ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਵਿਸ਼ੇਸ਼ ਸਿਹਤ ਯੋਜਨਾ ‘ਸੀ.ਐੱਮ. ਦੀ ਯੋਗਸ਼ਾਲਾ’ ਦੇ ਅਧੀਨ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਜਿਲ੍ਹਾ ਪੱਧਰੀ ਸਮਾਗਮ ਦਰਬਾਰਗੰਜ ਫਰੀਦਕੋਟ ਤੋਂ ਇਲਾਵਾ ਕੋਟਕਪੂਰਾ ਦੇ ਮਿਉਸਪਲ ਪਾਰਕ ਸਾਹਮਣੇ ਤਹਿਸੀਲ ਕੰਪਲੈਕਸ ਅਤੇ ਜੈਤੋ ਵਿਖੇ ਕਾਲੂ ਰਾਮ ਦੀ ਬਗੀਚੀ ਨੇੜੇ ਪੰਚਾਇਤੀ ਗਊਸ਼ਾਲਾ ਵਿਖੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਯੋਗ ਵਿੱਚ ਹਿੱਸਾ ਲੈਣ ਵਾਲੇ ਸਵੇਰੇ 5.30 ਵਜੇ ਤੱਕ ਸਬੰਧਿਤ ਸਥਾਨ ’ਤੇ ਪਹੁੰਚਣ ਦੀ ਖੇਚਲ ਕਰਨ। ਉਨ੍ਹਾਂ ਦੱਸਿਆ ਕਿ ਇਸ ਵਾਰ ਯੋਗ ਦਿਵਸ ਨੂੰ ਵਿਸ਼ੇਸ਼ ਤੌਰ ’ਤੇ ਰਾਜ ਪੱਧਰੀ ਆਯੋਜਨ ਵਜੋਂ ਮਨਾਇਆ ਜਾ ਰਿਹਾ ਹੈ। ਜਿਲ੍ਹੇ ਦੇ ਹਰ ਇੱਕ ਬਲਾਕ ਪੱਧਰ ’ਤੇ ਸਾਂਝਾ ਯੋਗ ਅਭਿਆਸ, ਯੋਗ ਪ੍ਰਦਰਸ਼ਨ ਅਤੇ ਸਿਹਤ ਜਾਗਰੂਕਤਾ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਵਿਸ਼ਾਲ ਯੋਗ ਅਭਿਆਨ ਵਿੱਚ ਆਮ ਲੋਕ, ਵਿਦਿਆਰਥੀ, ਯੋਗ ਅਧਿਆਪਕ, ਸਿਹਤ ਕਰਮਚਾਰੀ ਅਤੇ ਸਮਾਜਿਕ ਸੰਸਥਾਵਾਂ ਦੀ ਵੱਡੀ ਭਾਗੀਦਾਰੀ ਨਿਸ਼ਚਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ 19 ਜੂਨ ਨੂੰ ਜਲੰਧਰ ਵਿੱਚ ਆਯੋਜਿਤ ‘ਪੰਜਾਬ ਯੋਗ ਸਮਾਗਮ 2025’ ਤੋਂ ਹੋਈ, ਜਿਸ ਵਿੱਚ 21,000 ਤੋਂ ਵੱਧ ਲੋਕਾਂ ਨੇ ਇਕੱਠੇ ਹੋ ਕੇ ਯੋਗ ਅਭਿਆਸ ਕਰਦੇ ਹੋਏ ਨਵਾਂ ਰਿਕਾਰਡ ਬਣਾਇਆ। ਇਹ ਸਮਾਗਮ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਰਾਜ ਭਰ ਵਿੱਚ ਯੋਗ ਪ੍ਰਤੀ ਜਾਗਰੂਕਤਾ ਦਾ ਪ੍ਰਤੀਕ ਬਣ ਗਿਆ ਹੈ। ‘ਸੀ.ਐੱਮ. ਦੀ ਯੋਗਸ਼ਾਲਾ’ ਯੋਜਨਾ ਤਹਿਤ ਪਹਿਲਾਂ ਹੀ ਸੈਂਕੜੇ ਮਾਹਿਰ ਯੋਗ ਅਧਿਆਪਕ ਜਿਲ੍ਹੇ ਭਰ ਦੇ ਮੁਹੱਲਿਆਂ, ਪਾਰਕਾਂ, ਸਕੂਲਾਂ ਅਤੇ ਸਮੂਹਕ ਥਾਵਾਂ ’ਤੇ ਮੁਫ਼ਤ ਯੋਗ ਕਲਾਸਾਂ ਚਲਾ ਰਹੇ ਹਨ। ਸਰਕਾਰ ਦਾ ਟੀਚਾ ਹੈ ‘ਹਰ ਘਰ ਤੱਕ ਯੋਗ, ਹਰ ਮਨ ਵਿੱਚ ਸਿਹਤ’ ਅਤੇ ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਜਨ-ਜਨ ਦਾ ਉਤਸਵ ਬਣਾਇਆ ਜਾ ਰਿਹਾ ਹੈ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਉਤਸਵ ਵਿੱਚ ਭਾਗ ਲੈਣ ਅਤੇ ਇਕ ਸਿਹਤਮੰਦ, ਮਜ਼ਬੂਤ ਅਤੇ ਜਾਗਰੂਕ ਪੰਜਾਬ ਦੀ ਨਿਰਮਾਣ ਵਿਚ ਆਪਣਾ ਸਰਗਰਮ ਯੋਗਦਾਨ ਪਾਉਣ।