‘ਡਰੱਗ ਮਾਫੀਆ, ਪੁਲਿਸ ਅਤੇ ਸੱਤਾ ਤੰਤਰ ਦਾ ਨਾਪਾਕ ਗਠਜੋੜ’ ਪੰਜਾਬ ਦੀ ਤਬਾਹੀ ਦੇ ਮੰਜਰ ਲਈ ਜਿੰਮੇਵਾਰ : ਗਿੱਲ
ਆਏ ਦਿਨ ਹੋਰ ਘਾਤਕ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਅਤੇ ਸਰਕਾਰ ਦੀ ਨਸ਼ਿਆਂ ਵਿਰੁੱਧ ਨਾਕਾਮੀ : ਚੌਹਾਨ
ਫਰੀਦਕੋਟ, 23 ਮਈ (ਵਰਲਡ ਪੰਜਾਬੀ ਟਾਈਮਜ਼)
ਬਹੁਜਨ ਸਮਾਜ ਪਾਰਟੀ ਜਿਲ੍ਹਾ ਫਰੀਦਕੋਟ ਵੱਲੋਂ ਹਲਕਾ ਮਜੀਠਾ ਵਿੱਚ ਪੈਂਦੇ ਨਾਲ ਲੱਗਦੇ ਪਿੰਡਾਂ ਵਿੱਚ ਨਕਲੀ ਅਤੇ ਜਹਿਰੀਲੀ ਸ਼ਰਾਬ ਪੀਣ ਨਾਲ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਫਰੀਦਕੋਟ ਰਾਹੀਂ ਮਾਣਯੋਗ ਰਾਜਪਾਲ ਪੰਜਾਬ ਦੇ ਨਾਮ ਇੱਕ ਮੈਮੋਰੰਡਮ ਦਿੱਤਾ ਗਿਆ, ਜਿਸ ਵਿੱਚ ਮੌਜੂਦਾ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਆਮ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਹੀ ਨਹੀਂ ਕੀਤੇ ਸਗੋਂ ਗਰੰਟੀਆਂ ਦਿੱਤੀਆਂ ਸਨ ਅਤੇ ਚੋਣ ਮਨੋਰਥ ਪੱਤਰ ਰਾਹੀਂ ਪੰਜਾਬ ਦੇ ਲੋਕਾਂ ਸਾਹਮਣੇ ਬਹੁਤ ਹੀ ਲੋਕ ਲੁਭਾਵਣੇ ਵਿਸ਼ੇ ਵੀ ਰੱਖੇ ਸਨ। ਇਸ ਮੌਕੇ ਗੁਰਬਖਸ਼ ਸਿੰਘ ਚੌਹਾਨ ਇੰਚਾਰਜ ਮਾਲਵਾ ਜੌਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਪਹਿਲਾਂ ਦੀਆਂ ਰਹਿ ਚੁੱਕੀਆਂ ਸਰਕਾਰਾਂ ਵੱਲੋਂ ਕੀਤੇ ਵਾਅਦੇ ਜੋ ਨਿਰਾ ਝੂਠ ਦਾ ਪਲੰਦਾ ਹੀ ਸਾਬਤ ਹੋਏ ਤੋਂ ਇਲਾਵਾ ਕੁਝ ਨਹੀਂ ਸਨ। ਮੌਜੂਦਾ ਸਰਕਾਰ ਵੱਲੋਂ ਵੀ ਨਵੇਂ ਢੰਗ ਨਾਲ ਇਸ ਵਿਸ਼ੇ ’ਤੇ ਇਕੱਲਾ ਵਾਅਦਾ ਹੀ ਨਹੀਂ ਕੀਤਾ ਸਗੋਂ ਗਰੰਟੀ ਦਿੱਤੀ ਗਈ ਸੀ ਕਿ ਸਾਡੀ ਸਰਕਾਰ ਬਣਨ ’ਤੇ ਨਸ਼ੇ ਨੂੰ 3 ਮਹੀਨੇ ਦੇ ਸਮੇਂ ਅੰਦਰ ਪੂਰਣ ਰੂਪ ਵਿਚ ਖ਼ਤਮ ਕਰ ਦਿੱਤਾ ਜਾਵੇਗਾ। ਪੰਜਾਬ ਦੇ ਲੋਕਾਂ ਵਲੋਂ ਇਨ੍ਹਾਂ ਦੀਆਂ ਗਰੰਟੀਆਂ ’ਤੇ ਵਿਸ਼ਵਾਸ਼ ਕਰਦੇ ਹੋਏ 92 ਵਿਧਾਇਕ ਜਿਤਾ ਕੇ ਬਹੁਤ ਵੱਡਾ ਫਤਵਾ ਵੀ ਦੇ ਦਿੱਤਾ ਗਿਆ ਪਰ 12/13 ਮਈ, 2025 ਨੂੰ ਹਲਕਾ ਮਜੀਠਾ ਵਿਚ ਪੈਂਦੇ ਨਾਲ ਲੱਗਦੇ ਪਿੰਡਾਂ ਵਿੱਚ ਨਕਲੀ ਅਤੇ ਜਹਿਰੀਲੀ ਸ਼ਰਾਬ ਪੀਣ ਨਾਲ ਉਸੇ ਦਿਨ ਸ਼ਾਮ ਤੱਕ 17 ਲੋਕਾਂ ਦੀ ਮੌਤ ਦੀ ਪੁਸ਼ਟੀ ਸਰਕਾਰੀ ਤੰਤਰ ਵੱਲੋਂ ਕਰ ਦਿੱਤੀ ਕੀਤੀ ਗਈ ਸੀ। ਜੋ ਹੁਣ ਤੱਕ ਇਲਾਜ ਕਰਵਾ ਰਹੇ ਹੋਰਾਂ ਵਿੱਚੋਂ 10 ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਅੰਕੜਾ 27 ’ਤੇ ਜਾ ਪਹੁੰਚਿਆ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਸਮਝਦਿਆਂ ਮੌਜੂਦਾ ਸਰਕਾਰ ਦੀ ਹਰ ਵਿਸ਼ੇ ਤੇ ਨਾਕਾਮੀ ਕਾਰਨ ਪੰਜਾਬ ਦੀ ਪ੍ਰਗਤੀ, ਲੋਕਾਂ ਦੀ ਜਾਨ ਮਾਲ ਦੀ ਰਾਖੀ ਅਤੇ ਦਿਨੋਂ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿੱਤੀ ’ਤੇ ਸਰਕਾਰ ਨੂੰ ਉਤਰਦਾਈ ਬਣਾਉਣ ਲਈ ਪੰਜਾਬ ਸੂਬੇ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਆਪਣੀ ਟੀਮ ਦੇ ਨਾਲ ਉਸੇ ਦਿਨ ਜਿੱਥੇ ਮਜੀਠਾ ਦੇ ਇਹਨਾਂ ਪਿੰਡਾਂ ਵਿੱਚ ਇਸ ਦਰਦਨਾਕ ਘਟਨਾਕ੍ਰਮ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਮਿਲੇ ਅਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਨਾਲ ਹੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਹੇਠ ਲਿਖੇ ਅਨੁਸਾਰ ਬਿੰਦੂਆਂ ਨੂੰ ਕੇਂਦਰਿਤ ਕਰਕੇ ਮੰਗ ਵੀ ਕੀਤੀ ਗਈ। ਉਹਨਾ ਮੰਗ ਕੀਤੀ ਕਿ ਹਾਲਾਤਾਂ ਦੀ ਗੰਭੀਰਤਾ ਅਨੁਸਾਰ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਐਫਆਈਆਰ ਦਰਜ ਕਰਕੇ ਗ੍ਰਿਫਤਾਰ ਕਰਨ, ਪੂਰੇ ਤੰਤਰ ਦੀ ਪਾਜ ਖੋਲਣ ਲਈ ਅਤੇ ਹੋਰ ਸਬੰਧਤ ਧਿਰਾਂ ਜਾਂ ਵਿਅਕਤੀਆਂ ਨੂੰ ਨਾਮਜਦ ਕਰਕੇ ਮਿਸਾਲੀ ਸਜਾਵਾਂ ਦਿੱਤੀਆਂ ਜਾ ਸਕਣ, ਇਸ ਲਈ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਵਿਸ਼ੇਸ਼ ਅਧਿਕਾਰਾਂ ਨਾਲ ਲੈਸ ਕਮੇਟੀ ਦਾ ਗਠਨ ਕਰਨ, ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਫੌਰੀ ਤੌਰ ’ਤੇ ਮਾਲੀ ਮੱਦਦ ਦੇ ਤੌਰ ’ਤੇ ਇੱਕ-ਇੱਕ ਕਰੋੜ ਰੁ ਰਾਸ਼ੀ ਜਾਰੀ ਕਰਨ, ਹਰੇਕ ਮ੍ਰਿਤਕ ਦੇ ਪਰਿਵਾਰ ਦੇ ਇੱਕ-ਇੱਕ ਵਾਰਸ ਨੂੰ ਸਰਕਾਰੀ ਨੌਕਰੀ ਸਮਾਂਬੱਧ ਕਰਕੇ ਦੇਣ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਗੁਰਜੰਟ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਫਰੀਦਕੋਟ ਨੇ ਕਿਹਾ ਕੇ ਮੌਜੂਦਾ ਸਰਕਾਰ ਵੱਲੋਂ ਨਸ਼ਿਆਂ ਦੇ ਵਿਸ਼ੇ ’ਤੇ ਹੁਣ ਤੱਕ ਸਿਰਫ ਅਥਰੂ ਪੂੰਝਣ ਜਾਂ ਸਸਤੀ ਸ਼ੋਹਰਤ ਲੈਣ ਲਈ ਪਹਿਲਾਂ ਦੀ ਤਰ੍ਹਾਂ ਹੀ ਕੁਝ ਲੀਪਾ ਪੋਚੀ ਹੀ ਕੀਤੀ ਜਾ ਰਹੀ ਹੈ। ਜਦਕਿ ਇਕ ਸਾਲ ਪਹਿਲਾਂ ਵੀ ਇਸ ਸਰਕਾਰ ਦੇ ਸਮੇਂ ਹੀ ਸੰਗਰੂਰ ਵਿਖੇ ਵੀ ਨਕਲੀ ਅਤੇ ਜਹਿਰੀਲੀ ਸ਼ਰਾਬ ਨਾਲ ਹੀ 21 ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਸੰਬੰਧੀ ਸਰਕਾਰ ਵਲੋਂ ਹੁਣ ਤੱਕ ਕੁਝ ਵੀ ਲੋਕਾਂ ਸਾਹਮਣੇ ਨਹੀਂ ਲਿਆਂਦਾ ਅਤੇ ਇਸ ਸਰਕਾਰ ਦੇ ਤਿੰਨ ਸਾਲ ਦੇ ਰਾਜਕਾਲ ਦੇ ਸਮੇਂ ਅੰਦਰ ਵੱਖ-ਵੱਖ ਤਰ੍ਹਾਂ ਦੇ ਘਾਤਕ ਨਸ਼ਿਆਂ ਨਾਲ ਰੋਜਾਨਾ ਹੀ ਅਣਗਿਣਤ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਹੁਣ ਤੱਕ ਪੰਜਾਬ ਅੰਦਰ ਲੱਖਾਂ ਘਰ ਤਬਾਹ ਹੋ ਚੁੱਕੇ ਹਨ, ਜਿਸ ਨਾਲ ਬੱਚਿਆਂ ਦੇ ਸਿਰ ਤੋਂ ਸਾਇਆ ਉੱਠ ਰਿਹਾ ਹੈ, ਬੁੱਢਾਪੇ ਦੀ ਡੰਡੋਰੀ ਖੋਹੀ ਜਾ ਰਹੀ ਹੈ, ਭੈਣਾਂ ਦੇ ਭਰਾ ਤੇ ਸੁਹਾਗਣਾਂ ਦੇ ਸੁਹਾਗ ਖੋਹੇ ਜਾ ਰਹੇ ਹਨ। ਜਦਕਿ ਨਸ਼ਿਆਂ ਤੇ ਪੰਜਾਬ ਸਰਕਾਰ ਦੀ ਨੀਂਦ 3 ਸਾਲ ਦਾ ਸਮਾਂ ਬੀਤ ਜਾਣ ਬਾਅਦ ਖੁਲੀ ਹੈ ਅਤੇ ਹੁਣ ਵੀ ਸਿਰਫ ਯਾਤਰਾ ਕਰਕੇ ਨਸ਼ੇ ਖ਼ਤਮ ਕਰਨ ਦੇ ਅਖਬਾਰੀ ਦਮਗਜੇ ਮਾਰ ਕੇ ਤੇ ਭੋਲੇ ਭਾਲੇ ਪੰਜਾਬੀਆਂ ਨੂੰ ਨਿਰਾ ਬੇਵਕੂਫ਼ ਹੀ ਬਣਾ ਰਹੀ ਹੈ। ਸਰਕਾਰ ਨੂੰ ਦਸਣਾ ਚਾਹੁੰਦੇ ਹਾਂ ਕਿ ‘ਡਰੱਗ ਮਾਫੀਆ, ਪੁਲਿਸ ਅਤੇ ਸਤਾ ਤੰਤਰ ਦਾ ਨਾਪਾਕ ਗਠਜੋੜ’ ਜੋ ਪੰਜਾਬ ਦੀ ਤਬਾਹੀ ਦੇ ਮੰਜਰ ਲਈ ਜਿੰਮੇਵਾਰ ਹੈ, ਨਿਰਾ ਯਾਤਰਾਵਾਂ ਨਾਲ ਉਜੜਦੇ ਪੰਜਾਬ ਨੂੰ ਸੰਭਾਲ ਨਹੀਂ ਸਕਦੇ ਸਗੋਂ ਇਸ ਲਈ ਯਾਤਰਾ ਦੀ ਜਗਾ ‘ਯਾਤਨਾ’ (ਸਖ਼ਤ ਕਾਰਵਾਈ ਅਧੀਨ ਸਖ਼ਤ ਸਜ਼ਾਵਾਂ) ਨਾਲ ਹੀ ਇਸਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਸ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸਰਕਾਰਾਂ ਦੀ ਪੰਜਾਬ ਦੇ ਲੋਕਾਂ ਅਤੇ ਪੰਜਾਬੀਆਂ ਦੀ ਵਿਰਾਸਤ ਪ੍ਰਤੀ ਬੇਰੁਖੀ ਨੂੰ ਦੇਖਦੇ ਹੋਏ ਅਤੇ ਆਪਣੀ ਪੰਜਾਬ ਦੇ ਲੋਕਾਂ ਪ੍ਰਤੀ ਜਿੰਮੇਵਾਰੀ ਸਮਝਦੇ ਹੋਏ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਪੰਜਾਬ ਦੇ ਸਮੁੱਚੇ ਵਰਗਾਂ ਨੂੰ ਨਾਲ ਲੈ ਕੇ ਇਹਨਾਂ ਮੁੱਦਿਆਂ ਤੇ ਅੱਜ ਸਮੁੱਚੇ ਪੰਜਾਬ ਦੇ ਜ਼ਿਲਾ ਹੈਡ ਕੁਆਟਰਾਂ ’ਤੇ ਵੱਡੇ ਇਕੱਠ ਕਰਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਲੋਕਤੰਤਰੀ ਪ੍ਰਕਿਰਿਆ ਰਾਹੀਂ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਮਾਣਯੋਗ ਰਾਜਪਾਲ ਪੰਜਾਬ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਮੈਮੋਰੰਡਮ ਭੇਜ ਕੇ ਮੰਗ ਕਰਦੀ ਹੈ ਕਿ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਨੂੰ ਨਸ਼ਿਆਂ ਦੇ ਖਾਤਮੇ ਲਈ ਲੋੜੀਂਦੇ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਨਿਤ ਦੇ ਨਵੇਂ ਢੰਗ ਨਾਲ ਲੋਕਾਂ ਦੇ ਹੋ ਰਹੇ ਜਾਨੀ ਮਾਲੀ ਨੁਕਸਾਨ ਨੂੰ ਬਚਾਇਆ ਜਾ ਸਕੇ। ਇਸ ਲਈ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਆਪ ਸੰਵਿਧਾਨਕ ਕਦਰਾਂ ਕੀਮਤਾਂ ਦੀ ਰੱਖਿਆ ਕਰਦੇ ਹੋਏ ਇਸ ਗੰਭੀਰ ਮਾਮਲੇ ’ਤੇ ਸੋਚ ਵਿਚਾਰ ਕਰਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਖਿਆ ਕਰਨ ਲਈ ਉਚਿਤ ਕਦਮ ਜਰੂਰ ਚੁੱਕੋਗੇ ਅਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਨਸ਼ਿਆਂ ਦੇ ਖਾਤਮੇ ਲਈ ‘ਡਰੱਗ ਮਾਫੀਆ, ਪੁਲਿਸ ਅਤੇ ਸੱਤਾ ਤੰਤਰ’ ਦਾ ਨਾਪਾਕ ਗਠਜੋੜ ਖਤਮ ਕਰਨ ਲਈ ਸਰਕਾਰ ਨੂੰ ਢੁੱਕਵੇਂ ਨਿਰਦੇਸ਼ ਜਾਰੀ ਕਰੋਗੇ। ਇਸ ਮੌਕੇ ਹੌਰਨਾ ਤੋਂ ਇਲਾਵਾ ਬਾਬਾ ਫੂਲਾ ਸਿੰਘ ਪਿਪਲੀ, ਬਸੰਤ ਕੁਮਾਰ ਜਨਰਲ ਸਕੱਤਰ, ਮਨਜੀਤ ਸਿੰਘ, ਜਸਵੰਤ ਸਿੰਘ, ਜਗਦੀਸ਼ ਕੁਮਾਰ ਐਡਵੋਕੇਟ, ਸੇਵਕ ਸਿੰਘ ਪਿਪਲੀ, ਜਗਦੀਸ਼ ਸਿੰਘ, ਗੁਰਜੰਟ ਸਿੰਘ, ਆਤਮਾ ਸਿੰਘ, ਨਿਰਮਲ ਸਿੰਘ, ਸ਼ਿੰਦਾ ਸਿੰਘ, ਕਾਕਾ ਸਿੰਘ ਆਦਿ ਵੀ ਹਾਜਰ ਸਨ।