ਡਰੇਨਾਂ, ਸੀਵਰੇਜ, ਛੱਪੜਾਂ ਦੀ ਸਫ਼ਾਈ ਦਾ ਕੰਮ ਹੜ੍ਹਾਂ ਦੇ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰਨ ਦੀ ਹਦਾਇਤ
ਫਰੀਦਕੋਟ , 29 ਮਈ (ਵਰਲਡ ਪੰਜਾਬੀ ਟਾਈਮਜ਼)
ਅਗਾਮੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਜਿਲ੍ਹੇ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਦਾ ਅੱਜ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਮੀਟਿੰਗ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹੇ ਦੀਆਂ 10ਵੀਂ, ਬਾਰਵੀਂ ਦੀਆਂ ਟਾਪਰ ਲੜਕੀਆਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫਰੀਦਕੋਟ ਵਿੱਚ ਪੈਂਦੀਆਂ ਡਰੇਨਾਂ ਨੂੰ ਸਾਫ਼ ਕਰਨ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾਵੇ। ਉਨ੍ਹਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਸੀਵਰੇਜ ਸਿਸਟਮ ਦੀ ਵੀ ਸਫਾਈ ਕਰਵਾਉਣ ਸਬੰਧੀ ਨਗਰ ਕੌਂਸਲ ਵਿਭਾਗ/ਸੀਵਰੇਜ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਪਿੰਡਾਂ ਵਿੱਚ ਸਥਿਤ ਛੱਪੜਾਂ ਦੀ ਸਫਾਈ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਦੀ ਸਾਫ ਸਫਾਈ ਕਰਨ ਲਈ ਹਦਾਇਤ ਕੀਤੀ ਤੇ ਕਿਹਾ ਕਿ ਘਰ- ਘਰ ਵਿੱਚ ਜਾ ਕੇ ਕੂੜਾ ਇਕੱਠਾ ਕੀਤਾ ਜਾਵੇ ਤਾਂ ਜੋ ਲੋਕਾਂ ਵੱਲੋਂ ਸੁੱਟੇ ਕੂੜੇ ਨਾਲ ਸੀਵਰੇਜ ਸਿਸਟਮ ਜਾਂ ਨਾਲੀਆਂ ਬਲਾਕ ਨਾ ਹੋਣ ਅਤੇ ਬਰਸਾਤ ਦੇ ਮੌਸਮ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਹਰਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਰਭਿੰਦਰ ਸਿੰਘ ਗਰੇਵਾਲ, ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਡੀ.ਆਰ.ਓ ਲਵਪ੍ਰੀਤ ਕੌਰ, ਈ.ਓ ਫਰੀਦਕੋਟ ਅੰਮ੍ਰਿਤ ਲਾਲ, ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।