3 ਘੰਟੇ ਚੱਲੀ ਇਸ ਚੈਕਿੰਗ ਦੌਰਾਨ ਜੇਲ੍ਹ ਦੇ ਹਰ ਹਿੱਸੇ ਦੀ ਕੀਤੀ ਗਈ ਡੂੰਘਾਈ ਨਾਲ ਜਾਂਚ
ਪੁਲਿਸ ਟੀਮਾਂ ਨੇ ਜੇਲ ਦੀ ਬਾਹਰੀ ਚਾਰਦੀਵਾਰੀ, ਨਿਗਰਾਨੀ ਕੈਮਰੇ ਅਤੇ ਸੁਰੱਖਿਆ ਪ੍ਰਣਾਲੀਆਂ ਦੀ ਵੀ ਜਾਂਚ ਕੀਤੀ
ਸਥਾਨਿਕ ਨਿਵਾਸੀ ਜੇਕਰ ਕਿਸੇ ਨੂੰ ਘਰ ਕਿਰਾਏ ’ਤੇ ਦੇਣ, ਤਾਂ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ
ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜੇਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ, ਫਰੀਦਕੋਟ ਵਿੱਚ ਅਚਾਨਕ ਅਤੇ ਵਿਸਤ੍ਰਿਤ ਚੈੱਕਿੰਗ ਮੁਹਿੰਮ ਚਲਾਈ ਗਈ। ਇਹ ਚੈਕਿੰਗ ਸੋਮਵਾਰ ਸਵੇਰੇ ਲਗਭਗ 150 ਪੁਲਿਸ ਮੁਲਾਜ਼ਮਾਂ ਦੀਆਂ 05 ਟੀਮਾਂ ਬਣਾ ਕੇ ਤਕਰੀਬਨ 3 ਘੰਟਿਆਂ ਤੱਕ ਚਲਾਈ ਗਈ। ਇਹ ਮੁਹਿੰਮ ਐਸ.ਪੀ (ਸਥਾਨਕ) ਫਰੀਦਕੋਟ ਮਨਵਿੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਚਲਾਈ ਗਈ, ਜਿਸ ਦੌਰਾਨ ਡੀ.ਐਸ.ਪੀ. (ਡੀ) ਅਰੁਣ ਮੁੰਡਨ ਵੀ ਮੌਜੂਦ ਸਨ। ਪੁਲਿਸ ਦੀਆਂ 5 ਵੱਖ-ਵੱਖ ਟੀਮਾਂ ਵੱਲੋਂ ਜੇਲ ਦੇ ਹਰ ਹਿੱਸੇ ਦੀ ਜਾਚ ਕੀਤੀ ਗਈ, ਜਿਸ ਵਿੱਚ ਕੈਦੀਆਂ ਦੇ ਬੈਰਕ, ਕੰਟੀਨ, ਬਾਥਰੂਮ, ਚਾਰਦੀਵਾਰੀ, ਨਿਗਰਾਨੀ ਕੈਮਰੇ ਅਤੇ ਹੋਰ ਸੁਰੱਖਿਆ ਪ੍ਰਣਾਲੀਆਂ ਦੀ ਗਹਿਰੀ ਜਾਂਚ ਕੀਤੀ ਗਈ। ਇਸ ਸਬੰਧੀ ਮਨਵਿੰਦਰ ਬੀਰ ਸਿੰਘ ਐਸ.ਪੀ(ਸਥਾਨਿਕ) ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਦੀਆਂ 5 ਟੀਮਾਂ ਵੱਲੋਂ ਇਹ ਚੈੱਕਿੰਗ ਕਿਸੇ ਵੀ ਗੈਰਕਾਨੂੰਨੀ ਚੀਜ਼ ਜਾਂ ਨਸ਼ੀਲੇ ਪਦਾਰਥ ਦੀ ਚੈਕਿੰਗ ਅਤੇ ਜੇਲ ਦੇ ਅੰਦਰ ਸੁਰੱਖਿਆ ਪ੍ਰਬੰਧਾ ਦੀ ਚੈਕਿੰਗ ਲਈ ਕੀਤੀ ਗਈ। ਇਹ ਮੁਹਿੰਮ ਗੁਪਤ ਰੱਖੀ ਗਈ ਤਾਂ ਜੋ ਕੋਈ ਸ਼ਰਾਰਤੀ ਤੱਤ ਇਸ ਦੀ ਜਾਣਕਾਰੀ ਲੈ ਕੇ ਬਚ ਨਾ ਸਕਣ। ਇਸ ਦੇ ਨਾਲ ਹੀ ਉਹਨਾ ਦੱਸਿਆ ਕਿ ਔਰਤਾਂ ਦੀ ਗੋਪਨੀਯਤਾ ਅਤੇ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖਦਿਆਂ, ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਵੱਖਰੇ ਤੌਰ ’ਤੇ ਔਰਤਾਂ ਵਾਲੀਆਂ ਬੈਰਕਾਂ ਦੀ ਜਾਂਚ ਕੀਤੀ ਗਈ। ਉਹਨਾ ਦੱਸਿਆ ਕਿ ਅਜਿਹੀਆਂ ਅਚਾਨਕ ਚੈਕਿੰਗਾ ਨਾਲ ਜੇਲ ਅੰਦਰ ਬੰਦ ਬੁਰੇ ਰੁਝਾਨ ਵਾਲੇ ਕੈਦੀਆਂ ਵਿੱਚ ਡਰ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਜਾਂਚਾਂ ਨਿਯਮਤ ਤੌਰ ’ਤੇ ਜਾਰੀ ਰਹਿਣਗੀਆਂ। ਉਨ੍ਹਾਂ ਕੈਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਗੈਰਕਾਨੂੰਨੀ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ ਆਪਣੀ ਨਿੱਜੀ ਸੁਧਾਰ ਵੱਲ ਧਿਆਨ ਦੇਣ ਤਾਂ ਜੋ ਸਜ਼ਾ ਮੁਕੰਮਲ ਹੋਣ ’ਤੇ ਵਧੀਆਂ ਜੀਵਨ ਬਤੀਤ ਕਰ ਸਕਣ। ਇਸ ਸਬੰਧੀ ਐਸ.ਐਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਜੇਲ ਦੇ ਹਰ ਹਿੱਸੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ, ਜਿਸ ਵਿੱਚ ਬੈਰਕਾਂ, ਕੰਟੀਨ, ਬਾਥਰੂਮ, ਚਾਰਦੀਵਾਰੀ ਅਤੇ ਨਿਗਰਾਨੀ ਕੈਮਰਿਆਂ ਦੀ ਜਾਂਚ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਮਹਿਲਾ ਬੈਰਕਾਂ ਦੀ ਜਾਂਚ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਵਿਸ਼ੇਸ਼ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਕੀਤੀ ਗਈ, ਜਿਸ ਦੌਰਾਨ ਮਹਿਲਾ ਕੈਦੀਆਂ ਦੀ ਪ੍ਰਾਈਵੇਸੀ ਨੂੰ ਪੂਰਾ ਸਨਮਾਨ ਦਿੱਤਾ ਗਿਆ। ਇਸ ਦੇ ਨਾਲ ਹੀ ਉਹਨਾ ਦੱਸਿਆ ਕਿ ਥਾਣਾ ਇੰਚਾਰਜ ਅਤੇ ਹੋਰ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਜੇਲ ਦੇ ਆਲੇ-ਦੁਆਲੇ ਰਹਿਣ ਵਾਲੇ ਨਿਵਾਸੀਆਂ ਦਾ ਰਿਕਾਰਡ ਰੱਖਣ ਤਾਂ ਜੋ ਉਹ ਕੈਦੀਆਂ ਜਾਂ ਉਨ੍ਹਾਂ ਦੇ ਸਾਥੀਆਂ ਨਾਲ ਮਿਲਕੇ ਜੇਲ ਵਿੱਚ ਨਸ਼ਾ ਜਾਂ ਹੋਰ ਗੈਰਕਾਨੂੰਨੀ ਚੀਜ਼ਾਂ ਅੰਦਰ ਸੁੱਟਣ ਵਿੱਚ ਸ਼ਾਮਿਲ ਨਾ ਹੋਣ। ਇਸ ਦੇ ਨਾਲ ਹੀ ਉਹਨਾ ਸਥਾਨਿਕ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਉਹ ਕਿਸੇ ਨੂੰ ਘਰ ਕਿਰਾਏ ’ਤੇ ਦੇਣ, ਤਾਂ ਪੁਲਿਸ ਨੂੰ ਸੂਚਨਾ ਦੇਣ ਕਿਉਂਕਿ ਕੋਈ ਅਪਰਾਧੀ ਤੱਤ ਅਜਿਹੀ ਗਤੀਵਿਧੀ ਵਿੱਚ ਸ਼ਾਮਿਲ ਹੋ ਸਕਦੇ ਹਨ।