ਬਾਹਰੀ ਦਬਾਅ ਕਾਰਨ ਨੌਜਵਾਨਾ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦੈ : ਡਾ. ਜੋਤੀ ਬਾਵਾ
ਸਕੂਲ ਵਿੱਚ ਅਜਿਹੇ ਸੈਮੀਨਾਰ ਭਵਿੱਖ ਵਿੱਚ ਵੀ ਜਾਰੀ ਰਹਿਣਗੇ : ਧਵਨ ਕੁਮਾਰ
ਕੋਟਕਪੂਰਾ, 12 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸ.ਬੀ.ਆਰ.ਐਸ ਗੁਰੂਕੁਲ ਸਕੂਲ ਵਿੱਚ ਡਾ. ਜੋਤੀ ਬਾਵਾ ਦੀ ਅਗਵਾਈ ਹੇਠ ਮਾਨਸਿਕ ਸਿਹਤ ਤੇ ਜਾਗਰੂਕਤਾ ਉੱਪਰ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਟ੍ਰੈੱਸ ਪ੍ਰਬੰਧਨ ਤੇ ਭਾਵਨਾਤਮਕ ਮਸਲਿਆਂ ਪ੍ਰਤੀ ਸਹਿਯੋਗ ਬਾਰੇ ਸੂਚਨਾ ਫੈਲਾਉਣਾ ਸੀ। ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਧਵਨ ਕੁਮਾਰ ਨੇ ਦੱਸਿਆ ਕਿ ਜਿੱਥੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੇ ਆਧਾਰਿਕ ਤੱਤ ਚਿੰਤਾ, ਡਿਪ੍ਰੈਸ਼ਨ, ਸਟ੍ਰੈੱਸ ਪਛਾਣਣ ਅਤੇ ਕੰਟਰੋਲ ਕਰਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ, ਉੱਥੇ ਹੀ ਸਕੂਲ ਵਾਤਾਵਰਨ ’ਚ ਸਹਾਇਤਾ ਪ੍ਰਣਾਲੀਆਂ ਕਾਊਂਸਲਿੰਗ, ਸਹਿਯੋਗੀ ਗਰੁੱਪ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਖੁਲ੍ਹ ਕੇ ਗੱਲ ਕਰਨ ਦੀ ਪ੍ਰੇਰਣਾ ਵੀ ਦਿੱਤੀ ਗਈ। ਇਸ ਮੌਕੇ ਡਾ. ਜੋਤੀ ਬਾਵਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਬਾਹਰੀ ਦਬਾਅ ਕਾਰਨ ਬਹੁਤ ਸਾਰੇ ਨੌਜਵਾਨ ਹੌਂਸਲਾ ਗੁਆ ਲੈਂਦੇ ਹਨ, ਜਿਸ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਨਸਿਕ ਸਿਹਤ ਦੀ ਦੇਖਭਾਲ ਉਹੀ ਪਹਿਲਾ ਕਦਮ ਹੈ, ਜੋ ਉਨ੍ਹਾਂ ਨੂੰ ਨਵੀਂ ਉਮੀਦਾਂ ਅਤੇ ਸੰਭਾਵਨਾਵਾਂ ਵੱਲ ਲੈ ਜਾਂਦਾ ਹੈ। ਸਕੂਲ ਮੁਖੀ ਡਾਇਰੈਕਟਰ/ਪ੍ਰਿੰਸੀਪਲ ਡਾ. ਧਵਨ ਕੁਮਾਰ ਨੇ ਨੇ ਭਰੋਸਾ ਦਿੱਤਾ ਕਿ ਅਜਿਹੇ ਪ੍ਰੋਗਰਾਮ ਰੋਜ਼ਾਨਾ ਜੀਵਨ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਦਿਆਰਥੀਆਂ ਨੂੰ ਸੰਭਲਣ ਦੀ ਸਮਰੱਥਾ ਦਿੰਦੇ ਹਨ। ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਚਾਰ ਬੱਚਿਆਂ ਦੀ ਸੈਮੀਨਾਰ ਕਰਵਾਏ ਜਾਣਗੇ, ਜਿਹਨਾਂ ’ਚ ਮਾਪੇ ਅਧਿਆਪਕਾਂ ਲਈ ਵੀ ਟ੍ਰੇਨਿੰਗ ਸੈਸ਼ਨ ਸ਼ਾਮਲ ਹੋਣਗੇ। ਸੈਮੀਨਾਰ ਦੇ ਆਖ਼ਰੀ ਹਿੱਸੇ ’ਚ ਸਵਾਲ ਜਵਾਬ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਦਿਲਚਸਪ ਪ੍ਰਸ਼ਨ ਪੁੱਛ ਕੇ ਆਪਣੇ ਮਨ ਵਿਚ ਲੁਕੇ ਸਵਾਲਾਂ ਦੇ ਜਵਾਬ ਲਏ। ਇਸ ਪ੍ਰੋਗਰਾਮ ਦੀ ਸਮਾਪਤੀ ਸਮੇਂ ਸ਼ਲਾਘਾ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੇ ਸਾਰੇ ਸ਼ਿਰਕਤਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੰਤ ਵਿੱਚ ਉਹਨਾਂ ਦੱਸਿਆ ਕਿ ਸਕੂਲ ਵਿੱਚ ਅਜਿਹੇ ਸੈਮੀਨਾਰ ਭਵਿੱਖ ਵਿੱਚ ਵੀ ਜਾਰੀ ਰਹਿਣਗੇ।