ਬਠਿੰਡਾ , 30 ਮਈ ( ਗੁਰਪ੍ਰੀਤ ਚਹਿਲ /ਵਰਲਡ ਪੰਜਾਬੀ ਟਾਈਮਜ਼)
ਅੱਜ ਦੇ ਇਸ ਦਿਖਾਵੇ ਅਤੇ ਚਕਾਚੌਂਧ ਵਾਲੇ ਯੁੱਗ ਵਿੱਚ ਹਰ ਇਨਸਾਨ ਚਾਹੁੰਦਾ ਹੈ ਕਿ ਸਮਾਜ ਵਿੱਚ ਉਸ ਦਾ ਇੱਕ ਨਾਮ ਅਤੇ ਇੱਕ ਸਮਾਜ ਸੇਵੀ ਦੇ ਤੌਰ ਤੇ ਪਹਿਚਾਣ ਬਣੇ ਆਪਣੇ ਇਸੇ ਆਸੇ ਦੀ ਪੂਰਤੀ ਲਈ ਇਨਸਾਨ ਉਹਨਾਂ ਵੱਡੀਆਂ ਵੱਡੀਆਂ ਥਾਵਾਂ ਤੇ ਜਾ ਕੇ ਮੋਟਾ ਦਾਨ ਚੜਾਵਾ ਅਤੇ ਸੋਨਾ ਭੇਟ ਕਰਦਾ ਹੈ ਜਿੱਥੇ ਪਹਿਲਾਂ ਹੀ ਵੱਡੇ ਵੱਡੇ ਮਹਿਲ ਉਸਰੇ ਪਏ ਹਨ। ਪਰ ਕਿਸੇ ਲੋੜਵੰਦ, ਲਾਚਾਰ ਜਾਂ ਬੇਜੁਬਾਨ ਪਸ਼ੂ ਪੰਛੀਆਂ ਲਈ ਖਾਣਾ ਪਾਣੀ ਮੁਹਈਆ ਕਰਾਉਣਾ, ਜਿਹੜੀ ਕਿ ਅਸਲ ਦੇ ਵਿੱਚ ਸੱਚੀ ਸੇਵਾ ਹੈ ਇਸ ਤੋਂ ਜਿਆਦਾਤਰ ਇਨਸਾਨ ਮੁਨਕਰ ਹੁੰਦੇ ਜਾ ਰਹੇ। ਪਰ ਅੱਜ ਵੀ ਕੁਝ ਅਜਿਹੀਆਂ ਸੰਸਥਾਵਾਂ ਹਨ ਜਿਹੜੀਆਂ ਕਿ ਅਸਲ ਲੋੜਵੰਦ ਵਿਅਕਤੀਆਂ ਜਾਂ ਫਿਰ ਬੇਜੁਬਾਨ ਪਸ਼ੂ ਪੰਛੀਆਂ ਦੀ ਸੇਵਾ ਲਈ ਤਤਪਰ ਰਹਿੰਦੀਆਂ ਹਨ। ਐਸੀ ਹੀ ਇੱਕ ਸੰਸਥਾ ਹੈ ਆਸ ਵੈਲਫੇਅਰ ਸੋਸਾਇਟੀ।
ਆਸ ਵੈਲਫੇਅਰ ਸੋਸਾਇਟੀ ਬਠਿੰਡਾ ਦੀ ਪ੍ਰਧਾਨ ਰੀਤੂ ਸਵੇਰਾ ਵੱਲੋਂ ਸਮਾਜਸੇਵੀ ਕੰਮਾਂ ਵਿੱਚ ਆਪਣੇ ਸਹਿਯੋਗੀਆਂ ਦੀ ਮੱਦਦ ਨਾਲ ਵੱਧ-ਚੜ੍ਹਕੇ ਹਿੱਸਾ ਪਾਇਆ ਜਾਂਦਾ ਹੈ। ਸ਼ਹਿਰ ਬਠਿੰਡਾ ਵਿੱਚ ਉਸਨੂੰ ਬਹੁਤਾ ਫਰੀ ਟਿਊਸ਼ਨ ਵਾਲੀ ਮੈਡਮ ਦੇ ਨਾਉਂ ਨਾਲ ਵੀ ਜਾਣਿਆ ਜਾਂਦਾ ਹੈ। ਕਿਉਂਕਿ ਕਾਫੀ ਸਮਾਂ ਪਹਿਲਾਂ ਉਸਨੇ ਸਿਰਫ ਦੋ ਬੱਚਿਆਂ ਨੂੰ ਟਿਊਸ਼ਨ ਪੜਾਉਣ ਦੇ ਸਿਲਸਿਲੇ ਤੋਂ ਸਮਾਜਸੇਵਾ ਸ਼ੁਰੂ ਕਰਕੇ ਹੁਣ ਉਸ ਕੋਲ ਬੱਚਿਆਂ ਦੀ ਤਾਦਾਦ ਕਾਫੀ ਵੱਧ ਗਈ ਹੈ। ਜਿਨ੍ਹਾਂ ਵਿੱਚ ਜਿਆਦਾਤਰ ਮਜਦੂਰ ਤੇ ਲੋੜਵੰਦ ਵਰਗ ਦੇ ਬੱਚੇ – ਬੱਚੀਆਂ ਸ਼ਾਮਿਲ ਹਨ। ਸੋਸਾਇਟੀ ਵੱਲੋਂ ਇਹਨਾਂ ਬੱਚਿਆਂ ਦੇ ਭਵਿੱਖ ਲਈ ਕੀਤੇ ਜਾਂਦੇ ਉਪਰਾਲੇ ਦੇ ਨਾਲ – ਨਾਲ ਹਰੇਕ ਨੂੰ ਆਪਣੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਮੈਡੀਕਲ ਕੈਂਪ ਵੀ ਲਾਏ ਜਾਂਦੇ ਹਨ। ਬੀਤੇ ਦਿਨੀਂ ਆਸ ਵੈਲਫੇਅਰ ਸੋਸਾਇਟੀ ਦੀ ਇੱਕ ਅਹਿਮ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਉੱਘੇ ਗਾਇਕ ਅਤੇ ਆਮ ਆਦਮੀ ਪਾਰਟੀ ਐਸ.ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਬਲਵੀਰ ਚੋਟੀਆਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਸੋਸਾਇਟੀ ਪ੍ਰਧਾਨ ਰੀਤੂ ਸਵੇਰਾ ਤੋਂ ਇਲਾਵਾ ਪ੍ਰਿੰਸੀਪਲ ਸ਼ਾਰਧਾ ਚੌਪੜਾ , ਕਵਿੱਤਰੀ ਸੋਨੀ ਸੰਧੂ , ਅਮਨਦੀਪ ਸਿੰਘ ਸਿਵੀਆਂ , ਅਜੀਤ ਕੁਮਾਰ ਮਹਿਤਾ , ਬੂਟਾ ਸਿੰਘ , ਗੁਰਨਾਮ ਸਿੰਘ , ਸੱਤਪਾਲ ਮਾਨ ਅਤੇ ਲੇਖਕ ਰਣਬੀਰ ਰਾਣਾ ਨੇ ਸ਼ਮੂਲੀਅਤ ਕਰਕੇ ਸੋਸਾਇਟੀ ਦੀਆਂ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸਭਨਾਂ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਬਠਿੰਡਾ ਦੇ ਸ਼੍ਰੀ ਕਿਲਾ ਸਾਹਿਬ ਵਿਖੇ ਪੰਛੀਆਂ ਲਈ ਡੋਂਗੇ ਵੰਡਣ ਦਾ ਫੈਸਲਾ ਕੀਤਾ ਗਿਆ ਅਤੇ ਜਲਦ ਹੀ ਇਨ੍ਹਾਂ ਕਾਰਜਾਂ ‘ਚ ਹੋਰ ਵਧਕੇ ਸੇਵਾ ਕਰਨ ਸਬੰਧੀ ਵਿਊਂਤਬੰਦੀ ਵੀ ਕੀਤੀ ਗਈ। ਇਸ ਮੀਟਿੰਗ ਵਿੱਚ ਪ੍ਰਿੰਸੀਪਲ ਸ਼ਾਰਧਾ ਚੌਪੜਾ ਨੇ ਵਾਇਦਾ ਕੀਤਾ ਕਿ ਇਸ ਸੰਸਥਾ ਦੇ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਹ ਖੁਦ ਆਪਣੇ ਸਾਰੇ ਖਰਚੇ ਤੇ ਉਹਨਾਂ ਨੂੰ ਸਿੱਖਿਆ ਮੁਹੱਈਆ ਕਰੇਗੀ। ਤਾਂ ਜੋ ਇਹ ਬੱਚੇ ਆਉਣ ਵਾਲੇ ਸਮੇਂ ਲਈ ਸਾਡਾ ਭਵਿੱਖ ਬਣ ਸਕਣ। ਇਸੇ ਤਰ੍ਹਾਂ ਹੋਰਨਾਂ ਮੈਂਬਰਾਂ ਨੇ ਵੀ ਅਜਿਹੇ ਸ਼ੁਭ ਕੰਮਾਂ ਵਿੱਚ ਆਪਣਾ – ਆਪਣਾ ਯੋਗਦਾਨ ਪਾਉਣ ਲਈ ਵਾਇਦਾ ਕੀਤਾ।