ਸਾਂਝ ਸਟਾਫ ਵਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਲਾਏ ਗਏ ਸੈਮੀਨਾਰ
ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਮੁਹੱਲਿਆਂ ਵਿੱਚ ਬੱਚਿਆਂ ਨੂੰ ਸੁਰੱਖਿਅਤ ਅਤੇ ਜਾਗਰੂਕ ਕਰਨ ਲਈ ਇੱਕ ਪ੍ਰੇਰਨਾਦਾਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਬੱਚਿਆਂ ਨੂੰ ਬਾਲ ਸ਼ੋਸ਼ਣ, ਗੁੱਡ ਟੱਚ ਅਤੇ ਬੈਡ ਟੱਚ ਬਾਰੇ ਜਾਗਰੂਕ ਕਰਨ ਲਈ ਜਿਲ੍ਹੇ ਅੰਦਰ ਵੱਖ-ਵੱਖ ਸਕੂਲਾਂ ਵਿੱਚ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤੇ ਗਏ ਹਨ। ਇਸ ਤਹਿਤ ਸਾਂਝ ਸਟਾਫ ਫਰੀਦਕੋਟ ਵੱਲੋਂ ਮੇਜਰ ਅਜਾਇਬ ਸਿੰਘ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਪਿੰਡ ਜਿਉਣਵਾਲਾ, ਵਿਸ਼ਵਕਰਮਾ ਹਾਈ ਸਕੂਲ ਡੋਗਰ ਬਸਤੀ, ਫਰੀਦਕੋਟ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ, ਭਾਣਾ ਅਤੇ ਦਸਮੇਸ਼ ਮਾਡਰਨ ਸਕੂਲ, ਪਿੰਡ ਭਾਣਾ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰਾਂ ਦੌਰਾਨ ਬੱਚਿਆਂ ਨੂੰ ਨਾ ਸਿਰਫ਼ ਬਾਲ ਸ਼ੋਸ਼ਣ ਬਾਰੇ ਸਿੱਖਿਆ ਦਿੱਤੀ ਗਈ, ਸਗੋਂ ਉਹਨਾਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਦੇ ਫਰਕ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ, ਬੱਚਿਆਂ ਨੂੰ ਮੁੱਖ ਹੈਲਪਲਾਈਨ ਨੰਬਰਾਂ 112, 1930 ਅਤੇ 1098 ਬਾਰੇ ਵੀ ਜਾਣੂ ਕਰਵਾਇਆ ਗਿਆ, ਤਾਂ ਜੋ ਉਹ ਕਿਸੇ ਵੀ ਅਪਾਤਕਾਲੀ ਸਥਿਤੀ ਵਿੱਚ ਤੁਰੰਤ ਮਦਦ ਮੰਗ ਸਕਣ। ਸੈਮੀਨਾਰ ਦੌਰਾਨ, ਸਕੂਲ ਸਟਾਫ ਅਤੇ ਬੱਚਿਆਂ ਨੂੰ ਨਸ਼ਿਆਂ ਦੇ ਦੁਰਪ੍ਰਯੋਗ ਦੇ ਖ਼ਤਰਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਪੁਲਿਸ ਕਰਮਚਾਰੀਆਂ ਨੇ ਨਸ਼ਿਆਂ ਦੇ ਖਿਲਾਫ ਲੜਾਈ ਵਿੱਚ ਹਰੇਕ ਵਿਅਕਤੀ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਸਮਾਜਿਕ ਜਿੰਮੇਵਾਰੀ ਨੂੰ ਪ੍ਰੋਤਸਾਹਿਤ ਕੀਤਾ।