ਅਖੌਤੀ ਸਿਆਣੇ ਦੀ ਪੁੱਛ ਕਰਕੇ ਗੁਆਂਢੀਆਂ ਦੀ ਆਪਸ ਵਿੱਚ ਪਈ ਨਰਾਜ਼ਗੀ ਤਰਕਸ਼ੀਲਾਂ ਦੂਰ ਕੀਤੀ
ਸੰਗਰੂਰ 23 ਜੂਨ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਅੱਜ ਭਾਵੇਂ ਵਿਗਿਆਨ ਦਾ ਯੁੱਗ ਹੈ, ਵਿਗਿਆਨੀਆਂ ਨੇ ਕੰਮਪਿਊਟਰ ਯੁੱਗ ਤੋਂ ਬਾਅਦ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਪੈਰ ਧਰ ਲਿਆ ਹੈ। ਥੜਾਥੜ ਵਿਗਿਆਨਕ ਖੋਜਾਂ ਹੋ ਰਹੀਆਂ ਹਨ। ਆਵਾਜਾਈ , ਸੰਚਾਰ, ਮਨੋਰੰਜਨ, ਰੋਜ਼ਾਨਾ ਜ਼ਿੰਦਗੀ ਦੇ ਹਰ ਖੇਤਰ ਦੀਆਂ ਵਰਤੋਂ ਦੀਆਂ ਚੀਜ਼ਾਂ ਦੀਆਂ ਖੋਜਾਂ ਭਾਵ ਵਿਗਿਆਨੀਆਂ ਨੇ ਮਨੁੱਖੀ ਜ਼ਿੰਦਗੀ ਨੂੰ ਹਰ ਪੱਖੋਂ ਸੁਖਾਲਾ ਬਣਾ ਦਿੱਤਾ ਹੈ, ਮੋਬਾਈਲ ਨੇ ਸਾਰੀ ਦੁਨੀਆਂ ਨੂੰ ਮੁੱਠੀ ਵਿੱਚ ਬੰਦ ਕਰ ਲਿਆ ਹੈ।ਪਰ ਅਜੇ ਵੀ ਅਖੌਤੀ ਸਿਆਣੇ ਆਪਣੀਆਂ ਭਰਮਾਊ ਗੱਲਾਂ ਜਾਦੂ- ਟੂਣੇ, ਧਾਗੇ- ਤਵੀਤਾਂ,ਪੁੱਛਾਂ ਰਾਹੀਂ ਲੋਕਾਂ ਨੂੰ ਲੁੱਟ ਰਹੇ ਹਨ ਤੇ ਹੈਰਾਨੀ ਦੀ ਗੱਲ ਹੈ ਲੋਕ ਉਨ੍ਹਾਂ ਦੇ ਮੱਕੜਜਾਲ ਵਿਚੋਂ ਨਿਕਲ ਨਹੀਂ ਰਹੇ। ਭਾਵੇਂ ਵਿਗਿਆਨਕ ਤਕਨੀਕਾਂ ਅਥਾਹ ਹੋ ਰਹੀਆਂ ਹਨ , ਵਿਗਿਆਨਕ ਖੋਜਾਂ, ਕਾਢਾਂ ਦਾ ਅਨੰਦ ਮਾਣਿਆ ਜਾ ਰਿਹਾ ਹੈ ਪਰ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਨਹੀਂ ਹੋ ਰਿਹਾ।
ਕੁੱਝ ਸਾਲਾਂ ਪਹਿਲਾਂ ਦੀ ਗੱਲ ਸਾਡੇ ਕੋਲ ਸੰਗਰੂਰ ਨੇੜਲੇ ਪਿੰਡ ਦਾ ਇੱਕ ਬੰਦਾ ਆਇਆ, ਕਹਿੰਦਾ,” ਮੇਰੇ ਘਰੋਂ 20 ਹਜ਼ਾਰ ਵਿਚ ਚੋਰੀ ਹੋ ਗਏ ਸੀ,ਮੈਂ ਵਿਆਹ ਗਿਆ ਹੋਇਆ ਸੀ,ਕਈ ਦਿਨ ਲੱਗ ਗਏ। ਪਿੱਛੋਂ ਮੇਰੇ ਘਰੇ ਰੱਖੇ 20 ਹਜ਼ਾਰ ਰੁਪਏ ਚੋਰੀ ਹੋ ਗਏ ।ਮੈਂ ਸੁਨਾਮ ਨੇੜਲੇ ਇੱਕ ਪਿੰਡ ਵਿੱਚ ਪੁੱਛਾਂ ਦਿੰਦੇ ‘ਸਿਆਣੇ’ ਕੋਲ ਗਿਆ ਸੀ, ਉਸ ਕਿਹਾ ਕਿ ਪੈਸੇ ਤੁਹਾਡੇ ਨਾਲ ਲਗਦੀ ਘਰ ਦੀ ਔਰਤ ਨੇ ਚੋਰੀ ਕਰਕੇ ਆਪਣੀ ਪੇਟੀ ਵਿੱਚ ਰੱਖੇ ਹੋਏ ਨੇ। ਪੈਸਿਆਂ ਨੂੰ ਚੁੰਨੀ ਵਿੱਚ ਲਪੇਟ ਕੇ ਦਰੀਆਂ ਦੇ ਥੱਲੇ ਰੱਖਿਆ ਹੋਇਆ ਹੈ।” ਪੁੱਛ ਲੈਣ ਤੋਂ ਬਾਅਦ ਮੈਂ ਆਪਣੇ ਗੁਆਂਢੀ ਨੂੰ ਕਿਹਾ, ” ਸਾਡੇ ਪੈਸੇ ਤੇਰੀ ਘਰਵਾਲੀ ਨੇ ਚੋਰੀ ਕਰਕੇ ਆਪਣੀ ਪੇਟੀ ਵਿੱਚ ਰੱਖੇ ਹੋਏ ਹਨ। ਮੈਂ ਪੁੱਛ ਕਢਵਾ ਕੇ ਆਇਆਂ ਹਾਂ,ਉਸਨੂੰ ਬਹੁਤ ਗੁੱਸਾ ਆਇਆ ਤੇ ਮੇਰੇ ਕਹਿਣ ਦੇ ਨਾਲ ਦੀ ਨਲ ਆਪਣੀ ਦੁਕਾਨ ਤੋਂ ਉਠ ਕੇ ਘਰ ਆ ਕੇ ਪੇਟੀ ਖੋਲ ਕੇ ਦਿਖਾਈ। ਸਿਆਣੇ ਦੇ ਕਹਿਣ ਮੁਤਾਬਕ ਨਾ ਤਾਂ ਪੇਟੀ ਵਿੱਚ ਕੋਈ ਦਰੀ ਸੀ ਨਾ ਹੀ ਕੋਈ ਚੁੰਨੀ ਨਾ ਹੀ ਪੈਸੇ ਮਿਲੇ।ਹੁਣ ਇਹ ਕਹਿੰਦੇ ਤੈਨੂੰ ਜ਼ੁਰਮਾਨਾ ਲੱਗਣਾ ਚਾਹੀਦਾ ਹੈ।” ਸਾਰੀ ਵਿਥਿਆ ਸੁਨਾਉਣ ਤੋਂ ਉਹ ਮੈਨੂੰ ਕਹਿੰਦਾ,”ਤੁਸੀਂ ਤਰਕਸ਼ੀਲ ਸੁਸਾਇਟੀ ਵਾਲੇ ਹੋਂ । ਸਾਡੇ ਨਾਲ ਸਿਆਣੇ ਕੋਲ ਚੱਲੇ ਜਿਸਨੇ ਸਾਡੇ ਗੁਆਂਢੀ ਨਾਲ ਝਗੜਾ /ਨਾਰਾਜ਼ਗੀ ਪੈਦਾ ਕਰ ਦਿਤੀ ਹੈ ਤੇ ਮੈਥੋਂ ਇੱਕ ਹਜ਼ਾਰ ਰੁਪਏ ਲੈ ਲਏ ਹਨ।” ਅਸੀਂ ਕਿਹਾ,” ਤੁਸੀਂ ਲੋਕ ਸਮਝਦਾਰ, ਅਕਲਮੰਦ ਬੁੱਧੀ ਤੋਂ ਕੰਮ ਲੈਣ ਵਾਲੇ ਨਹੀਂ ਬਣ ਸਕਦੇ।ਇਹ ਪਰਜੀਵੀ ਨੇ, ਤੁਹਾਡੀ ਕਮਾਈ ਤੇ ਪਲਦੇ ਹਨ।ਇਹ ਗਲ ਬਹੁਤ ਚੰਗੀ ਰਹੀ ਤੇਰੀ ਗੁਆਂਢੀ ਨੇ ਪੇਟੀ ਨਾਲ ਦੀ ਨਾਲ ਖੋਲ ਕੇ ਦਿਖਾ ਦਿੱਤੀ।ਜੇ ਸਮਾਂ ਲਗਦਾ ਫਿਰ ਤੇਰੇ ਮਨ ਵਿੱਚ ਪੱਕਾ ਹੋ ਜਾਂਦਾ ਚੋਰੀ ਗੁਆਂਢਣ ਨੇ ਕੀਤੀ ਹੈ। ਪੈਸੇ ਹੋਰ ਥਾਂ ਚੁੱਕ ਕੇ ਰੱਖ ਦਿਤੇ।ਸਿਆਣੇ ਬਣੋ, ਲਾਈਲੱਗ ਨਾ ਬਣੋ, ਤੁਸੀਂ ਭੇਡਾਂ ਨਹੀਂ ਹੋ, ਤੁਹਾਡੇ ਕੋਲ ਦਿਮਾਗ ਹੈ, ਉਨ੍ਹਾਂ ਕੋਲ ਕਿਹੜਾ ਕਰਾਮਾਤ \ ਸ਼ਕਤੀ ਜਾਂ ਗਿੱਦੜਸਿੰਗੀ ਹੈ ਜਿਸ ਨਾਲ ਉਹ ਗੁੰਮ ਹੋਈ ਚੀਜ਼ਾਂ ਬਾਰੇ ਦੱਸਦੇ ਹਨ। ਤੁਸੀਂ ਉਸ ਦੀ ਜੁੱਤੀ ਚੁਰਾ ਲਿਆਓ ਤੇ ਉਸਨੂੰ ਲੱਭਣ ਲਈ ਕਹੋ, ਕਦੇ ਨਹੀਂ ਲਭ ਸਕੇਗਾ।ਮੈਂ ਇਕ ਨੋਟ ਮੁਠੀ ਵਿਚ ਰੱਖੂੰ ਜੇ ਉਹ ਨੰਬਰ ਦਸ ਦੇਵੇ, ਮੈਂ 5 ਲੱਖ ਰੁਪਏ ਦਾ ਇਨਾਮ ਦੇਊਂਂਗਾ। ਚੋਰੀ ਦੱਸਣ ਦੀ ਤਾਂ ਦੂਰ ਦੀ ਗਲ ਹੈ। ਮੈਂ ਕਿਹਾ,” ਤੁਸੀਂ ਪਿੰਡੋਂ ਇੱਕ ਦੋ ਬੰਦਿਆਂ ਨੂੰ ਨਾਲ ਲਿਜਾ ਕੇ,ਸਿਆਣੇ ਕੋਲ ਆਪ ਜਾਓ ਤੇ ਜਾ ਕੇ ,ਉਸ ਨਾਲ ਸਾਰੀ ਗੱਲ ਆਪ ਕਰੋ। ਉਸਨੂੰ ਕਹੋ ਤੇਰੀ ਦੱਸ/ਪੁੱਛ ਨੇ ਸਾਡੇ ਗੁਆਂਢੀ ਵਿਚ ਝਗੜਾ ਕਰਵਾਤਾ , ਸਾਡੀ ਆਪਸੀ ਨਾਰਾਜ਼ਗੀ ਵਧਾ ਦਿੱਤੀ ਹੈ। ਤੇਰੇ ਦੱਸਣ ਮੁਤਾਬਿਕ ਕੁੱਝ ਵੀ ਨਹੀਂ ਮਿਲਿਆ।” ਸਾਡੇ ਕਹਿਣ ਤੇ ਉਹ ਸ਼ਾਮ ਨੂੰ ਅਖੌਤੀ ਸਿਆਣੇ ਕੋਲ ਗਏ ਤੇ ਸਾਰੀ ਗਲ ਕੀਤੀ । ਅਗਲੇ ਦਿਨ ਆ ਕੇ ਫਿਰ ਸਾਨੂੰ ਸਾਰੀ ਰਿਪੋਰਟਿੰਗ ਕਰਦਿਆਂ ਕਿਹਾ ਉਹ ਤਾਂ ਪੇਟੀ ਖੋਲ੍ਹਣ ਤੇ ਸਾਡੇ ਗੱਲ ਪੈ ਗਿਆ। ਮੈਂ ਕਿਹਾ ,”ਤੁਹਾਨੂੰ ਉਸ ਬਾਰੇ ਪਤਾ ਲੱਗ ਗਿਆ ,ਆਈ ਗਲ਼ ਸਮਝ ਮੇਂ। ਅਖੌਤੀ ਸਿਆਣੇ ਚੋਰੀ ਦੀ ਪੁੱਛ ਸਮੇਂ ; ਚੋਰੀ ਔਰਤ ਜਾਂ ਬੰਦੇ, ਗੁਆਂਢੀ ਜਾਂ ਰਿਸ਼ਤੇਦਾਰ , ਮੋਟੇ ਜਾਂ ਪਤਲੇ, ਗੋਰੇ ਜਾਂ ਕਾਲੇ, ਲੰਬੇ ਜਾਂ ਮਧਰੇ ,ਬਜ਼ੁਰਗ ਜਾਂ ਨੌਜਵਾਨ, ਮੁੰਡੇ ਜਾਂ ਕੁੜੀ, ਇਨ੍ਹਾਂ ਚੋਂ ਇਕ ਦੋ ਨਿਸ਼ਾਨੀਆਂ ਦੱਸਦੇ ਹਨ। ਤੁਹਾਨੂੰ ਪਹਿਲਾਂ ਹੀ ਕਿਸੇ ਤੇ ਕੁੱਝ ਸ਼ਕ ਪਿਆ ਹੁੰਦਾ ਹੈ ।ਤੁਸੀਂ ਅਖੌਤੀ ਸਿਆਣੇ ਦੇ ਦਿੱਤੇ ਇੱਕ ਤੋਂ ਸੰਕੇਤਾਂ ਤੇ ਚੋਰੀ ਕੀਤੇ ਬੰਦੇ ਨੂੰ ਆਪਣੇ ਆਪ ਟਿੱਕ ਲੈਂਦੇ ਹੋ। ਜਿਵੇਂ ਇਸ ਕੇਸ ਵਿੱਚ ਉਸਨੇ ਤੁਹਾਡੀ ਨਾਲ ਲਗਦੀ ਮੋਟੀ ਗੁਆਂਢਣ ਔਰਤ ਦਾ ਸੰਕੇਤ ਦਿੱਤਾ।ਇਸ ਵਿੱਚ ਬਿਲਕੁਲ ਵੀ ਸਚਾਈ ਨਹੀਂ ਹੁੰਦੀ,ਉਹ ਅਖੌਤੀ ਸਿਆਣੇ ਤਾਂ ਆਪਣੇ ਘਰੇ ਚੋਰੀ ਹੋਣ ਤੇ ਥਾਣੇ ਵਿੱਚ ਆਪਣੀ ਚੋਰੀ ਦੀ ਸ਼ਿਕਾਇਤ ਦਰਜ ਕਰਵਾਉਂਦੇ ਨੇ, ਅਸੀਂ ਉਸਨੂੰ ਉਸ ਦੇ ਪਿੰਡ ਦੇ ਚਤਰੂ ਅਖੌਤੀ ਸਿਆਣੇ ਦੇ ਪਿਛਲੇ ਸਾਲ ਘਰੋਂ ਚੋਰੀ ਹੋਈਆਂ ਦੋ ਮੱਝਾਂ ਬਾਰੇ ਕਿਹਾ ਕਿ ਉਹ ਹੁਣ ਤਕ ਨਹੀਂ ਲੱਭ ਸਕਿਆ । ਇਹ ਅਖੌਤੀ ਪੁੱਛ ਦੇਣ ਵਾਲੇ ‘ ਸਿਆਣੇ ‘ ਦੂਜਿਆਂ ਦੀ ਬੀਮਾਰੀ ਦਾ ਇਲਾਜ ਕਰਨ ਵਾਲੇ ਆਪ ਬੀਮਾਰ ਹੋਣ ਤੇ ਡਾਕਟਰਾਂ ਕੋਲ ਜਾਂਦੇ ਨੇ,ਤੁਸੀਂ ਆਪਣੀ ਬੀਮਾਰੀ ਦੇ ਇਲਾਜ ਲਈ ਇਨ੍ਹਾਂ ਤੋਂ ਧਾਗੇ -ਤਵੀਤ , ਟੂਣਾ ਟਾਮਣ ਕਰਵਾਉਂਦੇ ਹੋ। ਇਨ੍ਹਾਂ ਕੋਲ ਤੁਹਾਨੁੰ ਭਰਮਾਉਣ ਤੋਂ, ਆਪਣੇ ਲੁੱਟ ਦੇ ਮੱਕੜਜਾਲ ਵਿਚ ਫਸਾਉਣ ਤੋਂ ਬਿਨਾਂ ਕੁੱਝ ਨਹੀਂ। ਅਸੀਂ ਅਗਲੇ ਦਿਨ ਦੋਹਾਂ ਧਿਰਾਂ ਨੂੰ ਬੁਲਾ ਕੇ ਚਾਹ ਦਾ ਕੱਪ ਸਾਂਝਾ ਕਰਦਿਆਂ ਉਨਾਂ ਦੀ ਆਪਸ ਵਿੱਚ ਪੈਦਾ ਹੋਈ ਨਰਾਜ਼ਗੀ ਦੂਰ ਕੀਤੀ ਤੇ ਪੁੱਛਾਂ ਦੇਣ ਵਾਲੇ ਅਖੌਤੀ ਸਿਆਣਿਆਂ ਦੀ ਅਸਲੀਅਤ ਤੋਂ ਫਿਰ ਜਾਣੂੰ ਕਰਵਾਇਆ। ਦੋਹਾਂ ਧਿਰਾਂ ਨੇ ਸਾਡਾ ਅਹਿਸਾਨ ਜਤਾਉਂਦਿਆਂ ਪੁੱਛਿਆ, ਅਸੀਂ ਪਿੰਡ ਦੇ ਲੋਕਾਂ ਨੂੰ ਵੀ ਇਸ ਬਾਰੇ ਸਮਝਾਉਣਾ ਚਾਹੁੰਦੇ ਹਾਂ। ਅਸੀਂ ਉਨ੍ਹਾਂ ਨੂੰ ਪਿੰਡ ਤਰਕਸ਼ੀਲ ਪ੍ਰੋਗਰਾਮ ਕਰਵਾਉਣ ਬਾਰੇ ਕਿਹਾ।ਕੁੱਝ ਮਹੀਨੇ ਬਾਅਦ ਉਨ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਗਿਆਨਕ ਚੇਤਨਾ ਪ੍ਰੋਗਰਾਮ ਕਰਵਾਇਆ। ਉਨ੍ਹਾਂ ਆਪਣੇ ਯਤਨਾਂ ਨਾਲ ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ। ਲੈਕਚਰਾਰ ਕ੍ਰਿਸ਼ਨ ਸਿੰਘ, ਚਮਕੌਰ ਸਿੰਘ, ਗੁਰਦੀਪ ਸਿੰਘ, ਪ੍ਰਗਟ ਸਿੰਘ ਤੇ ਮੇਰੇ ਸਮੇਤ ਆਧਾਰਿਤ ਤਰਕਸ਼ੀਲ ਟੀਮ ਨੇ ਉਥੇ ਜਾਦੂ ਸ਼ੋਅ,ਗੀਤ ਸੰਗੀਤ ਤੇ ਵਿਗਿਆਨਕ ਸੋਝੀ ਤੇ ਭਾਸ਼ਣ ਦਿੱਤੇ ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਸਪੱਸ਼ਟ ਕੀਤਾ ਕਿ ਕਿਸੇ ਅਖੌਤੀ ਸਿਆਣੇ ਕੋਲ ਕੋਈ ਗੈਬੀ ਸ਼ਕਤੀ ਨਹੀਂ, ਜਿਸ ਨਾਲ ਗੁੰਮ ਹੋਈ ਚੀਜ਼ ਲੱਭ ਸਕੇ, ਕਿਸੇ ਉਪਾਅ ਨਾਲ ਕਿਸੇ ਦੀ ਕਿਸਮਤ ਬਦਲ ਸਕਣ। ਦਿਨਾਂ ਬਾਰੇ ਵੀ ਦੱਸਿਆ ਦਿਨ ਸ਼ੁਭ – ਅਸ਼ੁੱਭ ਜਾਂ ਚੰਗੇ ਮਾੜੇ ਨਹੀਂ ਹੁੰਦੇ,ਇਹ ਤਾਂ ਨਿਰੰਤਰ ਚਲਦੇ ਸਮੇਂ ਦੀ ਵੰਡ ਹੈ। ਇੱਥੇ ਕੁਦਰਤੀ ਤੇ ਸਮਾਜਿਕ ਘਟਨਾਵਾਂ ਵਾਪਰਦੀਆਂ ਹਨ,ਜਿਨ੍ਹਾਂ ਦੇ ਕਾਰਨ ਜਾਣਨਾ ਹੀ ਤਰਕਸ਼ੀਲਤਾ ਜਾਂ ਵਿਗਿਆਨਕ ਸੋਚ ਹੈ। ਅਸੀਂ ਤਰਕਸ਼ੀਲਾਂ ਦੀਆਂ 23 ਸ਼ਰਤਾਂ ਦੀ ਚਣੌਤੀ ਵਾਲੇ ਲੀਫਲੈਟ ਤੇ ਵਿਗਿਆਨਕ ਵਿਚਾਰ ਅਪਨਾਉਣ ਦਾ ਕਾਫੀ ਸਾਹਿਤ ਵੀ ਲੋਕਾਂ ਵਿੱਚ ਵੰਡਿਆ। ਅੰਧਵਿਸ਼ਵਾਸ, ਵਹਿਮ ਭਰਮ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਚਾਨਣ ਵਿੱਚ ਆਉਣ ਦਾ ਸੁਨੇਹਾ/ਛੱਟਾ ਦੇ ਕੇ ਸ਼ਾਮ ਨੂੰ ਘਰ ਵਾਪਸ ਆਏ।