ਕੋਟਕਪੂਰਾ, 14 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਦੇਵੀਵਾਲਾ ਰੋਡ ਕੋਟਕਪੂਰਾ ਵਿਖੇ ਸਾਈਬਰ ਫਿਜ਼ੀਕਲ ਲੈਬ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਲੈਬ ਸਥਾਪਿਤ ਕੀਤੀ ਜਾਣੀ ਹੈ। ਇਸ ਸਬੰਧ ਵਿੱਚ ਕਾਲਜ ਦੇ ਪ੍ਰਿੰਸੀਪਲ ਇੰਜੀ: ਸੁਰੇਸ਼ ਕੁਮਾਰ ਵੱਲੋਂ ਦੱਸਿਆ ਕਿ ਕਾਲਜ ਵਿਖੇ ਇਹ ਲੈਬ ਸਥਾਪਿਤ ਕਰਨ ਲਈ ਮਾਣਯੋਗ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਦੀ ਰਹਿਨਮਈ ਹੇਠ ਆਈ ਆਈ ਟੀ ਰੋਪੜ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਕੋਟਕਪੂਰਾ ਵਿਚਕਾਰ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਇਨ ਕੀਤਾ ਗਿਆ ਜਿਸ ਤਹਿਤ ਸਪੀਕਰ ਸਾਹਿਬ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਕੁਆਡੀਨੇਟਰ ਪ੍ਰਿੰਸੀਪਲ ਨਵਨੀਤ ਵਾਲੀਆ ਦੇ ਯਤਨਾਂ ਸਦਕਾ ਇਹ ਲੈਬ ਸਥਾਪਿਤ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਕਾਲਜ ਦੇ ਪ੍ਰਿੰਸੀਪਲ ਇੰਜੀ: ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਸ ਲੈਬ ਨਾਲ ਜਿੱਥੇ ਸੰਸਥਾ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਆਧੁਨਿਕ ਸਮੇਂ ਦੀ ਟੈਕਨਾਲੋਜੀ ਨੂੰ ਸਿੱਖਣ ਦਾ ਮੌਕਾ ਮਿਲੇਗਾ। ਉਹਨਾਂ ਕਿਹਾ ਕਿ ਇਹਨਾਂ ਲੈਬਾਂ ਵਿੱਚੋਂ ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਇੰਟਰਨੈਟ ਆਫ ਥਿੰਗਸ ਦੀ ਟਰੇਨਿੰਗ ਲੈ ਕੇ ਇਲਾਕੇ ਦੇ ਵਿਦਿਆਰਥੀ ਅਤੇ ਆਮ ਲੋਕ ਆਧੁਨਿਕ ਟੈਕਨਾਲੋਜੀ ਦੇ ਰੂ-ਬ-ਰੂ ਹੋ ਸਕਣਗੇ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਕੋਟਕਪੂਰਾ ਦੇ ਸਾਂਝੇ ਯਤਨਾਂ ਨਾਲ ਆਪਣੇ ਭਵਿੱਖ ਨੂੰ ਉੱਜਵਲ ਕਰ ਸਕਣਗੇ ਅਤੇ ਨਵੇਂ ਨਵੇਂ ਆਈਡੀਆ ਜਾਂ ਹੁਨਰ ਨੂੰ ਨਿਖਾਰ ਸਕਣਗੇ। ਇਸ ਦੇ ਨਾਲ ਹੀ ਉਹਨਾਂ ਨੇ ਏ.ਡਬਲਯੂ.ਏ.ਡੀ.ਐੱਚ. ਦੇ ਡੀਨ ਡਾ. ਪਰਸ਼ਪਿੰਦਰ ਅਤੇ ਰਾਧਿਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਸੂਬਿਆਂ ਦੇ ਬਹੁਤਕਨੀਕੀ ਕਾਲਜ ਵਿੱਚ ਕਾਲਜ ਵਿੱਚ ਇਹ ਲੈਬ ਹੋਣੀ ਚਾਹੀਦੀ ਹੈ, ਜਿਸ ਨਾਲ ਵਿਦਿਆਰਥੀਆਂ ਦਾ ਆਉਣ ਵਾਲੇ ਸਮੇਂ ਵਿੱਚ ਬੋਧਿਕ ਵਿਕਾਸ ਹੋ ਸਕੇ। ਇਸ ਮੌਕੇ ਤੇ ਕਾਲਜ ਦੇ ਮਨਮੋਹਨ ਕ੍ਰਿਸ਼ਨ ਸੀਨੀਅਰ ਲੈਕਚਰਾਰ, ਸਤਨਾਮ ਸਿੰਘ ਲੈਕਚਰਾਰ, ਲਖਵਿੰਦਰ ਸਿੰਘ ਲਾਇਬ੍ਰੇਰੀਅਨ ਹਾਜ਼ਰ ਸਨ।