ਦੂਜਾ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਸਮਾਪਤ
ਵਿਦਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਤਰਕਸ਼ੀਲ ਕਿਤਾਬਾਂ ਨਾਲ ਕੀਤਾ ਸਨਮਾਨਿਤ
ਬਰਨਾਲਾ 9 ਜੂਨ (ਸੁਮੀਤ ਅੰਮ੍ਰਿਤਸਰ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਿੰਨ ਰੋਜ਼ਾ ਦੂਜੇ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦੇ ਤੀਜੇ ਅਤੇ ਆਖਰੀ ਦਿਨ ਵਿਦਿਆਰਥੀਆਂਨੂੰ ‘ਸ਼ਹੀਦੇ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ’ ਅਤੇ ‘ਅਖੌਤੀ ਭੂਤ ਪ੍ਰੇਤਾਂ ਦੀ ਕਸਰ ਅਤੇ ਮਾਨਸਿਕ ਰੋਗ’ ਬਾਰੇ ਜਾਣਕਾਰੀ ਦੇਣ ਦੇ ਇਲਾਵਾ ਵਿਦਿਆਰਥੀਆਂ ਦੇ ਕੁਇੱਜ਼ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ ਪਹਿਲੇ ਸੈਸ਼ਨ ਦੇ ਮੁੱਖ ਬੁਲਾਰੇ ਅਤੇ ਉੱਘੇ ਵਿਦਵਾਨ ਡਾ.ਰਾਜਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਕਹਿਣਾ ਸੀ ਕਿ “ਨੌਜਵਾਨਾਂ ਨੂੰ ਇਨਕਲਾਬ ਦਾ ਸੁਨੇਹਾ ਕਾਰਖਾਨਿਆਂ ਅਤੇ ਖੇਤਾਂ ਵਿਚ ਕੰਮ ਕਰਦੇ ਲੱਖਾਂ ਮਜ਼ਦੂਰਾਂ, ਕਿਸਾਨਾਂ,ਝੁੱਗੀ-ਝੌਂਪੜੀਆਂ ਅਤੇ ਸਮੁੱਚੇ ਕਿਰਤੀ ਵਰਗ ਤਕ ਪਹੁੰਚਾਉਣ ਦੀ ਲੋੜ ਹੈ ਅਤੇ ਇਹੀ ਕਿਰਤੀ ਇਨਕਲਾਬ ਅਸਲ ਆਜ਼ਾਦੀ ਲਿਆਵੇਗਾ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਅਸੰਭਵ ਬਣਾ ਦੇਵੇਗਾ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਉਤੇ ਪਹਿਰਾ ਦੇਣ ਦੀ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਅਸਲ ਹਥਿਆਰ ਉਸਦੀ ਕਲਮ ਅਤੇ ਇਨਕਲਾਬੀ ਫ਼ਲਸਫ਼ੇ ਦਾ ਅਧਿਐਨ ਸੀ ਜਿਸ ਨੇ ਉਸਦੀ ਰਾਜਸੀ ਚੇਤਨਾ, ਬੌਧਿਕ ਸਮਰੱਥਾ ਅਤੇ ਸੰਘਰਸ਼ੀ ਪ੍ਰਤੀਬੱਧਤਾ ਨੂੰ ਸਥਾਪਿਤ ਕੀਤਾ।
ਅਗਲੇ ਸੈਸ਼ਨ ਵਿੱਚ ਮਾਸਟਰ ਰਾਜਿੰਦਰ ਭਦੌੜ ਨੇ ਸਮਾਜ ਵਿੱਚ ਅਖੌਤੀ ਭੂਤਾਂ ਪਰੇਤਾਂ ਦੀ ਕਸਰ ਕਾਰਨ ਵੱਧ ਰਹੇ ਮਾਨਸਿਕ ਰੋਗਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭੂਤਾਂ ਪਰੇਤਾਂ ਦੀ ਕੋਈ ਹੋਂਦ ਨਹੀਂ ਹੁੰਦੀ ਪਰ ਸਮਾਜਿਕ ਨਾਬਰਾਬਰੀ ਅਤੇ ਬੇਇਨਸਾਫ਼ੀ ਤੇ ਅਧਾਰਤ ਰਾਜ ਪ੍ਰਬੰਧ ਦੇ ਨਤੀਜੇ ਵਜੋਂ ਉਪਜੇ ਮਾਨਸਿਕ ਰੋਗ ਸਾਡੇ ਸਮੁੱਚੇ ਸਮਾਜ, ਸਿਹਤ ਅਤੇ ਕਾਰਜ ਪ੍ਰਣਾਲੀ ਨੂੰ ਕਮਜ਼ੋਰ ਅਤੇ ਬਰਬਾਦ ਕਰਦੇ ਹਨ। ਇਸ ਲਈ ਸਾਨੂੰ ਪਾਖੰਡੀ ਬਾਬਿਆਂ , ਜੋਤਸ਼ੀਆਂ ਦੇ ਝਾਂਸੇ ਵਿੱਚ ਫਸ ਕੇ ਲੁੱਟ ਕਰਵਾਉਣ ਦੀ ਥਾਂ ਆਪਣੀ ਸੋਚ ਨੂੰ ਵਿਗਿਆਨਕ ਅਤੇ ਮਜ਼ਬੂਤ ਬਣਾਉਣ ਦੀ ਲੋੜ ਹੈ। ਇਸ ਦੌਰਾਨ ਕੈਂਪ ਦੇ ਦੋਵੇਂ ਦਿਨ ਸਵੇਰੇ ਸੂਬਾਈ ਆਗੂ ਸੁਰਜੀਤ ਟਿੱਬਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਸਰੀਰਕ ਕਸਰਤ ਕਰਵਾਈ ਗਈ ਅਤੇ ਉਨ੍ਹਾਂ ਨੂੰ ਚੰਗੀ ਸਿਹਤ ਤੇ ਖੁਰਾਕ ਸੰਬੰਧੀ ਵਿਸ਼ੇਸ਼ ਤੌਰ ਤੇ ਸਿੱਖਿਅਤ ਕੀਤਾ ਗਿਆ।
ਆਖਰੀ ਸੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਇਸ ਚੇਤਨਾ ਕੈਂਪ ਵਿੱਚ ਤਿੰਨੇ ਦਿਨ ਵੱਖ ਵੱਖ ਵਿਸ਼ਿਆਂ ਤੇ ਗ੍ਰਹਿਣ ਕੀਤੀ ਵਿਗਿਆਨਕ ਸਿੱਖਿਆ ਅਤੇ ਕਬੂਲੇ ਗਏ ਪ੍ਰਭਾਵ ਸਾਂਝੇ ਕੀਤੇ ਗਏ ਅਤੇ ਭਵਿੱਖ ਵਿੱਚ ਅਜਿਹੇ ਵਿਗਿਆਨਕ ਚੇਤਨਾ ਕੈਂਪਾਂ ਵਿੱਚ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕਰਨ ਦਾ ਅਹਿਦ ਕੀਤਾ ਗਿਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੀ ਸੂਬਾ ਕਮੇਟੀ ਵੱਲੋਂ ਚੇਤਨਾ ਕੈਂਪ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਬਾਈ ਆਗੂ ਮਾਸਟਰ ਰਾਜਿੰਦਰ ਭਦੌੜ ਵੱਲੋਂ ਸਮੂਹ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋਂ, ਰਾਜੇਸ਼ ਅਕਲੀਆ, ਗੁਰਪ੍ਰੀਤ ਸ਼ਹਿਣਾ,ਰਾਮ ਸਵਰਨ ਲੱਖੇਵਾਲੀ, ਸੁਮੀਤ ਅੰਮ੍ਰਿਤਸਰ,ਜਸਵੰਤ ਮੋਹਾਲੀ, ਸੁਰਜੀਤ ਟਿੱਬਾ,ਕੁਲਜੀਤ ਡੰਗਰਖੇੜਾ, ਮੋਹਨ ਬਡਲਾ ਤੋਂ ਇਲਾਵਾ ਜੋਨ ਆਗੂ ਸੰਦੀਪ ਧਾਰੀਵਾਲ ਭੋਜਾਂ,ਕੁਲਵੰਤ ਕੌਰ ਪਟਿਆਲਾ, ਪ੍ਰਿ. ਹਰਿੰਦਰ ਕੌਰ,ਕੁਲਦੀਪ ਨੇਨੇਵਾਲ, ਰਾਮ ਕੁਮਾਰ ਪਟਿਆਲਾ,ਗਿਆਨ ਸਿੰਘ ਬਠਿੰਡਾ,ਵਿਨੋਦ ਬਾਰੇਕਾ,ਓਮ ਪ੍ਰਕਾਸ਼,ਮਾਸਟਰ ਹਰਪ੍ਰੀਤ ਗੋਨਿਆਨਾ, ਜਿੰਦਰ ਬਾਗਪੁਰ ਅਤੇ ਬਿੰਦਰ ਧਨੌਲਾ ਹਾਜ਼ਰ ਸਨ।ਇਸ ਮੌਕੇ ਸਕੂਲ ਅਧਿਆਪਕ ਅਤੇ ਮਾਪੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।