ਦੋਸ਼ੀਆਂ ਪਾਸੋਂ 1 ਕਿਲੋ 30 ਗ੍ਰਾਮ ਹੈਰੋਇਨ ਅਤੇ 20,000 ਰੁਪਏ ਡਰੱਗ ਮਨੀ ਕੀਤੀ ਬਰਾਮਦ
ਨਸ਼ਾ ਤਸਕਰੀ ਗੈਂਗ ਦਾ ਮਾਸਟਰਮਾਈਂਡ ਰੋਹਿਤ ਕੁਮਾਰ ਉਰਫ ਧੋਬੀ ਸਰਹੱਦੀ ਇਲਾਕਿਆਂ ਤੋਂ ਹੈਰੋਇਨ ਲਿਆ ਕੇ ਸਾਥੀਆਂ ਨਾਲ ਮਿਲ ਕੇ ਅੱਗੇ ਸਪਲਾਈ ਕਰਦਾ ਸੀ
ਕੋਟਕਪੂਰਾ, 18 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਹੇਠ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਸੀ.ਆਈ.ਏ. ਸਟਾਫ ਫਰੀਦਕੋਟ ਨੇ ਨਸ਼ਾ ਤਸਕਰੀ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਸੀ.ਆਈ.ਏ. ਸਟਾਫ ਫਰੀਦਕੋਟ ਵੱਲੋਂ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1 ਕਿਲੋ 30 ਗ੍ਰਾਮ ਹੈਰੋਇਨ ਅਤੇ 20 ਹਜਾਰ ਰੁਪਏ ਨਕਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਤਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਫਰੀਦਕੋਟ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰੋਹਿਤ ਕੁਮਾਰ ਉਰਫ ਧੋਬੀ ਵਜੋਂ ਹੋਈ ਹੈ, ਜੋ ਮੁਹੱਲਾ ਜਾਨੀਆ ਫਰੀਦਕੋਟ ਦਾ ਨਿਵਾਸੀ ਹੈ, ਜਦਕਿ ਬਾਕੀ 2 ਦੋਸ਼ੀ ਅਮੀਰ ਸਿੰਘ ਉਰਫ ਰੋਹਿਤ ਅਤੇ ਬਲਰਾਜ ਸਿੰਘ ਹਨ, ਜੋ ਦੋਵੇਂ ਡਾ. ਅੰਬੇਦਕਰ ਨਗਰ, ਫਰੀਦਕੋਟ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਿਕ ਸੀ.ਆਈ.ਏ. ਸਟਾਫ ਫਰੀਦਕੋਟ ਦੀ ਟੀਮ ਵੱਲੋਂ ਵੀਰੇ ਵਾਲਾ ਰੋਡ ਨੇੜੇ ਸਰਕਾਰੀ ਗੁਦਾਮ ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਮੋਟਰਸਾਈਕਲ ਪਿੰਡ ਵੀਰੇਵਾਲਾ ਦੀ ਤਰਫੋ ਮੁੜ ਕੇ ਆਉਦਾ ਦਿਖਾਈ ਦਿੱਤਾ, ਜਿਸ ਪਰ ਤਿੰਨ ਦੋਸ਼ੀ ਰੋਹਿਤ ਕੁਮਾਰ ਉਰਫ ਧੋਬੀ, ਅਮੀਰ ਸਿੰਗ ਉਰਫ ਰੋਹਿਤ ਅਤੇ ਬਲਰਾਜ ਸਿੰਘ ਸਵਾਰ ਸਨ, ਜਦੋ ਪੁਲਿਸ ਪਾਰਟੀ ਨੇ ਇਹਨਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਸ਼ੀਆ ਨੇ ਮੋਟਰਸਾਈਕਲ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਅ ਪਰ ਕਾਬੂ ਕੀਤਾ। ਜਿਹਨਾ ਦੀ ਤਲਾਸ਼ੀ ਲਈ ਤਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਫਰੀਦਕੋਟ ਮੌਕਾ ਪਰ ਪੁੱਜੇ। ਜਿਹਨਾ ਦੀ ਹਾਜਰੀ ਵਿੱਚ ਤਲਾਸ਼ੀ ਕਰਨ ’ਤੇ ਰੋਹਿਤ ਕੁਮਾਰ ਉਰਫ ਧੋਬੀ ਪਾਸੋ 430 ਗ੍ਰਾਮ ਹੋਰੋਇਨ, ਇੱਕ ਕੰਪਿਊਟਰ ਕੰਡਾ, 20,000/- ਰੁਪਏ ਡਰੱਗ ਮਨੀ ਅਤੇ ਇੱਕ ਮੋਬਾਇਲ ਬਰਾਮਦ ਹੋਇਆ। ਅਮੀਰ ਸਿੰਘ ਉਰਫ ਰੋਹਿਤ ਪਾਸੋ 300 ਗ੍ਰਾਮ ਹੋਰੋਇਨ ਅਤੇ ਮੋਬਾਇਲ ਫੋਨ ਅਤੇ ਬਲਰਾਜ ਸਿੰਘ ਪਾਸੋ 300 ਗ੍ਰਾਮ ਹੈਰੋਇਨ ਅਤੇ ਮੋਬਾਇਲ ਫੋਨ ਬਰਾਮਦ ਹੋਇਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਨਸ਼ਾ ਤਸਕਰੀ ਗੈਂਗ ਦਾ ਮਾਸਟਰਸਾਈਂਡ ਰੋਹਿਤ ਕੁਮਾਰ ਧੋਬੀ ਹੈ, ਜੋ ਕਿ ਸਰਹੱਦੀ ਏਰੀਆਂ ਤੋ ਨਸ਼ੇ ਦੀ ਖੇਪ ਦੀ ਡਿਲਵਰੀ ਲੈ ਕੇ ਆਉਦਾ ਸੀ ਅਤੇ ਉਸ ਵੱਲੋ ਆਪਣੇ ਦੋਹਾਂ ਸਾਥੀਆਂ ਨਾਲ ਮਿਲ ਕੇ ਹੈਰੋਇਨ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਇਸ ਦੇ ਨਾਲ ਹੀ ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਦੇ ਇਲਾਵਾ ਇੱਕ ਕੰਪਿਊਟਰ ਕੰਡਾ, 03 ਮੋਬਾਇਲ ਫੋਨ ਅਤੇ ਨਸ਼ੇ ਦੀ ਸਪਲਾਈ ਵੀ ਵਰਤਿਆ ਜਾ ਰਿਹਾ ਮੋਟਰਸਾਈਕਲ ਵੀ ਕਬਜਾ ਵਿੱਚ ਲਿਆ ਗਿਆ ਹੈ। ਇਸ ਤੋ ਇਲਾਵਾ ਇਹਨਾਂ ਖਿਲਾਫ ਪਹਿਲਾਂ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ ਅਤੇ ਹੋਰ ਸੰਗੀਨ ਅਪਰਾਧਾ ਤਹਿਤ ਮੁਕੱਦਮੇ ਦਰਜ ਹਨ, ਫਰੀਦਕੋਟ ਪੁਲਿਸ ਨਸ਼ਾ ਤਸਕਰੀ ਦੇ ਇਸ ਪੂਰੇ ਜਾਲ ਨੂੰ ਤੋੜਨ ਲਈ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੀ ਉਮੀਦ ਹੈ। ਇਸ ਸਬੰਧੀ ਮਾਮਲਾ ਐਨ.ਡੀ.ਪੀ.ਐਸ. ਐਕਟ ਦੀਆਂ ਧਰਾਵਾ 21(ਸੀ)/61/85 ਤਹਿਤ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 263 ਮਿਤੀ 16.06.2025 ਦਰਜ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਮੌਜੂਦ ਨੈਟਵਰਕ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਦੀ ਤਸਕਰੀ ਸਬੰਧੀ ਜਾਣਕਾਰੀ ਮਿਲਣ ‘ਤੇ ਫਰੀਦਕੋਟ ਪੁਲਿਸ ਨੂੰ ਸੂਚਨਾ ਦੇਣ, ਤਾਂ ਜੋ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।