ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦਾ ਕੀਤਾ ਪ੍ਰਣ : ਚਾਨੀ
ਪੰਜਾਬ ਸਰਕਾਰ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਭੁੱਲੀ : ਚਾਵਲਾ

ਕੋਟਕਪੂਰਾ, 25 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 130 ਵੇ ਜਨਮ ਦਿਨ ਮੌਕੇ ਸਰਕਾਰੀ ਹਾਈ ਸਕੂਲ, ਔਲਖ ਵਿਖੇ ਮੁੱਖ ਅਧਿਆਪਕ ਜਗਜੀਵਨ ਸਿੰਘ ਦੀ ਅਗਵਾਈ ਹੇਠ ਇਸ ਮਹਾਨ ਸ਼ਹੀਦ ਨੂੰ ਯਾਦ ਨੂੰ ਤਾਜ਼ਾ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਸਕੂਲ ਇੰਚਾਰਜ ਭੁਪਿੰਦਰ ਪਾਲ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਕਿਹਾ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੋਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ ਅਤੇ ਮੀਤ ਪ੍ਰਧਾਨ ਪ੍ਰੇਮ ਚਾਵਲਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਸਬੰਧੀ ਅਨੇਕਾਂ ਵੱਖ-ਵੱਖ ਪਹਿਲੂਆਂ ’ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਇਸ ਨੌਜਵਾਨ ਨੇ ਆਪਣੀ ਛੋਟੀ ਉਮਰ ਵਿੱਚ ਹੀ ਗ਼ਦਰ ਪਾਰਟੀ ਲਈ ਅਤੇ ਗਦਰ ਪਾਰਟੀ ਦੇ ਮੁੱਖ ਬੁਲਾਰੇ ਅਖਬਾਰ ‘ਗਦਰ ਦੀ ਗੂੰਜ’ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਸੱਦਾ ਦਿੱਤਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਲਏ ਗਏ ਸੁਪਨਿਆਂ ਦੀ ਪੂਰਤੀ ਲਈ, ਉਹਨਾਂ ਦੇ ਜੀਵਨ ਨੂੰ ਪੜ੍ਹੀਏ ਅਤੇ ਲਾਗੂ ਕਰੀਏ। ਉਹਨਾਂ ਦੱਸਿਆ ਕਿ ਇਹਨਾਂ ਦੀ ਮਹਾਨ ਦੇਣ ਨੂੰ ਆਪਣੇ ਮਨ ਵਿੱਚ ਸਦਾ ਸਤਿਕਾਰ ਦੇਣ ਲਈ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਰਾਹ ਦਸੇਰਾ ਅਤੇ ਮਾਰਗ ਦਰਸ਼ਕ ਮੰਨਦੇ ਸਨ ਇਸ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਫੋਟੋ ਹਮੇਸ਼ਾ ਹੀ ਸ਼ਹੀਦ ਭਗਤ ਸਿੰਘ ਆਪਣੀ ਜੇਬ ਵਿੱਚ ਰੱਖਦੇ ਸਨ। ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਅੱਜ ਪੰਜਾਬ ਸਰਕਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 130ਵਾਂ ਜਨਮ ਦਿਨ ਯਾਦ ਨਾ ਰਹਿਣ ਕਰਕੇ ਪੰਜਾਬ ਦੇ ਲੋਕ ਸੰਪਰਕ ਵਿਭਾਗ ਵੱਲੋਂ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਰੂਪ ਵਿੱਚ ਯਾਦ ਕਰਨਾ ਮੁਨਾਸਿਬ ਨਹੀਂ ਸਮਝਿਆ ਗਿਆ ਤੇ ਯਾਦ ਨਹੀਂ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਐਸ਼ਮੀਤ ਕੌਰ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਕੌਮ ਦੇ ਨਾਂ ਅੰਤਿਮ ਸੰਦੇਸ਼ ‘ਹੰਦ ਵਾਸੀਓ ਰੱਖਣਾ ਯਾਦ ਸਾਨੂੰ’ ਗੀਤ ਦੇ ਰੂਪ ਵਿੱਚ ਸੁਣਾਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸੁਸਾਇਟੀ ਦੇ ਮੈਂਬਰ ਹਰਨੇਕ ਸਿੰਘ ਸਾਹੋਕੇ, ਸਕੂਲ ਦੇ ਅਧਿਆਪਕ ਦਵਿੰਦਰ ਸਿੰਘ ਗਿੱਲ, ਨੀਰੂ ਸ਼ਰਮਾ, ਹਰਜਿੰਦਰ ਕੌਰ, ਰੇਸ਼ਮ ਸਿੰਘ ਸਰਾਂ, ਨਵਲ ਕਿਸ਼ੋਰ, ਗੁਰਵਿੰਦਰ ਸਿੰਘ, ਰਜਨੀਸ਼ ਕੌਰ, ਸੁਰੇਸ਼ ਕੁਮਾਰ, ਰਣਜੀਤ ਕੌਰ, ਗੁਰਚਰਨ ਕੌਰ, ਰਾਜਵੀਰ ਕੌਰ, ਸੁਮਤੀ ਪ੍ਰੀਆ, ਰਾਜੇਸ਼ ਕੁਮਾਰ, ਸੱਜਣ ਕੁਮਾਰ ਤੇ ਨਰਿੰਦਰਜੀਤ ਕੌਰ ਆਦਿ ਵੀ ਹਾਜ਼ਰ ਸਨ।