ਐਮ.ਪੀ. ਅੰਮ੍ਰਿਤਪਾਲ ਸਿੰਘ ’ਤੇ ਨਜਾਇਜ਼ ਤੌਰ ’ਤੇ ਲੱਗੇ ਐੱਨ.ਐੱਸ.ਏ. ਵਿੱਚ ਤੀਜੀ ਵਾਰ ਵਾਧੇ ਦਾ ਵੱਡੇ ਤੌਰ ’ਤੇ ਵਿਰੋਧ

ਕੋਟਕਪੂਰਾ, 27 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਤੀਜੀ ਵਾਰ ਨਜਾਇਜ਼ ਢੰਗ ਨਾਲ ਵਧਾਏ ਗਏ ਐੱਨ.ਐੱਸ.ਏ., ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬੀਆਂ ਦੀ ਆਵਾਜ਼ ਨੂੰ ਦਬਾਉਣ ਦੇ ਵਿਰੋਧ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਅਧੀਨ ਆਉਂਦੀਆਂ ਸਾਰੀਆਂ ਜ਼ਿਲਾ ਇਕਾਈਆਂ ਵੱਲੋਂ ਅੱਜ ਪੰਜਾਬ ਦੇ ਹਰ ਜ਼ਿਲੇ ’ਚ ਇੱਕਜੁਟ ਹੋ ਕੇ ਡਿਪਟੀ ਕਮਿਸ਼ਨਰ ਦਫਤਰਾਂ ਵੱਲ ਰੋਸ ਮਾਰਚ ਕੀਤੇ ਗਏ। ਹਰ ਜ਼ਿਲੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ, ਵਰਕਰ ਅਤੇ ਸਿੱਖ ਨੌਜਵਾਨ ਸ਼ਾਂਤੀਪੂਰਨ ਢੰਗ ਨਾਲ ਰੋਸ ਵਿਅਕਤ ਕਰਦੇ ਹੋਏ ਕੇਸਰੀ ਨਿਸ਼ਾਨ ਸਾਹਿਬ, ਭਾਈ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਤੇ ਹੱਕਾਂ ਦੇ ਸਲੋਗਨ ਲੈ ਕੇ ਨਿਕਲੇ। ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਐੱਨ.ਐੱਸ.ਏ. ਰੱਦ ਕਰੋ’, ‘ਸਿੱਖ ਨੌਜਵਾਨ ਰਿਹਾਅ ਕਰੋ’, ‘ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਰਿਹਾਅ ਕਰੋ’, ‘ਸਿੱਖ ਕੌਮ ਦੀ ਆਵਾਜ਼ ਨੂੰ ਨਾ ਦਬਾਓ’ ਵਰਗੇ ਨਾਅਰਿਆਂ ਦੀ ਗੂੰਜ ਨਾਲ ਪੰਜਾਬ ਦੇ ਹਰੇਕ ਸ਼ਹਿਰ ਵਿੱਚ ਲੋਕਤੰਤਰਿਕ ਰੂਪ ਵਿੱਚ ਆਪਣੀਂ ਆਵਾਜ਼ ਬੁਲੰਦ ਕੀਤੀ ਗਈ। ਪਾਰਟੀ ਆਗੂਆਂ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਲੋਕਤੰਤਰੀ ਢੰਗ ਨਾਲ ਚੋਣ ਜਿੱਤ ਕੇ ਸੰਸਦ ’ਚ ਪਹੁੰਚੇ ਹਨ, ਉਨ੍ਹਾਂ ਉੱਤੇ ਲਗਾਤਾਰ ਐੱਨ.ਐੱਸ.ਏ. ਦਾ ਵਾਧਾ ਕਰਨਾ ਸਿਰਫ਼ ਅਤੇ ਸਿਰਫ਼ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੇ ਨਾਲ-ਨਾਲ ਲੋਕਤੰਤਰ ਦੀ ਵੀ ਹੱਤਿਆ ਹੈ। ਇਸੇ ਤਰ੍ਹਾਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ’ਤੇ ਲਾ ਕੇ ਰੱਖੀ ਗਈ ਰੋਕ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਗ੍ਰਿਫਤਾਰ ਹੋਏ ਸਿੱਖ ਨੌਜਵਾਨਾਂ ਦੀ ਲੰਮੀ ਕੈਦ ਸਮੁੱਚੀ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੀ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੀ ਹੈ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜੇਲ੍ਹ ’ਚ ਜਾਣ ਤੋਂ ਪਹਿਲਾਂ ਚਲਾਈ ਨਸ਼ਾ ਵਿਰੋਧੀ ਲਹਿਰ ਨੇ ਪੰਜਾਬ ਦੇ ਨੌਜਵਾਨਾਂ ਵਿਚ ਚੇਤਨਾ ਜਗਾਈ ਅਤੇ ਉਹਨਾਂ ਨੇ ਗੁਰਮਤਿ ਅਧਾਰਿਤ ਜੀਵਨ, ਸਿੱਖ ਸਿਧਾਂਤਾਂ ਦੀ ਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ। ਇਸਦੇ ਉਲਟ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਹਾਲਾਤ ਵਿਗਾੜਨ ਵਾਲਾ ਕਦਮ ਦੱਸਣਾ ਨਾ ਸਿਰਫ਼ ਹਕੀਕਤ ਤੋਂ ਪਰੇ ਹੈ, ਸਗੋਂ ਇਹ ਸਿੱਖ ਹੱਕਾਂ ਦੀ ਆਵਾਜ਼ ਨੂੰ ਦਬਾਉਣ ਦੀ ਯੋਜਨਾ ਦਾ ਹਿੱਸਾ ਵੀ ਲੱਗਦਾ ਹੈ। ਇਸ ਦੌਰਾਨ, ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹਿਰਾਸਤ ਵਿੱਚ ਹੋਣ ਦੇ ਬਾਵਜੂਦ, ਪੰਜਾਬ ਦੇ ਹਰ ਹਿੱਸੇ ਤੋਂ ਨਸ਼ਿਆਂ ਦੀ ਵੱਧ ਰਹੀ ਭਿਆਨਕ ਸਥਿਤੀ, ਲਾਅ ਐਂਡ ਆਰਡਰ ਦਾ ਡਿੱਗਦਾ ਪੱਧਰ, ਨੌਜਵਾਨਾਂ ਵਿੱਚ ਵੱਧਦੀ ਨਿਰਾਸ਼ਾ, ਅਤੇ ਆਰਥਿਕ ਬੇਹਾਲੀ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਸਾਰੇ ਹਾਲਾਤ ਸਿੱਧ ਕਰਦੇ ਹਨ ਕਿ ਅਸਲ ਖ਼ਤਰਾ ਭਾਈ ਅੰਮ੍ਰਿਤਪਾਲ ਸਿੰਘ ਨਹੀਂ, ਸਗੋਂ ਉਹ ਸੂਬਾਈ ਨੀਤੀਆਂ ਹਨ ਜੋ ਨਾ ਤਾਂ ਨਸ਼ਿਆਂ ਨੂੰ ਰੋਕ ਸਕੀਆਂ ਅਤੇ ਨਾ ਹੀ ਲੋਕਾਂ ਨੂੰ ਇਨਸਾਫ਼ ਦੇ ਸਕੀਆਂ। ਅਖ਼ੀਰ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਸਮੂਹ ਆਗੂਆਂ ਤੇ ਵਰਕਰਾਂ ਪਾਰਟੀ ਦੇ ਮੁੱਖ ਸੇਵਾਦਾਰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਤੁਰਤ ਐੱਨ.ਐੱਸ.ਏ. ਹਟਾ ਕੇ ਰਿਹਾਅ ਕਰਨ ਦੀ ਗੱਲ ਕਰਦਿਆਂ ‘ਸਿੱਖ ਕੌਮ ਦੀ ਆਵਾਜ਼ ਜ਼ੁਲਮ ਦੇ ਖਿਲਾਫ਼’ ਦਾ ਨਾਅਰਾ ਬੁਲੰਦ ਕੀਤਾ। ਇਸ ਮੌਕੇ ਜਿਲਾ ਫਰੀਦਕੋਟ ਦੇ ਆਗੂ ਦਲੇਰ ਸਿੰਘ ਡੋਡ, ਹਰਪ੍ਰੀਤ ਸਿੰਘ ਸਮਾਧ ਭਾਈ, ਬਾਬੂ ਸਿੰਘ ਬਰਾੜ, ਸੁਖਜਿੰਦਰ ਸਿੰਘ ਪੰਜਗਰਾਈਂ, ਬਲਕਾਰ ਸਿੰਘ ਜੈਤੋ, ਗੁਰਚਰਨ ਸਿੰਘ ਸਾਦਿਕ, ਸੂਬੇਦਾਰ ਹਰਬੰਸ ਸਿੰਘ ਫੌਜੀ ਮਾਨੀ ਸਿੰਘ ਵਾਲਾ, ਐਡਵੋਕੇਟ ਕਰਨਵੀਰ ਸਿੰਘ ਫਰੀਦਕੋਟ, ਉਭਜਿੰਦਰ ਸਿੰਘ ਜਿਉਣਵਾਲਾ, ਤੇਜਵਿੰਦਰ ਸਿੰਘ ਮਚਾਕੀ, ਤਾਜਦੀਪ ਸਿੰਘ, ਜਸਵਿੰਦਰ ਸਿੰਘ, ਸੋਨੂੰ ਸਾਦਿਕ, ਗੁਰਲਾਲ ਸਿੰਘ, ਰਘਬੀਰ ਸਿੰਘ, ਹਸਨ ਭੱਟੀ, ਜਤਿੰਦਰ ਸਿੰਘ ਪੱਕਾ, ਅਮਰੀਕ ਸਿੰਘ ਭੋਲੂਵਾਲਾ, ਗੁਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਮਚਾਕੀ, ਦਿਲਬਾਗ ਸਿੰਘ, ਸੁਖਮੰਦਰ ਸਿੰਘ ਸ਼ੇਖੂਪੁਰੀਆ ਆਦਿ ਵੀ ਹਾਜਰ ਸਨ।