ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਦਾ ਵਿਸ਼ੇਸ਼ ਮਹੱਤਵ : ਗੁਰਦਿੱਤ ਸਿੰਘ ਸੇਖੋਂ

ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਯੋਗ ਇਕ ਸਾਧਨਾ ਹੈ ਅਤੇ ਇਹ ਸਰੀਰਕ ਤੇ ਮਾਨਸਿਕ ਤੰਦਰੁਸਤੀ ਅਤੇ ਨਿਰੋਗੀ ਕਾਇਆ ਲਈ ਇਸਦਾ ਮਹੱਤਵਪੂਰਨ ਯੋਗਦਾਨ ਹੈ। ਅਸੀਂ ਬਿਨਾਂ ਕੁੱਝ ਖਰਚ ਕੀਤਿਆਂ ਯੋਗ ਵਿਧੀ ਰਾਹੀਂ ਆਪਣੇ ਤਨ ਨੂੰ ਰਿਸ਼ਟ-ਪੁਸ਼ਟ ਅਤੇ ਮਨ ’ਤੇ ਕਾਬੂ ਰੱਖ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਸਥਾਨਕ ਦਰਬਾਰ ਗੰਜ (ਰੈਸਟ ਹਾਊਸ) ਵਿਖੇ ਆਯੂਸ਼ ਵਿਭਾਗ, ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੀ ਐਮ ਦੀ ਯੋਗਸ਼ਾਲਾ ਤਹਿਤ ਆਯੋਜਿਤ ਗਿਆਰਵੇਂ ਅੰਤਰ-ਰਾਸ਼ਟਰੀ ਯੋਗਾ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਯੋਗ ਦਿਵਸ ਦੇ ਮੌਕੇ ਯੋਗ ਸਾਧਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਜਿਓਣ ਦੇ ਢੰਗ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਜੰਕ ਫੂਡ ਤੋਂ ਤੌਬਾ ਕਰਨੀ ਚਾਹੀਦੀ ਹੈ। ਸਾਨੂੰ ਬੈਠ ਕੇ ਕੰਮ ਕਰਨ ਦੀ ਆਦਤ ’ਚ ਸੁਧਾਰ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਆਪਣੇ ਘਰ ਹੀ ਕੀਤਾ ਜਾ ਸਕਦਾ ਹੈ ਜਦਕਿ ਹੋਰ ਕਸਰਤਾਂ ਲਈ ਜਿੰਮ ਜਾਂ ਗਰਾਊਂਡ ਆਦਿ ’ਚ ਜਾਣਾ ਪੈਂਦਾ ਹੈ। ਉਨ੍ਹਾਂ ਯੋਗ ਸਾਧਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਸਦੀਆਂ ਪੁਰਾਣੀ ਵਿਕਸਤ ਕਿਰਿਆ ਅਤੇ ਵਿਗਿਆਨਕ ਵਿਧੀ ਹੈ। ਉਨ੍ਹਾਂ ਕਿਹਾ ਕਿ ਯੋਗ ਆਸਣਾਂ ਨੂੰ ਅਪਣਾ ਕੇ ਅਨੇਕਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਸਰੀਰ ਨੂੰ ਰੋਗ ਮੁਕਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਯੁਵਾ ਪੀੜੀ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਯੋਗਾ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਵਿਧਾਇਕ ਸ. ਸੇਖੋਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਛਾਂਦਾਰ ਪੌਦੇ ਵੀ ਵੰਡੇ ਗਏ। ਇਸ ਮੌਕੇ ਸਹਾਇਕ ਕਮਿਸ਼ਨਰ ਜਨ. ਗੁਰਕਿਰਨ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਨਿਵੇਕਲੀ ਪਹਿਲ ਸੀ.ਐਮ ਦੀ ਯੋਗਸ਼ਾਲਾ ਤਹਿਤ ਫਰੀਦਕੋਟ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਹਜ਼ਾਰਾਂ ਵਸਨੀਕ ਲਾਭ ਉਠਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਮੁਹੱਲੇ, ਪਿੰਡ ਜਾ ਸ਼ਹਿਰ ਵਾਸੀਆਂ ਨੇ ਮੁਫ਼ਤ ਯੋਗ ਕਲਾਸਾਂ ਦਾ ਲਾਭ ਉਠਾਉਣਾ ਹੈ। ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਸੈਂਕੜੇ ਯੋਗ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਸਬੀਰ ਜੱਸੀ ਵੱਲੋਂ ਨਿਭਾਈ ਗਈ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਅਮਨਦੀਪ ਸਿੰਘ (ਬਾਬਾ), ਸਹਾਇਕ ਜਿਲ੍ਹਾ ਟਰਾਂਸਪੋਰਟ ਅਫ਼ਸਰ ਜਸਵਿੰਦਰ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ ਮੈਡਮ ਨੀਲਮ ਰਾਣੀ, ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਨਵਪ੍ਰੀਤ ਕੌਰ, ਸੀਨੀਅਰ ਫਿਜੀਸ਼ਨ ਡਾ.ਅਮੀਤਾ ਗੁਪਤਾ, ਡਾ. ਰੋਹਿਤ, ਡਾ. ਲਵਪ੍ਰੀਤ, ਡਾ. ਤਰੁਣ ਸ਼ਰਮਾ, ਮੈਡਮ ਦੀਪਕਾ ਖੋਸਲਾ, ਡਾ. ਅਮਰਪਾਲ ਸਿੰਘ, ਜਿਲ੍ਹਾ ਕੋਆਰਡੀਨੇਟਰ ਸੀ.ਐਮ ਯੋਗਸ਼ਾਲਾ ਮੈਡਮ ਨੇਹਾ ਆਰਿਆ, ਮਨੋਜ ਕੁਮਾਰ, ਸਮੂਹ ਯੋਗਸ਼ਾਲਾ ਸਮੂਹ ਟੀਮ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਅਤੇ ਭਾਰੀ ਗਿਣਤੀ ਵਿੱਚ ਯੋਗ ਸਾਧਕ ਮੌਜੂਦ ਸਨ।