ਕੈਪਟਨ ਹਰਕੇਸ਼ ਸਿੰਘ ਨੇ ਯੋਗਾ ਦੇ ਆਸਣਾਂ ਦਾ ਡੈਮੋ ਦਿੱਤਾ।
ਸੰਗਰੂਰ 23 ਜੂਨ ( ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਕੌਮਾਂਤਰੀ ਯੋਗ ਦਿਵਸ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਨਿਵੇਕਲੀਆਂ ਪੈੜਾਂ ਪਾਉਂਦੇ ਹੋਏ “ਯੋਗ ਅਤੇ ਮਾਨਸਿਕ ਸਿਹਤ” ਵਿਸ਼ੇ ਤੇ ਇੱਕ ਵਿਸ਼ਾਲ ਸੈਮੀਨਾਰ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਸੈਨਿਕ ਭਵਨ ਸੰਗਰੂਰ ਵਿਖੇ ਕਰਾਇਆ ਗਿਆ। ਮੁੱਖ ਵਕਤ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਉਦਘਾਟਨ ਪਵਨ ਹਰਚੰਦਪੁਰੀ ਪ੍ਰ.ਕੇਂ.ਪੰ.ਲੇ.ਸਭਾ (ਸੇਖੋਂ), ਮੁੱਖ ਮਹਿਮਾਨ ਮੇਘ ਰਾਜ ਸ਼ਰਮਾ ਬਠਿੰਡਾ, ਡਾ. ਭਗਵੰਤ ਸਿੰਘ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ। ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਰਛਪਾਲ ਸਿੰਘ ਗਿੱਲ ਨੂੰ ਸ਼ਰਧਾਂਜਲੀ ਉਪਰੰਤ ਆਰੰਭ ਹੋਏ ਸੈਮੀਨਾਰ ਦੇ ਪ੍ਰਯੋਜਨ ਬਾਰੇ ਗੱਲ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਭਗਵੰਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਦੁਨੀਆਂ ਆਪਣੀ ਜੀਵਨ ਸ਼ੈਲੀ ਦੇ ਕਾਰਨ ਤਨਾਅ ਵਿੱਚ ਹੈ। ਇਸ ਤੋਂ ਬਚਨ ਲਈ ਭਾਰਤੀ ਦਰਸ਼ਨ ਦਾ ਮੁੱਖ ਸ਼ਾਸਤਰ ਯੋਗ ਬਹੁਤ ਉਪਯੋਗੀ ਹੈ, ਕਿਉਂਕਿ ਇਸਦਾ ਵਿਸ਼ੇਸ਼ ਸ਼ਾਸਤਰਾਂ ਵਿੱਚ ਵਿਸ਼ੇਸ਼ ਸਥਾਨ ਹੈ। ਸੈਮੀਨਾਰ ਵਿੱਚ ਦੋ ਪੇਪਰ ਪੜ੍ਹੇ ਗਏ। ਡਾ. ਜਗਦੀਪ ਕੌਰ ਆਹੂਜਾ ਨੇ ਯੋਗ ਅਤੇ ਗੁਰਮਿਤ ਵਿਚਾਰਧਾਰਾ ਦੇ ਪ੍ਰਸੰਗ ਵਿੱਚ ਗੰਭੀਰ ਚਰਚਾ ਕੀਤੀ। ਅਮਰ ਗਰਗ ਕਲਮਦਾਨ ਨੇ ਕਿਹਾ ਕਿ ਯੋਗਸ਼ਾਸਤਰ ਦਾ ਮੁੱਖ ਘਾੜਾ ਸੰਖਿਆ ਦਰਸ਼ਨ ਹੈ। ਉਹਨੇ ਕਪਿਲ ਮੁਨੀ ਦੇ ਪ੍ਰਸੰਗ ਵਿੱਚ ਯੋਗ ਸ਼ਾਸਤਰ ਦੀ ਗੱਲ ਕੀਤੀ । ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ “ਅੱਜ ਪੱਛਮੀ ਸਰਮਾਏਦਾਰੀ ਦੇ ਖਪਤਕਾਰੀ ਸੱਭਿਆਚਾਰ ਦੀ ਚੂਹਾ ਦੌੜ ਵਿੱਚ ਫਸੇ ਮਨੁੱਖ ਲਈ ਆਪਣੇ ਮੂਲ ਤੋਂ ਟੁੱਟਣਾ ਮੁੱਖ ਚੁਣੌਤੀ ਤੇ ਸਮੱਸਿਆ ਬਣ ਗਿਆ ਹੈ। ਇਸ ਦੇ ਸਿੱਟੇ ਵਜੋਂ ਮਨੁੱਖ ਭੈਅ, ਚਿੰਤਾ ਅਤੇ ਅਸੁਰੱਖਿਆ ਦੀਆਂ ਭਾਵਨਾਵਾਂ ਦਾ ਸ਼ਿਕਾਰ ਹੋ ਗਿਆ ਹੈ। ਇਨ੍ਹਾਂ ਨਾਲ ਮਨੁੱਖ ਦਾ ਮਾਨਸਿਕ ਤਨਾਅ ਵਧ ਰਿਹਾ ਹੈ ਅਤੇ ਉਹ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੋ ਰਿਹਾ ਹੈ। ਇਨ੍ਹਾਂ ਮੁਲਾਮਤਾਂ ਦਾ ਹੱਲ ਆਪਣੇ ਮੂਲ ਨਾਲ ਜੁੜਨ ਵਿੱਚ ਹੈ। ਯੋਗਾ ਜਿਸਦਾ ਅਰਥ ਹੀ ਆਤਮਾ ਅਰਥਾਤ ਨਿੱਜੀ ਚੇਤਨਾ ਦਾ ਪ੍ਰਮਾਤਮਾ ਅਰਥਾਤ ਬ੍ਰਹਿਮੰਡੀ ਚੇਤਨਾ ਦਾ ਜੂੜਨਾ ਹੈ। ਇਸ ਜੋੜਨ ਦੀ ਪ੍ਰਕਿਰਿਆ ਵਿੱਚ ਯੋਗਾ ਸਹਾਈ ਹੋ ਸਕਦਾ ਹੈ। ਸਰਮਾਏਦਾਰੀ ਸਮਾਜ ਨੂੰ ਅਨੁਸ਼ਾਸਨਹੀਨਤਾ ਅਤੇ ਅਰਾਜਕਤਾ ਵੱਲ ਧੱਕਦੀ ਹੈ। ਯੋਗ ਦਾ ਆਪਣਾ ਇੱਕ ਅਨੁਸ਼ਾਸਨ ਹੈ, ਜਿਸਦਾ ਸਫਰ ਸਰੀਰਕ ਕਸਰਤ ਤੋਂ ਸ਼ੁਰੂ ਹੋ ਕੇ ਆਪਣੇ ਮਨ ਅਤੇ ਇੰਦਰੀਆਂ ਤੇ ਕਾਬੂ ਪਾ ਕੇ ਆਪਣੀ ਚੇਤਨਾ ਨੂੰ ਬ੍ਰਹਿਮੰਡੀ ਚੇਤਨਾ ਵਿੱਚ ਵਿਲੀਨ ਕਰਨ ਤੱਕ ਜਾਂਦਾ ਹੈ। ਗੁਰਬਾਣੀ ਵਿੱਚ ਯੋਗਾ ਤੇ ਚੇਤਨਾ ਬਾਰੇ ਪੱਖ ਤੇ ਜੋਰ ਦਿੱਤਾ ਗਿਆ ਹੈ। ਪ੍ਰੰਤੁ ਕੁੱਝ ਤਾਕਤਾਂ ਜੋ ਯੋਗਾ ਦਾ ਵਪਾਰੀਕਰਨ ਅਤੇ ਮੰਡੀਕਰਨ ਕਰਨਾ ਚਾਹੁੰਦੀਆਂ ਹਨ, ਸਿਰਫ ਯੋਗ ਦੇ ਸਰੀਰਕ ਪੱਖ ਜਿਵੇਂ ਆਸਣ ਅਤੇ ਪ੍ਰਾਣਾਯਾਮ ਆਦਿ ਤੇ ਹੀ ਜੋਰ ਦੇ ਰਹੀਆਂ ਹਨ। ਪ੍ਰੰਤੂ ਸਾਨੂੰ ਯੋਗਾ ਦੇ ਸਮੁੱਚੇ ਅਨੁਸ਼ਾਸਨ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਯੋਗਾ ਮਾਨਸਿਕ ਸਿਹਤ ਨੂੰ ਸੰਭਾਲਣ ਅਤੇ ਮਾਨਸਿਕ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਈ ਹੋ ਸਕੇ। ਪਵਨ ਹਰਚੰਦਪੁਰੀ ਨੇ ਯੋਗਾ ਦੇ ਸਿਧਾਂਤਕ ਪੱਖਾਂ ਬਾਰੇ ਗੱਲ ਕੀਤੀ। ਜਗਦੀਪ ਸਿੰਘ ਗੰਧਾਰਾ ਨੇ ਯੋਗਾ ਦੇ ਅੰਤਰਰਾਸ਼ਟਰੀ ਮਹੱਤਵ ਬਾਰੇ ਅੰਕੜੇ ਪੇਸ਼ ਕੀਤੇ। ਅਨੋਖ ਸਿੰਘ ਵਿਰਕ, ਡਾ. ਇਕਬਾਲ ਸਿੰਘ, ਕੁਲਵੰਤ ਕਸਕ ਨੇ ਯੋਗ ਦੇ ਵਿਭਿੰਨ ਪਹਿਲੂਆਂ ਬਾਰੇ ਵਿਚਾਰ ਪ੍ਰਸਤੁਤ ਕੀਤੇ। ਵਿਚਾਰ ਚਰਚਾ ਵਿੱਚ ਬਸ਼ੇਸ਼ਰ ਰਾਮ, ਦਲਬਾਰ ਸਿੰਘ ਚੱਠਾ, ਡਾ. ਰਾਜੀਵ ਪੁਰੀ, ਸੁਰਿੰਦਰਪਾਲ ਸਿੰਘ ਸਿਦਕੀ, ਮੀਤ ਸਕਰੌਦੀ, ਪਵਨ ਕੁਮਾਰ ਹੋਸ਼ੀ, ਮੇਘ ਰਾਜ ਸ਼ਰਮਾ ਬਠਿੰਡਾ ਨੇ ਭਾਗ ਲੈ ਕੇ ਇਸਦੀ ਉਪਯੋਗਤਾ ਨੂੰ ਸਿਖਰ ਤੇ ਪਹੁੰਚਾ ਦਿੱਤਾ। ਕੈਪਟਨ ਹਰਕੇਸ਼ ਸਿੰਘ ਨੇ ਯੋਗ ਦੇ ਵੱਖੋ ਵੱਖਰੇ ਆਸਣਾਂ ਦਾ ਪ੍ਰਦਰਸ਼ਨ ਕਰਕੇ ਤੰਦਰੁਸਤੀ ਲਈ ਸਰੋਤਿਆਂ ਤੇ ਦਰਸ਼ਕਾਂ ਨੂੰ ਜੀਵਨ ਸ਼ੈਲੀ ਦਾ ਅੰਗ ਬਣਾਉਣ ਲਈ ਪ੍ਰੇਰਿਆ। ਅਮਰਜੀਤ ਅਮਨ, ਹਰਵਿੰਦਰ, ਅਮਨਦੀਪ ਕੌਰ, ਸੁਰਿੰਦਰਪਾਲ ਸਿੰਘ ਸਿਦਕੀ, ਬਲਜਿੰਦਰ ਸਿੰਘ ਈਲਵਾਲ, ਗੁਲਜ਼ਾਰ ਸ਼ੌਂਕੀ, ਸਰਬਜੀਤ ਸੰਗਰੂਰ ਵੀ, ਜਸਵੰਤ ਸਿੰਘ ਅਸਮਾਨੀ, ਪਵਨ ਕੁਮਾਰ ਹੋਸ਼ੀ, ਮੀਤ ਸਕਰੌਦੀ, ਤੇਜ਼ ਪ੍ਰਤਾਪ ਸਿੰਘ, ਗੁਰਨਾਮ ਸਿੰਘ, ਤਾਰਾ ਸਿੰਘ, ਜਸਮੇਲ ਸਿੰਘ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਅਨੋਖ ਸਿੰਘ ਵਿਰਕ ਨੇ ਸਭ ਦਾ ਧੰਨਵਾਦ ਕੀਤਾ ਅਤੇ ਗੁਰਨਾਮ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਮੰਚ ਸੰਚਾਲਣਾ ਕੀਤੀ।
ਜਾਰੀ ਕਰਤਾ: ਮੋ. 98148—51500