ਡਾਕਟਰ ਅਵਤਾਰ ਸਿੰਘ ਨੇ ਪਾਣੀ ਵਿੱਚ ਵਸਤੂ ਦੇ ਤੈਰਨ ਦੇ ਸਿਧਾਂਤਾਂ ਦੀ ਵਿਗਿਆਨਕ ਵਿਆਖਿਆ ਕੀਤੀ
ਸੰਗਰੂਰ 16 ਮਈ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਸੰਗਰੂਰ ਸ਼ਹਿਰ ਸਮੇਤ ਆਲੇ – ਦੁਆਲੇ ਦੇ ਪਿੰਡਾਂ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਸੰਗਰੂਰ ਰੇਲਵੇ ਸਟੇਸ਼ਨ ਨੇੜੇ ਇੱਕ ਡੇਰੇ ਦੇ ਚਬੱਚੇ ਵਿੱਚ ਪੱਥਰ ਹੈ, ਜੋ ਪਾਣੀ ਵਿੱਚ ਤੈਰਦਾ ਰਹਿੰਦਾ ਹੈ, ਡੁੱਬਦਾ ਨਹੀਂ। ਇਹ ਗੱਲ ਚੱਲ ਰਹੀ ਸੀ ਕਿ ਇਸ ਪੱਥਰ ਉੱਤੇ ਜਦ ਬਾਬਾ ਸਮਾਧੀ ਲਾਉਂਦਾ ਹੈ ਤਾਂ ਵੀ ਪੱਥਰ ਡੁੱਬਦਾ ਨਹੀਂ। ਡੇਰੇ ਵਾਲੇ ਕਹਿ ਰਹੇ ਸਨ ਕਿ ਜਿਸ ਚਬੱਚੇ ਵਿੱਚ ਪੱਥਰ ਤੈਰਦਾ ਹੈ, ਉਸਦਾ ਪਾਣੀ ਪੀਣ ‘ਤੇ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ , ਦੌਲਤ ਅਤੇ ਔਲਾਦ ਦੀ ਪ੍ਰਾਪਤੀ ਹੁੰਦੀ ਹੈ, ਬੀਮਾਰੀ ਕੱਟੀ ਜਾਂਦੀ ਹੈ ।ਹੋਰ ਵੀ ਬਹੁਤ ਕੁੱਝ ਪ੍ਰਾਪਤ ਹੋਣ ਬਾਰੇ ਕੰਨਾਂ ਵਿੱਚ ਪੈ ਰਿਹਾ ਸੀ।ਅਖੌਤੀ ਕਰਾਮਾਤੀ ਪੱਥਰ ਬਾਰੇ ਗੱਲਾਂ ਸੁਣ ਕੇ ਨਾ ਸਮਝ ਲੋਕਾਂ ਨੇ ਡੇਰੇ ਵਿੱਚ ਵੱਡੀ ਗਿਣਤੀ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਕੋਲ ਜਦ ਇਹ ਗੱਲ ਪਹੁੰਚੀ ਤਾਂ ਅਸੀਂ ਲੋਕਾਂ ਦਾ ਭੁਲੇਖਾ ਤੇ ਅੰਧ – ਵਿਸ਼ਵਾਸ ਦੂਰ ਕਰਨ ਦਾ ਫ਼ੈਸਲਾ ਕੀਤਾ। ਡਾ. ਅਵਤਾਰ ਸਿੰਘ ਢੀਂਡਸਾ, ਚਮਕੌਰ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ, ਰਾਹੁਲ ਕੁਮਾਰ, ਨਿਰਮਲ ਸਿੰਘ ਉੱਪਲੀ , ਕੁਲਵੰਤ ਸਿੰਘ ਤੇ ਮੇਰੇ ਆਧਾਰਿਤ ਤਰਕਸ਼ੀਲ ਟੀਮ ਜਦੋਂ ਪੱਥਰ ਦੀ ਪੜਤਾਲ ਕਰਨ ਡੇਰੇ ਪਹੁੰਚੀ ਤਾਂ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋਏ ਹੋਏ ਸਨ ਤੇ ਕਾਫ਼ੀ ਗਿਣਤੀ ਵਿੱਚ ਲੋਕ ਹੋਰ ਆ ਰਹੇ ਸਨ।ਤਰਕਸ਼ੀਲ ਟੀਮ ਨੇ ਜਦੋਂ ਇਸ ਤੈਰਦੇ ਪੱਥਰ ਬਾਰੇ ਲੋਕਾਂ ਦੇ ਵਿਚਾਰ ਲਏ ਤਾਂ ਕਈਆਂ ਨੇ, ਖ਼ਾਸ ਕਰਕੇ ਬਾਲਾ ਨਾਮ ਦੀ ਔਰਤ ਨੇ ਇਸ ਨੂੰ ਪਾਖੰਡ ਦੱਸਿਆ ਅਤੇ ਕਿਹਾ ਕਿ ਜੇ ਬਾਬਾ ਸਭ ਦੇ ਸਾਹਮਣੇ ਪੱਥਰ ‘ਤੇ ਬੈਠ ਕੇ ਤੈਰ ਕੇ ਦਿਖਾਵੇ ਤਾਂ ਅਸੀਂ ਕਰਾਮਾਤੀ ਮੰਨਾਂਗੇ । ਪਰ ਬਾਬਾ ਪੱਥਰ ਤੇ ਬੈਠਣ ਨੂੰ ਤਿਆਰ ਨਾ ਹੋਇਆ।ਜਦੋਂ ਤਰਕਸ਼ੀਲ ਟੀਮ ਨੇ ਪੱਥਰ ਦੀ ਸਤਹਿ ਦੀ ਘੋਖ – ਪੜਤਾਲ ਕੀਤੀ ਤਾਂ ਇਹ ਤੱਥ ਸਾਹਮਣੇ ਆਇਆ ਕਿ ਇਸ ਦੀ ਸਤਹਿ ਪੱਧਰੀ ਨਹੀਂ ਸੀ ਸਗੋਂ ਇਹ ਖੁਰਦਰੀ ਸੀ। ਭਾਵ ਇਹ ਕਿ ਕਿਸੇ ਹਲਕੀ ਮੁਸਾਮਦਾਰ ਵਸਤੂ ਉੱਪਰ ਸੀਮਿੰਟ ਲਾ ਕੇ ਇਸ ਨੂੰ ਪੱਥਰ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ।ਇਸ ਉਪਰ ਨਿੱਕੀਆਂ – ਨਿੱਕੀਆਂ ਖੁਰਦਰੀਆਂ ਬਣਤਰਾਂ ਸਨ ਜਿਸ ਵਿੱਚ ਹਵਾ ਭਰ ਜਾਂਦੀ ਹੈ ਤੇ ਇਸਦੀ ਘਣਤਾ/ਭਾਰਾਪਣ ਘਟ ਜਾਂਦਾ ਹੈ । ਪੱਥਰ ਦੀ ਸਤਹਿ ਇਸ ਗੱਲ ਦੀ ਪੁਸ਼ਟੀ ਕਰਦੀ ਸੀ ਕਿ ਇਹ ਕੋਈ ਪੁਰਾਤਨ ਪੱਥਰ ਨਹੀਂ, ਸਗੋਂ ਤਾਜ਼ਾ ਤਿਆਰ ਕੀਤਾ ਹੋਇਆ ਹੈ। ਇਸ ਤੋਂ ਬਾਅਦ ਜਦੋਂ ਤਰਕਸ਼ੀਲ ਟੀਮ ਨੇ ਬਾਬੇ ਨੂੰ ਇਸ ਪੱਥਰ ਉੱਤੇ ਬੈਠ ਕੇ ਤੈਰਨ ਲਈ ਕਿਹਾ ਤਾਂ ਉਸਨੇ ਆਪ ਬੈਠਣ ਦੀ ਥਾਂ ਕਿਸੇ ਹੋਰ ਨੂੰ ਬੈਠਣ ਲਈ ਕਿਹਾ। ਅਸੀਂ ਬਾਬੇ ਨੂੰ ਬਹੁਤ ਕਿਹਾ ਕਿ ਉਹ ਆਪਣੇ ਕਿਸੇ ਵੀ ਸਿਆਣੇ, ਚਮਤਕਾਰੀ ਵਿਅਕਤੀ ਨੂੰ ਪੱਥਰ ਤੇ ਬੈਠ ਕੇ ਦਿਖਾਵੇ ਜਿਹੜਾ ਇਸਨੂੰ ਡੁਬਣ ਨਾ ਦੇਵੋ। ਬਾਬਾ ਨਾ ਮੰਨਿਆ,ਸਹਿਮਤ ਨਾ ਹੋਇਆ।
ਤਰਕਸ਼ੀਲ ਟੀਮ ਨੇ ਕਿਸੇ ਵਸਤੂ ਦੀ ਤੈਰਨ ਦੀ ਵਿਗਿਆਨਕ ਵਿਆਖਿਆ ਲੋਕਾਂ ਨੂੰ ਸਮਝਾਉਣ ਲਈ ਤਲਵਿੰਦਰ ਸਿੰਘ ਨਾਮ ਦੇ ਲੜਕੇ ਨੂੰ ਤੈਰਦੇ ਪੱਥਰ ‘ਤੇ ਬਿਠਾਇਆ ਤਾਂ ਤੈਰਦਾ ਪੱਥਰ ਇੱਕਦਮ ਡੁੱਬ ਗਿਆ ਤੇ ਉੱਪਰ ਨਾ ਆ ਸਕਿਆ। ਬਾਬੇ ਨੇ ਬਥੇਰੇ ਮੰਤਰ ਪੜ੍ਹੇ ਪਰ ਪੱਥਰ ਨੇ ਉੱਪਰ ਤਾਂ ਕੀ ਆਉਣਾ ਸੀ, ਬਾਬਾ ਆਪ ਹੀ ਉੱਥੋਂ ਖਿਸਕ ਗਿਆ।
ਇਸ ਤੋਂ ਬਾਅਦ ਤਰਕਸ਼ੀਲ ਟੀਮ ਨੇ ਇੱਕ ਹੋਰ ਬਾਬੇ ਨੂੰ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਇਹ ਬਾਬਾ ਪੱਥਰ ਲੈ ਕੇ ਆਇਆ ਹੈ ਤੇ ਇਸ ਦੇ ਪੱਥਰ ਉੱਪਰ ਬੈਠਣ ‘ਤੇ ਪੱਥਰ ਡੁੱਬਦਾ ਨਹੀਂ, ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਅਜਿਹਾ ਨਹੀਂ ਹੋ ਸਕਦਾ।
ਤਾਂ ਮੈਂ ਮਾਸਟਰ ਪਰਮ ਵੇਦ ਨੇ ਮੌਕੇ ‘ ਤੇ ਹਾਜ਼ਰ ਲੋਕਾਂ ਨੂੰ ਲਾਈਲੱਗਤਾ, ਅੰਧਵਿਸ਼ਵਾਸ, ਵਹਿਮ – ਭਰਮ ਤੇ ਰੂੜੀਵਾਦੀ ਵਿਚਾਰਾਂ ਦੇ ਹਨ੍ਹੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਲਾਹੇਵੰਦ ਤੇ ਭਾਵਪੂਰਤ ਸੁਨੇਹਾ ਦਿੱਤਾ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ। ਮੈਂ ਲੋਕਾਂ ਨੂੰ ਦੱਸਿਆ ਕਿ ਦੁਨੀਆਂ ਵਿੱਚ ਚਮਤਕਾਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਨਾ ਹੀ ਚਮਤਕਾਰ ਵਾਪਰਦੇ ਹਨ,ਇਥੇ ਘਟਨਾਵਾਂ ਵਾਪਰਦੀਆਂ ਹਨ,ਇਨ੍ਹਾਂ ਦੇ ਕਾਰਨ ਜਾਨਣਾ ਹੀ ਵਿਗਿਆਨਕ ਸੋਚ ਹੈ, ਤਰਕਸ਼ੀਲਤਾ ਹੈ। ਕੀ, , ਕਿਉਂ ,ਕਿਵੇਂ ਆਦਿ ਵਿਗਿਆਨਕ ਗੁਣਾਂ ਨਾਲ ਲੈਸ ਹੋਇਆ ਮਨੁੱਖ ਕਦੇ ਵੀ ਸਮੱਸਿਆਵਾਂ ਵਿੱਚ ਨਹੀਂ ਘਿਰਦਾ/ ਘਬਰਾਉਂਦਾ ਸਗੋਂ ਇਨ੍ਹਾਂ ਗੁਣਾਂ ਦੀ ਮਦਦ ਨਾਲ ਉਹ ਸਮੱਸਿਆ ਸਮੇਂ ਹੌਂਸਲਾ ਤੇ ਦ੍ਰਿੜਤਾ ਨਾਲ ਉਸ ਵਿਚੋਂ ਨਿਕਲਦਾ ਹੈ। ਇਸ ਤੈਰਦੇ ਪੱਥਰ ਦੀ ਵਿਗਿਆਨਕ ਵਿਆਖਿਆ ਕਰਦਿਆਂ ਤਰਕਸ਼ੀਲ ਆਗੂ ਡਾਕਟਰ ਅਵਤਾਰ ਸਿੰਘ ਢੀਂਡਸਾ ਨੇ ਦੱਸਿਆ ਕਿ ਕਿਸੇ ਵਸਤੂ ਦਾ ਪਾਣੀ ਉੱਪਰ ਤੈਰਨਾ ਆਰਕੇਮੀਡੀਜ਼ ਦੇ ਸਿਧਾਂਤ ਅਨੁਸਾਰ ਇਸ ਗਲ ਉੱਪਰ ਨਿਰਭਰ ਕਰਦਾ ਹੈ ਕਿ ਉਸ ਵਸਤੂ ਦਾ ਪੁੰਜ (ਭਾਰ) ਹਟਾਏ ਗਏ ਪਾਣੀ ਦੇ ਪੁੰਜ ਤੋਂ ਘੱਟ ਹੋਵੇ। ਜੇ ਹਟਾਏ ਗਏ ਪਾਣੀ ਦਾ ਭਾਰ ਵੱਧ ਹੋਵੇਗਾ ਤਾਂ ਵਸਤੂ ਤੈਰੇਗੀ ਜੇ ਹਟਾਏ ਗਏ ਪਾਣੀ ਦਾ ਭਾਰ ਘੱਟ ਹੋਵੇਗਾ ਤਾਂ ਵਸਤੂ ਡੁੱਬ ਜਾਵੇਗੀ।ਜਦੋਂ ਪੱਥਰ ਤੈਰਦਾ ਸੀ ਤਾਂ ਉਸ ਸਮੇਂ ਹਟਾਏ ਗਏ ਪਾਣੀ ਦਾ ਭਾਰ ਵੱਧ ਸੀ ਪਰ ਜਦੋਂ ਬੰਦਾ ਬੈਠ ਗਿਆ ਤਾਂ ਉਸ ਸਮੇਂ ਹਟਾਏ ਗਏ ਪਾਣੀ ਦਾ ਭਾਰ ਘਟਣ ਕਰਕੇ ਪੱਥਰ ਡੁੱਬ ਗਿਆ। ਪਾਣੀ ਵਿੱਚ ਸੂਈ ਦੇ ਡੁੱਬਣ, ਜਹਾਜ਼ ਦੇ ਪਾਣੀ ਵਿੱਚ ਤੈਰਨ ,ਸੁੱਕੀ ਲਕੜ ਦੇ ਤੈਰਨ ਤੇ ਗਿੱਲੀ ਲੱਕੜ ਦੇ ਪਾਣੀ ਵਿੱਚ ਡੁੱਬਣ ਦੀਆਂ ਉਦਾਹਰਣਾਂ ਨਾਲ ਵਿਆਖਿਆ ਕਰਦਿਆਂ/ ਸਮਝਾਉਂਦਿਆਂ ਲੋਕਾਂ ਦਾ ਵਹਿਮ ਦੂਰ ਕਰਦਿਆਂ ਵਿਗਿਆਨਕ ਵਿਚਾਰਾਂ ਦਾ ਛੱਟਾ ਦੇ ਕੇ ਅਸੀਂ ਡੇਰੇ ਤੋਂ ਵਾਪਸ ਮੁੜੇ ।