ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਟੇ ਜਾਣ ਚਾਲਾਨ : ਡੀ.ਸੀ.
ਕਿਹਾ! ਈ-ਦਾਰ ਅਤੇ ਆਈ-ਦਾਰ ਪੋਰਟਲ ਸਬੰਧੀ ਦਿੱਤੀ ਗਈ ਟ੍ਰੇਨਿੰਗ
ਕੋਟਕਪੂਰਾ, 25 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲੇ ਵਿੱਚ ਸੜਕ ਸੁਰੱਖਿਆ ਸੰਬਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਜਿਲ੍ਹਾ ਰੋਡ ਸੇਫਟੀ ਕਮੇਟੀ ਅਤੇ ਸੇਫ ਸਕੂਲ ਵਾਹਨ ਸਕੀਮ ਸਬੰਧੀ ਜਾਇਜਾ ਲੈਣ ਲਈ ਮੀਟਿੰਗ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਪੂਰੀ ਕਰਵਾਉਣ ਲਈ ਸਖਤੀ ਵਰਤੀ ਜਾਵੇ। ਉਨ੍ਹਾਂ ਅਣਅਧਿਕਾਰਿਤ ਪਾਰਕਿੰਗ, ਵੱਧ ਸਪੀਡ, ਓਵਰ ਲੋਡ ਵਾਹਨਾਂ ਦੇ ਚਲਾਨ ਕੱਟਣ ਅਤੇ ਔਰਤਾਂ ਦੀ ਬੱਸਾਂ ਵਿੱਚ ਸੁਰੱਖਿਆ ਸਬੰਧੀ ਵਿਸਥਾਰ ਜਾਣਕਾਰੀ ਹਾਸਲ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਸੇਫ ਸਕੂਲ ਵਾਹਨ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਡਰਾਈਵਰਾਂ ਦੀ ਕਰਵਾਈ ਜਾਂਦੀ ਸਿਹਤ ਜਾਂਚ ਬਾਰੇ ਵੀ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਦੁਰਘਟਾਨਵਾਂ ਤੋਂ ਬਚਾਅ ਲਈ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਪਾਲਣਾ ਨਾ ਕਰਨ ਵਾਲਿਆਂ ਦੇ ਚਾਲਾਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਦੋ ਪਹੀਆਂ ਵਾਹਨ ਚਲਾਉਣ ਲਈ ਹੈਲਮਟ ਅਤੇ ਚਾਰ ਪਹੀਆਂ ਲਈ ਬੈਲਟ ਲਾਈ ਜਾਣੀ ਵੀ ਯਕੀਨੀ ਬਣਾਈ ਜਾਵੇ। ਇਸ ਮੌਕੇ ਰਿਜਨਲ ਟਰਾਂਸਪੋਰਟ ਅਫਸਰ ਮੈਡਮ ਹਰਜੋਤ ਕੌਰ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਵਾਇਆ ਕਿ ਜਿਲ੍ਹੇ ਵਿੱਚ ਸੜਕ ਸੁਰੱਖਿਆ ਨਿਯਮਾਂ ਦੀ ਸ਼ਖਤੀ ਨਾਲ ਪਾਲਣਾ ਕਰਵਾਈ ਜਾਵੇਗੀ ਅਤੇ ਸੇਫ ਸਕੂਲ ਪਾਲਿਸ ਤਹਿਤ ਸਮੇਂ ਸਮੇਂ ਤੇ ਸਕੂਲੀ ਬੱਸਾ/ਵੈਨਾਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ/ਕਰਮਚਾਰੀਆਂ ਨੂੰ ਈ-ਦਾਰ ਅਤੇ ਆਈ-ਦਾਰ ਪੋਰਟਲ ਸਬੰਧੀ ਟਰੇਨਿੰਗ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਕੈਸ਼ਲੈਂਸ ਟਰੀਟਮੈਂਟ ਸਕੀਮ ਸਬੰਧੀ ਵੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਐਸ.ਡੀ.ਐਮ. ਜੈਤੋ ਸੂਰਜ, ਜਿਲ੍ਹਾ ਮੈਡੀਕਲ ਅਫਸਰ ਡਾ. ਵਿਸ਼ਵਦੀਪ ਗੌਇਲ, ਜਿਲ੍ਹਾ ਸਿਖਿਆ ਅਫ਼ਸਰ ਸੈਕੰਡਰੀ ਮੈਡਮ ਨੀਲਮ ਰਾਣੀ, ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਜਨਾ ਕੌਸ਼ਲ, ਈ.ਓ. ਨਗਰ ਕੌਂਸਲ ਫਰੀਦਕੋਟ ਅੰਮ੍ਰਿਤ ਲਾਲ, ਨੱਥਾ ਸਿੰਘ ਬੀਡੀਪੀਓ ਫਰੀਦਕੋਟ, ਗੁਰਦਾਸ ਸਿੰਘ ਐਡੀਓ ਮੰਡੀ ਬੋਰਡ, ਡੀਐਸੀ ਸ਼ਮਸੇਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਵੀਨ ਕਾਲਾ ਐਨਜੀਓ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓ ਦੇ ਨੁਮਾਇੰਦੇ ਵੀ ਹਾਜ਼ਰ ਸਨ।