ਹਲਕੇ ਵਿੱਚ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ ਕਰੋੜਾਂ ਦੀ ਲਾਗਤ ਨਾਲ ਵਿਛਾਈ ਜਾਣਗੀਆਂ ਪਾਈਪਲਾਈਨਾਂ-ਸੰਧਵਾਂ
ਕੋਟਕਪੂਰਾ, 27 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਫਿੱਡੇ ਕਲਾਂ ਤੇ ਦਾਣਾ ਰਮਾਣਾ ਵਿਖੇ 1 ਕਰੋੜ 20 ਲੱਖ 28 ਹਜ਼ਾਰ ਕਰੋੜ ਦੀ ਲਾਗਤ ਨਾਲ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ 4 ਜਮੀਨਦੋਜ਼ ਪਾਈਪਲਾਈਨਾਂ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਦੇ ਲਈ ਕੰਮ ਕਰਦੀ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਸਿੰਚਾਈ ਲਈ ਵਰਤਨ ਵਾਸਤੇ ਯੋਜਨਾ ਤਿਆਰ ਕੀਤੀ ਹੈ ਜਿਸ ਰਾਹੀਂ ਨਵੇਂ ਖਾਲ, ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜ ਸਕੇ। ਉਨ੍ਹਾਂ ਕਿਹਾ ਕਿ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ ਅੱਜ ਫਿੱਡੇ ਕਲਾਂ ਅਤੇ ਪਿੰਡ ਦਾਣਾ ਰੋਮਾਣਾ ਵਿਖੇ 4 ਪਾਈਪਲਾਈਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ । ਜਿੰਨਾਂ ਵਿੱਚ ਫਿੱਡੇ ਕਲਾਂ ਵਿਖੇ 78 ਲੱਖ 90 ਹਜ਼ਾਰ ਰੁਪਏ ਦੀ ਲਾਗਤ ਨਾਲ ਪਿੰਡ ਦਾਣਾ ਰੋਮਾਣਾ ਵਿਖੇ 3 ਮੋਘੇ ਤੇ ਪਾਈਪਲਾਈਨਾਂ ਜੋ ਕ੍ਰਮਵਾਰ 16 ਲੱਖ 69 ਹਜ਼ਾਰ, 09 ਲੱਖ 01 ਹਾਜ਼ਰ ਅਤੇ 15 ਲੱਖ 68 ਹਜ਼ਾਰ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗਾ। ਸ. ਸੰਧਵਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ 797 ਏਕੜ ਰਕਬੇ ਹੇਠ ਬਣਾਏ ਗਏ ਹਨ, ਜਿੰਨਾਂ ਦੀ ਲੰਬਾਈ 10590 ਮੀਟਰ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਤੇ 1 ਕਰੋੜ 20 ਲੱਖ 28 ਹਜ਼ਾਰ ਰੁਪਏ ਖਰਚ ਆਇਆ ਹੈ। ਉਨ੍ਹਾਂ ਕਿਹਾ ਕਿ ਜਮੀਨਦੋਜ਼ ਪਾਈਪਾਂ ਦੇ ਪ੍ਰੋਜੈਕਟ ਨਾਲ 192 ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਨਿਰਮਾਣ ਨਾਲ ਪਿੰਡ ਚੱਕ ਡੱਗੂ, ਰੋਮਾਣਾ, ਚੱਕ ਸ਼ਾਮਾਂ, ਫਿੱਡੇ ਕਲਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਦੀ ਸਹੂਲਤ ਮਿਲਣ ਨਾਲ ਉਨ੍ਹਾਂ ਨੂੰ ਸਿੰਚਾਈ ਸਬੰਧੀ ਕੋਈ ਸਮੱਸਿਆ ਨਹੀਂ ਆਵੇਗੀ। ਇਸ ਮੌਕੇ ਜਗਮੋਹਨ ਸਿੰਘ ਮੰਡਲ ਭੂਮੀ ਰੱਖਿਆ ਅਫਸਰ, ਰਾਜਵਿੰਦਰ ਕੌਰ, ਉੱਪ ਮੰਡਲ ਭੂਮੀ ਰੱਖਿਆ ਅਫਸਰ, ਅਨਮੋਲ ਸਿੰਘ, ਭੂਮੀ ਰੱਖਿਆ ਅਫਸਰ, ਭੁਪਿੰਦਰ ਸਿੰਘ, ਖੇਤੀਬਾੜੀ ਉੱਪ ਨਿਰੀਖਰ, ਕੰਵਰਪਾਲ ਸਿੰਘ ਸਰਵੇਅਰ, ਅਮਰੀਕ ਸਿੰਘ ਸਰਪੰਚ ਅਤੇ ਸੀਨੀਅਰ ‘ਆਪ’ ਆਗੂ ਬਾਬੂ ਸਿੰਘ ਫਿੱਡੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।