ਕੋਟਕਪੂਰਾ, 18 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਦੇਸ਼ ਭਰ ਵਿੱਚ ਫਲਸਤੀਨੀਆਂ ਦੇ ਹੱਕ ਵਿੱਚ ਅਤੇ ਅਮਰੀਕੀ ਸਾਮਰਾਜ ਦੀ ਸ਼ਹਿ ‘ਤੇ ਇਜ਼ਰਾਇਲੀ ਹਾਕਮਾਂ ਵੱਲੋਂ ਕੀਤੀ ਜਾ ਰਹੀ ਕਤਲੋਗਾਰਤ ਦੀ ਸਖਤ ਨਿੰਦਾ ਕਰਨ ਦੇ ਮਨੋਰਥ ਨਾਲ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਅੱਜ ਫਰੀਦਕੋਟ ਜ਼ਿਲ੍ਹੇ ਦੇ ਸਾਥੀਆਂ ਵੱਲੋਂ ਸ਼ਹੀਦ ਅਮੋਲਕ ਸਿੰਘ ਭਵਨ ਵਿਖੇ ਇੱਕ ਸਭਾ ਕੀਤੀ ਗਈ। ਇਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕਾਰਜਕਾਰੀ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਪੰਜਾਬ ਇਸਤਰੀ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਮਨਜੀਤ ਕੌਰ ਨੱਥੇਵਾਲਾ, ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਜ਼ਿਲ੍ਹਾ ਕੌਂਸਲ ਮੈਂਬਰ ਗੁਰਚਰਨ ਸਿੰਘ ਮਾਨ, ਬੋਹੜ ਸਿੰਘ ਔਲਖ ਸੁਖਦਰਸ਼ਨ ਰਾਮ ਸ਼ਰਮਾ ਅਤੇ ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ, ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਵੀਰ ਸਿੰਘ ਕੰਮਿਆਣਾ ਨੇ ਦੋਸ਼ ਲਾਇਆ ਕਿ ਅਮਰੀਕੀ ਸਾਮਰਾਜ ਦੇ ਦਬਾਅ ਹੇਠ ਇਜ਼ਰਾਇਲੀ ਹਾਕਮਾਂ ਵੱਲੋਂ ਫਲਸਤੀਨੀ ਲੋਕਾਂ ਦਾ ਵੱਡੇ ਪੱਧਰ ‘ਤੇ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਜਾ ਰਿਹਾ ਹੈ, ਹਰ ਰੋਜ਼ ਅਨੇਕਾਂ ਜ਼ਖਮੀ ਦਵਾਈਆਂ ਅਤੇ ਰਾਹਤ ਸਮੱਗਰੀ ਨਾ ਮਿਲਣ ਕਰਕੇ ਆਪਣੀਆਂ ਜਾਨਾਂ ਗੁਆ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਅਮਰੀਕੀ ਸਾਮਰਾਜ ਦੇ ਦਬਾਅ ਹੇਠ ਭਾਰਤ ਦੀ ਹੁਕਮਰਾਨ ਮੋਦੀ ਸਰਕਾਰ ਇਸ ਸਭ ਕੁਝ ਬਾਰੇ ਖਾਮੋਸ਼ੀ ਧਾਰ ਕੇ ਤਮਾਸ਼ਾ ਵੇਖ ਰਹੀ ਹੈ! ਆਗੂਆਂ ਨੇ ਅੱਗੇ ਕਿਹਾ ਕਿ ਸੰਸਾਰ ਵਿੱਚ ਅਮਨਸ਼ਾਂਤੀ ਦੇ ਹਾਲਾਤ ਪੈਦਾ ਕਰਨ ਲਈ ਯੂ ਐਨ ਓ ਨੂੰ ਤੁਰੰਤ ਜੰਗ ਬੰਦੀ ਕਰਵਾਉਣ ਲਈ ਅੱਗੇ ਆਕੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਇਸ ਉਪਰੰਤ ਜੋਰਦਾਰ ਨਾਹਰੇਬਾਜ਼ੀ ਕਰਦੇ ਹੋਏ ਭਾਈ ਘਨਈਆ ਚੌਂਕ ਤੱਕ ਰੋਸ ਮਾਰਚ ਕਰਕੇ ਇਜਰਾਇਲੀ ਹਾਕਮਾਂ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨਕਾਰੀ ਨਾਹਰੇ ਲਗਾ ਰਹੇ ਸਨ ਕਿ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨਾ ਬੰਦ ਕਰੋ, ਮਨੁੱਖਤਾ ਦਾ ਵੈਰੀ ਅਮਰੀਕਨ ਸਾਮਰਾਜਵਾਦ ਮੁਰਦਾਬਾਦ, ਗਾਜ਼ਾ ਪੱਟੀ ਦੇ ਉਜਾੜੇ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਜਾਣ ‘ਤੇ ਲਾਈਆਂ ਰੋਕਾਂ ਖਤਮ ਕਰੋ ਅਤੇ ਮੋਦੀ ਸਰਕਾਰ ਅਮਰੀਕੀ ਸਾਮਰਾਜ ਦੇ ਦਬਾਅ ਹੇਠ ਇਜ਼ਰਾਈਲੀ ਹਾਕਮਾਂ ਨਾਲ ਹੇਜ਼ ਪੁਗਾਉਣਾ ਬੰਦ ਕਰੇ ਆਦਿ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਮੁਖਤਿਆਰ ਸਿੰਘ ਭਾਣਾ, ਇੰਦਰਜੀਤ ਸਿੰਘ ਗਿੱਲ, ਪੈਨਸ਼ਨਰ ਆਗੂ ਸੋਮ ਨਾਥ ਅਰੋੜਾ, ਰਮੇਸ਼ ਕੌਸ਼ਲ ਤੇ ਰਮੇਸ਼ ਢੈਪਈ, ਪੰਜਾਬ ਇਸਤਰੀ ਸਭਾ ਦੇ ਆਗੂ ਆਸ਼ਾ ਚੌਧਰੀ ਅਤੇ ਜਸਪ੍ਰੀਤ ਕੌਰ, ਗੁਰਦੇਵ ਸਿੰਘ ਚੌਧਰੀ, ਬਲਕਾਰ ਸਿੰਘ ਕੁਲਦੀਪ ਸਿੰਘ, ਬੂਟਾ ਸਿੰਘ, ਕੁਲਵੰਤ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਜੈ ਸਿੰਘ ਭਾਣਾ, ਮੀਤਾ ਸਿੰਘ ਭਾਣਾ, ਜੋਤੀ ਪ੍ਰਕਾਸ਼ ਤੇ ਹਰੀ ਸਿੰਘ ਆਦਿ ਹਾਜ਼ਰ ਸਨ।