ਵਿਧਾਇਕ ਗੁਰਦਿੱਤ ਸਿੰਘ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਉਠਾਇਆ ਸੀ ਮੁੱਦਾ
ਕੋਟਕਪੂਰਾ, 13 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਆਪਣੇ ਵਾਹਨਾਂ ਦੇ ਕੰਮ ਸਬੰਧੀ ਆਰ.ਟੀ.ਏ. ਫਰੀਦਕੋਟ ਵਿਖੇ ਆ ਰਹੀਆਂ ਮੁਸ਼ਕਿਲਾਂ ਸਬੰਧੀ ਉਨ੍ਹਾਂ ਵੱਲੋਂ ਵਿਧਾਨ ਸਭਾ ਵਿੱਚ ਮੁੱਦਾ ਉਠਾਇਆ ਗਿਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਹੁਣ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਬੈਕਲਾਗ ਅਤੇ ਆਰ.ਸੀ. ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲਾਇਸੰਸਧਾਰੀਆਂ ਨੇ ਅਜੇ ਤੱਕ ਆਪਣੇ ਲਾਇਸੰਸ ਦੇ ਤਬਦੀਲੀ ਲਈ ਜ਼ਰੂਰੀ ਦਸਤਾਵੇਜ਼ ਜਮਾਂ ਨਹੀਂ ਕਰਵਾਏ, ਉਨ੍ਹਾਂ ਨੂੰ ਨਵਿਆਉਣ ਦੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਗਈ ਹੈ। ਇਸ ਦੇ ਲਈ ਹੁਣ ਉਨ੍ਹਾਂ ਨੂੰ ਡਰਾਈਵਿੰਗ ਲਾਇਸੰਸ ਨਵਿਆਉਣ ਲਈ ਜਿਹੜੇ ਦਸਤਾਵੇਜਾ ਦੀ ਜਰੂਰਤ ਹੈ, ਉਨ੍ਹਾਂ ਵਿੱਚ ਐਕਜ਼ਿਕਿਊਟਿਵ ਮੈਜਿਸਟਰੇਟ ਕੋਲੋਂ ਸਹੁੰ ਪੱਤਰ, ਜਿਸ ਵਿੱਚ ਲਿਖਿਆ ਹੋਵੇ ਕਿ “ਮੇਰਾ ਲਾਇਸੰਸ ਗੁਮ ਹੋ ਗਿਆ ਹੈ” ਜਾਂ ਲਾਇਸੰਸ ਨਾਲ ਸੰਬੰਧਤ ਹੋਰ ਵਜਾ, ਮੂਲ ਲਾਇਸੰਸ ਜਾਂ ਰਿਕਾਰਡ ਦੀ ਕੋਈ ਪੁਸ਼ਟੀ, ਜਿਵੇਂ ਕਿ ਪ੍ਰੀਖਿਆ ਪਾਸ ਕਰਨ ਦੀ ਪਰਚੀ, ਆਧਾਰ ਕਾਰਡ ਦੀ ਨਕਲ (ਫੋਟੋਕਾਪੀ), ਰਿਹਾਇਸ਼ ਸਬੰਧੀ ਸਬੂਤ, ਜਿਵੇਂ ਕਿ ਵਾਸੀਕਾ, ਬਿਜਲੀ ਬਿੱਲ ਆਦਿ, ਲਾਇਸੰਸ ਜਾਰੀ ਕਰਨ ਵਾਲੀ ਸੰਸਥਾ (ਐਸ.ਡੀ.ਐਮ./ਡੀ.ਟੀ.ਓ.) ਕੋਲੋਂ ਹਜ਼ਾਰੀ ਸਬੂਤ ਜਾਂ ਰਿਕਾਰਡ, ਜਿੱਥੋਂ ਲਾਇਸੰਸ ਜਾਰੀ ਹੋਇਆ ਸੀ। ਵਾਹਨ ਦੀ ਮਾਲਕੀ ਸਬੰਧੀ ਰਿਕਾਰਡ (ਜਿਵੇਂ ਆਰ.ਸੀ. ਦੀ ਨਕਲ ਜਾਂ ਇਨਸੁਰੈਂਸ ਪਾਲਿਸੀ), ਜੇ ਉਮੀਦਵਾਰ ਕੋਲ ਵਾਹਨ ਹੈ। ਤਿੰਨ ਪਾਸਪੋਰਟ ਸਾਈਜ਼ ਫੋਟੋਆਂ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਨਿਰਧਾਰਿਤ ਸਮੇਂ ਤੱਕ ਦਸਤਾਵੇਜ਼ ਜਮਾਂ ਨਹੀਂ ਕਰਵਾਏ ਜਾਂਦੇ ਤਾਂ ਉਨ੍ਹਾਂ ਲਾਇਸੰਸਧਾਰੀਆਂ ਦੀ ਜਾਣਕਾਰੀ ਰਿਕਾਰਡ ਤੋਂ ਹਟਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜਿਸ ਵਿਅਕਤੀ ਦੇ ਨਾਮ ’ਤੇ ਕੰਮ ਹੋਣਾ ਹੈ, ਉਸ ਦੀ ਹਾਜ਼ਰੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਆਖਰੀ ਮਿਆਦ ਤੋਂ ਬਾਅਦ ਕੋਈ ਵੀ ਅਰਜ਼ੀ ਕਬੂਲ ਨਹੀਂ ਕੀਤੀ ਜਾਵੇਗੀ। ਸ਼ਰਤਾਂ ਅਧੀਨ ਸਿਰਫ਼ ਉਹੀ ਲਾਇਸੰਸ ਨਵਾਏ ਜਾਣਗੇ ਜਿਨ੍ਹਾਂ ਦੀ ਉਚਿਤ ਜਾਂਚ ਹੋ ਚੁੱਕੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਬਿਨਾਂ ਦਸਤਾਵੇਜ਼ਾਂ ਵਾਲੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ। ਵਿਧਾਇਕ ਸੇਖੋਂ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੰਨਾਂ ਦਾ ਆਪਣੇ ਵਹੀਕਲਾਂ ਦੀ ਰਜਿਸਟਰੇਸ਼ਨ ਜਾਂ ਆਰ.ਸੀ. ਨਾਲ ਸਬੰਧਤ ਕੰਮ ਰਹਿੰਦਾ ਹੈ, ਉਹ ਆਰ.ਟੀ.ਓ. ਦਫਤਰ ਫਰੀਦਕੋਟ ਨਾਲ ਸੰਪਰਕ ਕਰਕੇ ਤੁਰਤ ਕਰਵਾਉਣ।