‘ਮੇਲਾ ਖੂਨਦਾਨੀਆਂ ਦਾ’ ਵਿੱਚ ਕੁਲਵਿੰਦਰ ਵਿਰਕ ਵੀ ਕਰਨਗੇ ਖੂਨਦਾਨ
ਕੋਟਕਪੂਰਾ, 27 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖ਼ੂਨਦਾਨ ਇੱਕ ਮਹਾਂਦਾਨ ਹੈ। ਇਸ ਨੂੰ ਸਭ ਦਾਨਾਂ ਤੋਂ ਉੱਤਮ ਦਾਨ ਮੰਨਿਆ ਗਿਆ ਹੈ। ਇੱਕ ਵਿਅਕਤੀ ਦੇ ਖ਼ੂਨਦਾਨ ਕਰਨ ਨਾਲ ਤਿੰਨ ਵਿਅਕਤੀਆਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਪੀਬੀਜੀ ਵੈਲਫ਼ੇਅਰ ਕਲੱਬ, ਕੋਟਕਪੂਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 29 ਜੂਨ, ਦਿਨ ਐਤਵਾਰ ਨੂੰ ਸੰਗਮ ਪੈਲੇਸ, ਕੋਟਕਪੂਰਾ ਵਿਖੇ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਮਿਸ਼ਨ 1313 ਨੂੰ ਮੁੱਖ ਰੱਖਦਿਆਂ ਲਾਏ ਜਾ ਰਹੇ ਇਸ ਕੈਂਪ ਵਿੱਚ ਕੁਦਰਤ ਦੀ ਅਨਮੋਲ ਦਾਤ ਖ਼ੂਨ ਨੂੰ ਦਾਨ ਕਰਨ ਵਾਲੇ ਚਾਹਵਾਨ ਵਿਅਕਤੀਆਂ ਨੂੰ ਪੰਜਾਬੀ ਦੇ ਉੱਘੇ ਲੇਖਕ ਅਤੇ ਅਧਿਆਪਕ ਕੁਲਵਿੰਦਰ ਵਿਰਕ ਵੱਲੋਂ ਸ਼ੁੱਧ ਪੰਜਾਬੀ ਦੀ ਸਿਖ਼ਲਾਈ ਦੇਣ ਲਈ ਇੱਕ ਦਸ-ਰੋਜ਼ਾ ਕੈਂਪ ਮੁਫ਼ਤ ਲਾਇਆ ਜਾਵੇਗਾ। ਇਹ ਸਿਖ਼ਲਾਈ-ਪ੍ਰੋਗਰਾਮ ਹਰ ਉਮਰ-ਵਰਗ ਦੇ ਵਿਅਕਤੀਆਂ ਲਈ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਉਹ ਖ਼ੁਦ ਵੀ 21 ਵਾਰ ਖ਼ੂਨਦਾਨ ਕਰ ਚੁੱਕੇ ਹਨ ਅਤੇ ਇਸ ਵਾਰ ਵੀ ਖ਼ੂਨਦਾਨ ਕਰਨ ਲਈ ਸੰਗਮ ਪੈਲੇਸ ਵਿਖੇ ਪਹੁੰਚਣਗੇ। ਉਹਨਾਂ ਕਿਹਾ ਕਿ ਅੱਜ ਪੰਜਾਬੀ ਭਾਸ਼ਾ ਦੇ ਸ਼ੁੱਧ ਸ਼ਬਦ-ਜੋੜਾਂ, ਵਿਆਕਰਨ, ਮਾਤਰਾਵਾਂ, ਧੁਨੀਆਂ ਆਦਿ ਨੂੰ ਸਿੱਖਣ ਅਤੇ ਸਿਖਾਉਣ ਦੀ ਸਖ਼ਤ ਜ਼ਰੂਰਤ ਹੈ। ਪੰਜਾਬੀ ਦੁਨੀਆਂ ਦੀਆਂ ਸਭ ਤੋਂ ਖ਼ੂਬਸੂਰਤ ਭਾਸ਼ਾਵਾਂ ਵਿੱਚੋਂ ਇੱਕ ਹੈ। ਅੱਜ ਅਧਿਆਪਕਾਂ, ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ ਵੀ ਬੇਹੱਦ ਲਾਜ਼ਮੀ ਹੈ ਕਿਉਂਕਿ ਆਪਣੀ ਭਾਸ਼ਾ ਅਤੇ ਸ਼ੁੱਧ ਵਿਆਕਰਨ ਨੂੰ ਸਿੱਖਣ ਦੇ ਨਾਲ-ਨਾਲ ਸਾਹਿਤ ਨਾਲ ਜੁੜ ਕੇ ਹੀ ਨਵੀਂ ਪੀੜ੍ਹੀ ਵਿੱਚ ਨੈਤਿਕ ਕਦਰਾਂ-ਕੀਮਤਾਂ, ਸੰਵੇਦਨਾ, ਇਖ਼ਲਾਕ ਅਤੇ ਅਨੁਸ਼ਾਸਨ ਦੀ ਭਾਵਨਾ ਭਰੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਗੁਰੂਆਂ, ਅਧਿਆਪਕਾਂ ਪੁਸਤਕਾਂ ਅਤੇ ਨਿੱਜੀ ਅਧਿਐਨ ਨਾਲ ਉਨ੍ਹਾਂ ਨੇ ਜਿੰਨਾ ਕੁ ਵੀ ਗਿਆਨ ਅਰਜਿਤ ਕੀਤਾ ਹੈ, ਉਸ ਨੂੰ ਅਗਲੀ ਪੀੜ੍ਹੀ ਅਤੇ ਚਾਹਵਾਨ ਲੋਕਾਂ ਤੱਕ ਪਹੁੰਚਾਉਣ ਲਈ ਪਿਛਲੇ ਕਈ ਵਰਿ੍ਹਆਂ ਤੋਂ ਉਪਰਾਲੇ ਕਰਦੇ ਆ ਰਹੇ ਹਨ। ਇਸ ਦਸ-ਰੋਜ਼ਾ ਸਿਖ਼ਲਾਈ ਪ੍ਰੋਗਰਾਮ ਦੌਰਾਨ ਕਿਸੇ ਵੀ ਉਮਰ ਦੇ ਵਿਅਕਤੀ ਭਾਗ ਲੈ ਕੇ ਆਪਣੀ ਪੰਜਾਬੀ ਭਾਸ਼ਾ ਅਤੇ ਸ਼ਬਦ-ਜੋੜਾਂ ਨੂੰ ਸੁਧਾਰ ਸਕਦੇ ਹਨ।