ਬਠਿੰਡਾ , 20 ਮਈ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸਾਹਿਤਕ ਤੇ ਸਭਿਆਚਾਰਕ ਗਤੀਵਿਧੀਆਂ ਦੀ ਪੇਸ਼ਕਾਰੀ ਵਜੋਂ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਚੈਨਲ ਸੁਪਨ ਉਡਾਰੀ ਵੱਲੋਂ ਬੀਤੇ ਦਿਨੀਂ ਰੇਸ ਅਕੈਡਮੀ ਬਠਿੰਡਾ ਵਿਖੇ “ਕਵਿਤਾਵਾਂ ਦਾ ਦਰਿਆ” ਸਿਰਲੇਖ ਹੇਠ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਸੱਤ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਰੇਸ ਅਕੈਡਮੀ ਦੇ ਵਿਦਿਆਰਥੀਆਂ ਨੂੰ ਗਦ ਗਦ ਕਰ ਦਿੱਤਾ।
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਦੀ ਪ੍ਰੋਫ਼ੈਸਰ ਡਾਕਟਰ ਨਵਦੀਪ ਕੌਰ ਨੇ ਆਪਣੀ ਲੰਮੀ ਕਵਿਤਾ ” ਅਮਰਪਾਲੀ ” ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਸਰੋਤਿਆਂ ਵੱਲੋਂ ਇਸ ਇਤਿਹਾਸਿਕ ਖ਼ੂਬਸੂਰਤ ਕਵਿਤਾ ਲਈ ਉਹਨਾਂ ਨੂੰ ਬਹੁਤ ਸਲਾਹਿਆ।
ਡਾਕਟਰ ਪ੍ਰਿ: ਭੀਮ ਸੈਨ ਸ਼ਰਮਾ ਨੇ ਆਪਣੀ ਕਵਿਤਾ ” ਦਰਦ ” ਬਹੁਤ ਖ਼ੂਬਸੂਰਤ ਅੰਦਾਜ਼ ਵਿਚ ਗਾ ਕੇ ਸੁਣਾਈ।
ਰਾਜਬੀਰ ਕੌਰ ਨੇ ਰੁੱਖਾਂ ਦੀ ਮਹੱਤਤਾ ਨੂੰ ਦਰਸਾਉਂਦੀ ਕਵਿਤਾ ” ਰੁੱਖ ” ਪੜ੍ਹੀ। ਜੋ ਅੱਜ ਦੇ ਸੰਦਰਭ ਵਿਚ ਰੁੱਖਾਂ ਦੀ ਮਹਾਨਤਾ ਬਾਰੇ ਲਿਖਣਾ ਕਿਸੇ ਵਿਰਲੇ ਬੰਦੇ ਦੇ ਹੀ ਹਿੱਸੇ ਆਉਂਦਾ ਹੈ।
ਹੁਣ ਵਾਰੀ ਸੀ ਸੋਨੂੰ ਸੰਧੂ ਦੀ ਜੋ ਕਿ ਚੈਨਲ ਸੁਪਨ ਉਡਾਰੀ ਦੀ ਸਲਾਹਕਾਰ ਵੀ ਹੈ, ਨੇ ਆਪਣੀ ਕਵਿਤਾ ” ਕੁੜੀਆਂ ਲੋਚਦੀਆਂ ” ਨਾਲ ਵਾਹ ਵਾਹ ਖੱਟਕੇ ਵੱਧੀਆ ਕਵਿੱਤਰੀ ਬਨ੍ਹਣ ਦਾ ਸਬੂਤ ਦਿੱਤਾ। ਰਾਜਵਿੰਦਰ ਸ਼ਮੀਰ ਨੇ ਆਪਣੀ ਕਵਿਤਾ ” ਮੇਰੇ ਤੋਂ ਆਸ ਨਾ ਰੱਖੋ ” ਸੁਣਾ ਕੇ ਪ੍ਰੋਗਰਾਮ ਨੂੰ ਸਿਖਰ ‘ਤੇ ਪਹੁੰਚਾਇਆ।
ਇਸੇ ਤਰ੍ਹਾਂ ਸੇਵਾ ਮੁਕਤ ਪ੍ਰਿੰਸੀਪਲ ਸੁਰਿੰਦਰ ਸ਼ਰਮਾ ਨੇ ਬੱਚਿਆਂ ਨੂੰ ਮੁਖ਼ਾਤਿਬ ਹੁੰਦੇ ਹੋਏ ਉਹਨਾਂ ਦੇ ਹਾਣ ਦੀ ਕਵਿਤਾ ਪੜ੍ਹੀ।
ਜਸਪਾਲ ਜੱਸੀ ਨੇ ਜਿੱਥੇ ਆਪਣੀਆਂ ਕਵਿਤਾਵਾਂ ” ਕੀ ਪਾਬੰਦੀ ਹੈ ” ਅਤੇ ” ਤੱਤੀਏ ਹਵਾਏ ਮੇਰੇ ਸੱਜਣਾਂ ਦੇ ਦੇਸ ਜਾ ਕੇ , ਕੋਈ ਤੱਤੀ ਗੱਲ ਨਾ ਕਰੀਂ ” ਪੜ੍ਹਨ ਦੇ ਨਾਲ ਹੀ ਸਮੁੱਚੇ ਸਮਾਗਮ ਦਾ ਖ਼ੂਬਸੂਰਤ ਅੰਦਾਜ਼ ਵਿਚ ਮੰਚ ਸੰਚਾਲਨ ਵੀ ਕੀਤਾ। ਜਿਸਨੇ
ਹਰੇਕ ਕਵੀ ਨੂੰ ਪੇਸ਼ ਕਰਨ ਤੋਂ ਪਹਿਲਾਂ ਸਬੰਧਤ ਕਵਿਤਾ ਨਾਲ ਸ਼ੇਅਰ ਭਾਵਪੂਰਤ ਵਿਲੱਖਣਤਾ ਨਾਲ ਪੜੈ।
ਇਸ ਮੌਕੇ ‘ਤੇ ਵਿਸ਼ੇਸ਼ ਤੌਰ ਉੱਤੇ ਪਹੁੰਚੀ ਸਮਾਜ ਸੇਵਕਾ ਰੀਤੂ ਸਵੇਰਾ ਨੇ ਜਿੱਥੇ ਵਿਦਿਆਰਥੀਆਂ ਨਾਲ ਆਪਣੇ ਸਮਾਜ ਸੇਵਾ ਦੇ ਖੇਤਰ ਨਾਲ ਸਬੰਧਿਤ ਗੱਲਬਾਤ ਕੀਤੀ ਤੇ ਨਾਲ ਹੀ ਇਕੱਲੀ – ਇਕੱਲੀ ਕਵਿਤਾ ਦੀ ਪੜਚੋਲ ਵੀ ਕੀਤੀ।
ਇਸ ਮੌਕੇ ‘ਤੇ ਰਿਟਾਇਰਡ ਅਧਿਆਪਕਾ ਵੀਨਾ ਸ਼ਰਮਾ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਪ੍ਰੋਗਰਾਮ ਦੇ ਅਖ਼ੀਰ ਵਿਚ ਰੇਸ ਅਕੈਡਮੀ ਦੇ ਡਾਇਰੈਕਟਰ ਫ਼ਨਕਾਰ ਸ਼ਰਮਾ ਅਤੇ ਅਰੂਸ਼ੀ ਸ਼ਰਮਾ ਨੇ ਆਏ ਹੋਏ ਸਾਰੇ ਕਵੀਆਂ, ਮਹਿਮਾਨਾਂ ਅਤੇ ਚੈਨਲ ਦੇ ਸੰਚਾਲਕ ਸੱਤਪਾਲ ਮਾਨ , ਸਹਾਇਕ ਪੰਮਾ ਬੱਲੂਆਣਾ ਤੇ ਮੁੱਖ ਸਲਾਹਕਾਰ ਸੋਨੀ ਸੰਧੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ। ਇਸ ਪ੍ਰੋਗਰਾਮ ਲਈ ਚੈਨਲ ਸੁਪਨ ਉਡਾਰੀ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਜਿਸ ਵੱਲੋਂ ਕਰਵਾਇਆ ਇਹ ਕਵੀ ਦਰਬਾਰ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਰੋਤਿਆਂ ਲਈ ਇੱਕ ਅਭੁੱਲ ਯਾਦ ਬਣਕੇ ਰਹਿ ਗਿਆ।