕਤੀਮਾਨ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

