2 ਨਸ਼ਾ ਤਸਕਰ ਗ੍ਰਿਫ਼ਤਾਰ, ਤਲਾਸ਼ੀ ਦੌਰਾਨ ਕਾਰ ’ਚੋਂ 50 ਗ੍ਰਾਮ ਹੈਰੋਇਨ ਅਤੇ 80 ਹਜ਼ਾਰ ਡਰੱਗ ਮਨੀ ਬਰਾਮਦ
ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੇ ਨਿਰਦੇਸ਼ਾਂ ਅਧੀਨ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆਂ ਥਾਣਾ ਸਿਟੀ ਕੋਟਕਪੂਰਾ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾ ਪਾਸੋ 50 ਗ੍ਰਾਮ ਹੈਰੋਇਨ ਅਤੇ 80 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਜਤਿੰਦਰ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਖੁਸ਼ਪ੍ਰੀਤ ਸਿੰਘ ਉਰਫ ਗੋਲੂ ਅਤੇ ਵਿਸ਼ਾਲ ਕੁਮਾਰ ਉਰਫ ਸ਼ਾਲੂ ਵਜੋ ਹੋਈ ਹੈ, ਦੋਵੇ ਦੋਸ਼ੀ ਕੋਟਕਪੂਰਾ ਦੇ ਮੁਹੱਲਾ ਸੁਰਗਾਪੁਰੀ ਇਲਾਕੇ ਨਾਲ ਸਬੰਧ ਰੱਖਦੇ ਹਨ। ਪੁਲਿਸ ਟੀਮਾਂ ਨੇ ਦੋਸ਼ੀਆਂ ਪਾਸੋ 1 ਹਾਡਾ ਸਿਟੀ ਕਾਰ ਵੀ ਬਰਾਮਦ ਕੀਤੀ ਗਈ ਹੈ। ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਮਿਤੀ 30.06.2025 ਨੂੰ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਬਠਿੰਡਾ ਰੋਡ ਤੋ ਦਾਣਾ ਮੰਡੀ ਦੀ ਬੈਕਸਾਈਡ ਜਾਦੀ ਸੜਕ ਪਰ ਜਾ ਰਹੇ ਸੀ ਤਾਂ ਸਾਹਮਣੇ ਤੋ 01 ਹਾਂਡਾ ਸਿਟੀ ਕਾਰ ਰੰਗ ਚਿੱਟਾ ਨੰਬਰੀ ਡੀ.ਐੱਲ.-ਸੀ.ਸੀ.ਏ.ਜੈੱਡ 9900 ਆਉਦੀ ਦਿਖਾਈ ਦਿੱਤੀ, ਜਿਸ ਨੂੰ ਲਾਈਟਾ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਨੂੰ ਤੇਜ ਕਰ ਲਿਆ, ਜਿਸ ਤੇ ਪੁਲਿਸ ਪਾਰਟੀ ਨੇ ਉਸ਼ ਕਾਰ ਦਾ ਪਿੱਛਾ ਕਰਕੇ ਸਰਕਾਰੀ ਗੱਡੀ ਅੱਗੇ ਲਗਾ ਕੇ ਉਸ ਨੂੰ ਰੋਕ ਲਿਆ, ਜਿਸ ਤੇ ਸ਼ੱਕ ਦੀ ਬਿਨਾਹ ਪਰ ਦੋਸ਼ੀਆ ਦੀ ਤਲਾਸ਼ੀ ਕੀਤੀ ਤਾਂ ਕਾਰ ਦੇ ਡੈਸ਼ਬੋਰਡ ਵਿੱਚੋ 50 ਗ੍ਰਾਮ ਹੈਰੋਇਨ ਅਤੇ 80 ਹਜਾਰ ਰੁਪਏ ਡਰੱਗ ਮਨੀ ਬਰਾਮਦ ਹੋਈ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 159 ਮਿਤੀ 30.06.2025 ਅਧੀਨ ਧਾਰਾ 21(ਬੀ)/61/85 ਐਨ.ਡੀ.ਪੀ.ਐਸ. ਐਕਟ ਦਰਜ ਰਜਿਸਟਰ ਕੀਤਾ ਗਿਆ ਹੈ। ਉਹਨਾ ਅੱਗੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰ ਨਸ਼ੇ ਦੀ ਤਸਕਰੀ ਲਈ ਵਾਹਨਾਂ, ਖ਼ਾਸ ਕਰਕੇ ਕਾਰਾਂ ਦੀ ਵਰਤੋਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਮਾਮਲਾ ਕੋਈ ਇਕੱਲਾ ਘਟਨਾ ਨਹੀਂ, ਕਿਉਂਕਿ ਫਰੀਦਕੋਟ ਪੁਲਿਸ ਨੇ ਹਾਲ ਹੀ ’ਚ ਹੋਰ ਵੀ ਕਈ ਅਜਿਹੇ ਕੇਸਾਂ ਵਿੱਚ ਦੋਸ਼ੀਆਂ ਨੂੰ ਕਾਰਾਂ ਸਮੇਤ ਕਾਬੂ ਕੀਤਾ ਹੈ। ਇਹ ਸਾਫ਼ ਦਰਸਾਉਂਦਾ ਹੈ ਕਿ ਨਸ਼ਾ ਤਸਕਰ ਵਾਹਨਾਂ ਦੀ ਆੜ ਲੈ ਕੇ ਤਸਕਰੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੁਲਿਸ ਉਹਨਾਂ ਦੀ ਹਰ ਚਾਲ ’ਤੇ ਪੈਨੀ ਨਿਗਾਹ ਰੱਖਦੇ ਹੋਏ ਅਜਿਹੀਆਂ ਗਤੀਵਿਧੀਆਂ ਨੂੰ ਨਾਕਾਮ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਤਫਤੀਸ਼ ਦੌਰਾਨ ਜਦ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਦੋਸ਼ੀ ਖੁਸ਼ਪ੍ਰੀਤ ਸਿੰਘ ਉਰਫ ਗੋਲੂ ਦਾ ਪਿਛੋਕੜ ਕ੍ਰਿਮੀਨਲ ਹੈ, ਉਸ ਖਿਲਾਫ ਕਤਲ ਦੀ ਕੋਸ਼ਿਸ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਹਨਾ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਇਸ ਤੋ ਇਲਾਵਾ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਮੌਜੂਦ ਨੈਟਵਰਕ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਦੀ ਤਸਕਰੀ ਸਬੰਧੀ ਜਾਣਕਾਰੀ ਮਿਲਣ ’ਤੇ ਪੁਲਿਸ ਨੂੰ ਸੂਚਨਾ ਦੇਣ, ਤਾਂ ਜੋ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।