ਓ.ਪੀ.ਡੀ. ਵਿਭਾਗ ਦੇ ਗੇਟ ’ਤੇ ਧਰਨਾਂ ਲਾ ਕੇ ਕੀਤਾ ਰੋਸ ਪ੍ਰਦਰਸ਼ਨ
ਡਾਕਟਰਾਂ ਨੂੰ ਮਿਲਣ ਵਾਲੇ ਮਾਣ ਭੱਤੇ (ਸਟਾਈਫਨ) ਵਿਚ ਵਾਧੇ ਦੀ ਕਰ ਰਹੇ ਹਨ ਮੰਗ

ਕੋਟਕਪੂਰਾ, 27 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿੱਚ ਸੇਵਾਵਾਂ ਨਿਭਾਅ ਰਹੇ ਮੈਡੀਕਲ ਦੇ ਇੰਟਰਨਸ਼ਿਪ ਅਤੇ ਰੈਜ਼ੀਡੈਂਟ ਡਾਕਟਰਾਂ ਵਲੋਂ ਆਪਣੇ ਮਾਨਭੱਤੇ (ਸਟਾਈਫਨ) ਵਿਚ ਵਾਧੇ ਦੀ ਮੰਗ ਨੂੰ ਲੈ ਕੇ ਅੱਜ ਓ.ਪੀ.ਡੀ. ਸੇਵਾਵਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣਾ ਮਾਣਭੱਤਾ ਗੁਆਂਢੀ ਰਾਜਾਂ ਦੀ ਤਰਜ਼ ’ਤੇ ਵਧਾਏ ਜਾਣ ਦੀ ਮੰਗ ਕੀਤੀ ਗਈ। ਰੈਜ਼ੀਡੈਂਟ ਅਤੇ ਇੰਟਰਨਸ਼ਿਪ ਡਾਕਟਰਾਂ ਦੀ ਹੜਤਾਲ ਕਾਰਨ ਬਾਹਰੋਂ ਮੈਡੀਕਲ ਚੈੱਕਅੱਪ ਕਰਵਾਉਣ ਆਉਣ ਵਾਲੇ ਮਰੀਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਮੁਕੰਮਲ ਬੰਦ ਰਹੀਆਂ, ਸਿਰਫ ਐਮਰਜੈਂਸੀ ਸੇਵਾਵਾਂ ਹੀ ਚਾਲੂ ਸਨ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਪਿਛਲੇ ਕਰੀਬ 3 ਸਾਲਾਂ ਤੋਂ ਮੈਡੀਕਲ ਦੇ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਜੋ ਹਰ ਸਾਲ 10 ਪ੍ਰਤੀਸ਼ਤ ਵਧਦਾ ਹੈ, ਪਰ ਇਸ ਸਮੇਂ ਦੌਰਾਨ ਰੈਜ਼ੀਡੈਂਟ ਡਾਕਟਰਾਂ ਅਤੇ ਇੰਟਰਨਸ਼ਿਪ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਮਾਣਭੱਤਾ (ਸਟਾਈਫਨ) ਨਹੀਂ ਵਧਾਇਆ ਗਿਆ। ਉਹਨਾਂ ਕਿਹਾ ਕਿ ਨਾਲ ਲੱਗਦੇ ਰਾਜਾਂ ਵਿੱਚ ਰੈਜ਼ੀਡੈਂਟ ਡਾਕਟਰਾਂ ਨੂੰ 80 ਹਜਾਰ ਤੋਂ 1 ਲੱਖ ਰੁਪਏ ਤੱਕ ਅਤੇ ਇੰਟਰਨਸ਼ਿਪ ਵਿਦਿਆਰਥੀਆਂ ਨੂੰ 27 ਹਜਾਰ ਰੁਪਏ ਤੋਂ ਵੱਧ ਸਟਾਈਫਨ ਦਿੱਤਾ ਜਾ ਰਿਹਾ ਪਰ ਉਹਨਾਂ ਨੂੰ ਬਹੁਤ ਘੱਟ ਇੰਟਰਨਸ਼ਿਪ ਨੂੰ ਮਹਿਜ਼ 16/17 ਹਜਾਰ ਰੁਪਏ ਅਤੇ ਰੈਜ਼ੀਡੈਂਟ ਡਾਕਟਰਾਂ ਨੂੰ ਮਹਿਜ਼ 67 ਹਜਾਰ ਰੁਪਏ ਸਟਾਈਫਨ ਦਿੱਤਾ ਜਾ ਰਿਹਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਿਸ ਤਰਾਂ ਉਹਨਾਂ ਦੀਆਂ ਫੀਸਾਂ ਲਗਾਤਾਰ ਵਧਾਈਆਂ ਜਾਂਦੀਆਂ, ਉਸੇ ਤਰ੍ਹਾਂ ਉਹਨਾਂ ਦਾ ਸਟਾਈਫਨ ਵੀ ਵਧਾਇਆ ਜਾਵੇ। ਉਹਨਾ ਕਿਹਾ ਕਿ ਇਸ ਸਬੰਧੀ ਉਹਨਾਂ ਯੂਨੀਵਰਸਟੀ ਅਤੇ ਮੈਡੀਕਲ ਦੇ ਉਚ ਅਧਿਕਾਰੀਆਂ ਨੂੰ ਆਪਣੇ ਮੰਗ ਪੱਤਰ ਭੇਜੇ ਹੋਏ ਹਨ। ਉਹਨਾਂ ਕਿਹਾ ਕਿ ਅੱਜ ਉਹਨਾਂ ਵਲੋਂ ਸੰਘਰਸ਼ ਸ਼ੁਰੂ ਕੀਤਾ ਗਿਆ, ਜੇਕਰ ਪ੍ਰਸ਼ਾਸ਼ਨ ਵਲੋਂ ਉਹਨਾਂ ਦੀਆਂ ਮੰਗਾਂ ਸਬੰਧੀ ਕੋਈ ਸਾਰਥਿਕ ਭਰੋਸਾ ਨਹੀਂ ਮਿਲਦਾ ਤਾਂ ਉਹਨਾਂ ਦਾ ਸੰਘਰਸ਼ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।